ਮੋਹਾਲੀ ਤੋਂ ਬਾਅਦ ਹੁਣ ਲੁਧਿਆਣਾ ਵਿਚ ਕਈ ਥਾਈਂ ਨਵਜੋਤ ਸਿੰਘ ਸਿੱਧੂ ਖ਼ਿਲਾਫ਼ ਪੋਸਟਰ ਲਗਾਏ ਗਏ ਹਨ। ਪੋਸਟਰਾਂ ‘ਚ ਸਿੱਧੂ ਤੋਂ ਸਵਾਲ ਕੀਤੇ ਗਏ ਹਨ ਕਿ ਅਸਤੀਫ਼ਾ ਕਦੋਂ ਦਿਓਗੇ ਅਤੇ ਰਾਜਨੀਤੀ ਕਦੋਂ ਛੱਡ ਰਹੇ ਹੋ। ਇਸ ਤੋਂ ਇਲਾਵਾ ਰਾਹੁਲ ਵੱਲੋਂ ਲੋਕ ਸਭਾ ਚੋਣਾਂ ਦੌਰਾਨ ਅਮੇਠੀ ‘ਚ ਕੀਤੇ ਦਾਅਵੇ ਨੂੰ ਵੀ ਇਨ੍ਹਾਂ ਪੋਸਟਰਾਂ ਦਾ ਆਧਾਰ ਮੰਨਿਆ ਜਾ ਰਿਹਾ ਹੈ।
ਸ਼ੁੱਕਰਵਾਰ ਨੂੰ ਸਿੱਧੂ ਖ਼ਿਲਾਫ਼ ਮੋਹਾਲੀ ਅਤੇ ਆਲੇ-ਦੁਆਲੇ ਦੀਆਂ ਕਈ ਜਨਤਕ ਥਾਵਾਂ ‘ਤੇ ਪੋਸਟਰ ਲਗਾਏ ਗਏ ਹਨ। ਪੋਸਟਰ ਲਗਾਉਣ ਵਾਲਿਆਂ ਨੇ ਸਿੱਧੂ ਕੋਲੋਂ ਪੁੱਛਿਆ ਹੈ ਕਿ ਉਹ ਅਸਤੀਫ਼ਾ ਕਦੋਂ ਦੇ ਰਹੇ ਹਨ। ਸਿੱਧੂ ਖ਼ਿਲਾਫ਼ ਪੋਸਟਰ ਲਗਾਉਣ ਦੀ ਸੂਚਨਾ ਮਿਲਦੇ ਹੀ ਹਰਕਤ ‘ਚ ਆਏ ਨਗਰ ਨਿਗਮ ਨੇ ਪੋਸਟਰ ਉਤਰਵਾਉਣੇ ਸ਼ੁਰੂ ਕਰ ਦਿੱਤੇ ਸਨ। ਅੰਗਰੇਜ਼ੀ ਅਤੇ ਪੰਜਾਬੀ ਭਾਸ਼ਾ ‘ਚ ਲੱਗੇ ਇਨ੍ਹਾਂ ਪੋਸਟਰਾਂ ‘ਤੇ ਸਿੱਧੂ ਦੇ ਭਾਸ਼ਣ ਦਿੰਦਿਆਂ ਦੀ ਇਕ ਫੋਟੋ ਲਗਾਈ ਗਈ ਸੀ।
ਇਨ੍ਹਾਂ ਪੋਸਟਰਾਂ ‘ਚ ਸਿੱਧੂ ਵੱਲੋਂ ਹਾਲ ਹੀ ‘ਚ ਲੋਕ ਸਭਾ ਚੋਣਾਂ ਦੌਰਾਨ ਅਮੇਠੀ ‘ਚ ਚੋਣ ਰੈਲੀ ਦੌਰਾਨ ਦਿੱਤੇ ਗਏ ਬਿਆਨ ਦਾ ਹਵਾਲਾ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਸਿੱਧੂ ਨੇ ਕਿਹਾ ਸੀ, ‘ਜੇਕਰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਮੇਠੀ ਤੋਂ ਹਾਰ ਗਏ ਤਾਂ ਮੈਂ ਰਾਜਨੀਤੀ ਛੱਡ ਦਿਆਂਗਾ।’ ਰਾਹੁਲ ਗਾਂਧੀ ਦੇ ਸਮ੍ਰਿਤੀ ਇਰਾਨੀ ਤੋਂ ਚੋਣ ਹਾਰ ਜਾਣ ਮਗਰੋਂ ਸਿੱਧੂ ਨਿਸ਼ਾਨੇ ‘ਤੇ ਆ ਗਏ ਸਨ।