ਇਸਲਾਮਾਬਾਦ: ਪਾਕਿਸਤਾਨ ਨੂੰ ਭਾਰਤ ਵੱਲੋਂ ਜੰਗ ਸ਼ੁਰੂ ਕਰਨ ਦਾ ਡਰ ਸਤਾ ਰਿਹਾ ਹੈ। ਇਸ ਨੂੰ ਲੈ ਕੇ ਪਾਕਿਸਤਾਨ ਨੇ ਸੰਯੁਕਤ ਰਾਸ਼ਟਰ ਨੂੰ ਚਿੱਠੀ ਵੀ ਲਿਖੀ ਹੈ। ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਵੀ ਖ਼ਦਸ਼ਾ ਪ੍ਰਗਟਾਇਆ ਕਿ ਭਾਰਤ ਵੱਲੋਂ ਆਪਣੇ ਘਰੇਲੂ ਹਾਲਾਤ ਤੋਂ ਧਿਆਨ ਲਾਂਭੇ ਕਰਨ ਲਈ ਉਨ੍ਹਾਂ ਦੇ ਮੁਲਕ ਖ਼ਿਲਾਫ਼ ‘ਝੂਠੀ ਵੱਡੀ ਕਾਰਵਾਈ’ ਕੀਤੀ ਜਾ ਸਕਦੀ ਹੈ। ਇਸ ਦੇ ਨਾਲ ਹੀ ਇਮਰਾਨ ਨੇ ਚਿਤਾਵਨੀ ਦਿੱਤੀ ਕਿ ਅਜਿਹੀ ਕਿਸੇ ਵੀ ਕਾਰਵਾਈ ਦਾ ਉਨ੍ਹਾਂ ਵੱਲੋਂ ਮੂੰਹ-ਤੋੜ ਜਵਾਬ ਦਿੱਤਾ ਜਾਵੇਗਾ।
ਇਮਰਾਨ ਖਾਨ ਨੇ ਕਈ ਟਵੀਟ ਕਰਦਿਆਂ ਕਿਹਾ ਕਿ ‘ਫਾਸ਼ੀਵਾਦੀ ਵਿਚਾਰਧਾਰਾ’ ਵਾਲੀ ਮੋਦੀ ਸਰਕਾਰ ਦੀ ਅਗਵਾਈ ਹੇਠ ਭਾਰਤ ‘ਹਿੰਦੂ ਰਾਸ਼ਟਰ’ ਬਣਨ ਵੱਲ ਵਧ ਰਿਹਾ ਹੈ। ਇਸ ਤੋਂ ਪਹਿਲਾਂ ਪਾਕਿਸਤਾਨ ਨੇ ਦਾਅਵਾ ਕੀਤਾ ਸੀ ਕਿ ਭਾਰਤ ਨੇ ਸਰਹੱਦ ‘ਤੇ ਮਿਜ਼ਾਈਲਾਂ ਬੀੜ ਦਿੱਤੀਆਂ ਹਨ। ਇਸ ਲਈ ਗੁਆਂਢੀ ਮੁਲਕ ਦੇ ਇਰਾਦੇ ਨੇਕ ਨਹੀਂ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਨੂੰ ਪੱਤਰ ਲਿਖ ਕੇ ਦਾਅਵਾ ਕੀਤਾ ਸੀ ਕਿ ਭਾਰਤ ਨੇ ਵੱਖ-ਵੱਖ ਤਰ੍ਹਾਂ ਦੀਆਂ ਮਿਜ਼ਾਈਲਾਂ ਦੇ ਪ੍ਰੀਖਣ ਕਰਦਿਆਂ ਸਰਹੱਦ ’ਤੇ ਉਨ੍ਹਾਂ ਨੂੰ ਬੀੜ ਦਿੱਤਾ ਹੈ।
ਦਰਅਸਲ ਭਾਰਤ-ਪਾਕਿ ਸਰਹੱਦ ‘ਤੇ ਮੁੜ ਤਣਾਅ ਵਧਣ ਦਾ ਸੰਕੇਤ ਭਾਰਤ ਨੇ ਵੀ ਦਿੱਤੀ ਹੈ। ਭਾਰਤੀ ਫ਼ੌਜ ਦੇ ਮੁਖੀ ਜਨਰਲ ਬਿਪਿਨ ਰਾਵਤ ਨੇ ਕਿਹਾ ਹੈ ਕਿ ਕੰਟਰੋਲ ਰੇਖਾ ਦੇ ਨਾਲ ਹਾਲਾਤ ਕਦੇ ਵੀ ਵਿਗੜ ਸਕਦੇ ਹਨ। ਦੇਸ਼ ਨੂੰ ਇਸ ਲਈ ਤਿਆਰ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵੱਲੋਂ ਲਗਾਤਾਰ ਗੋਲੀਬੰਦੀ ਦੀ ਉਲੰਘਣਾ ਕੀਤੀ ਜਾ ਰਹੀ ਹੈ। ਪਾਕਿਸਤਾਨ ਨੇ ਅਗਸਤ ਤੋਂ ਅਕਤੂਬਰ ਤੱਕ 950 ਵਾਰ ਗੋਲੀਬੰਦੀ ਦੀ ਉਲੰਘਣਾ ਕੀਤੀ ਹੈ।