ਬਰਨਾਲਾ: ਸਿੱਧੂ ਮੂਸੇਵਾਲਾ ‘ਤੇ ਵਿਵਾਦ ਬੀਤੇ ਕੁਝ ਸਮੇਂ ਤੋਂ ਇੱਕੋ ਰਾਹ ‘ਤੇ ਚੱਲਦੇ ਦਿਖਾਈ ਦੇ ਰਹੇ ਹਨ। ਸਿੱਧੂ ਮੂਸੇਵਾਲਾ ਵੱਲੋਂ ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਪੱਤਰਕਾਰਾਂ ਵਿਰੁੱਧ ਭੱਦੀ ਸ਼ਬਦਾਵਲੀ ਵਰਤੀ ਗਈ ਸੀ। ਇਸ ਤੋਂ ਬਾਅਦ ਅੱਜ ਬਰਨਾਲਾ ਦੇ ਪੱਤਰਕਾਰ ਭਾਈਚਾਰੇ ਵੱਲੋਂ ਵਿਰੋਧ ‘ਚ ਰੋਸ ਮਾਰਚ ਕੀਤਾ ਗਿਆ ਤੇ ਐਸਐਸਪੀ ਬਰਨਾਲਾ ਨੂੰ ਮੰਗ ਪੱਤਰ ਸੌਂਪ ਕੇ ਕਾਰਵਾਈ ਦੀ ਮੰਗ ਕੀਤੀ ਗਈ।
ਇਸ ਮੌਕੇ ਪੱਤਰਕਾਰਾਂ ਨੇ ਪੁਲਿਸ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਸਿੱਧੂ ਮੂਸੇਵਾਲਾ ‘ਤੇ ਪਰਚਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਜ਼ਿਲ੍ਹੇ ਦੀ ਸਮੂਹ ਪ੍ਰੈੱਸ ਵੱਲੋਂ ਬਰਨਾਲਾ ਪੁਲਿਸ ਪ੍ਰਸ਼ਾਸਨ ਦਾ ਬਾਈਕਾਟ ਕੀਤਾ ਜਾਵੇਗਾ। ਇਸ ਮੌਕੇ ਬਰਨਾਲਾ ਪ੍ਰੈੱਸ ਕਲੱਬ ਦੇ ਅਹੁਦੇਦਾਰਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਗਾਇਕ ਸਿੱਧੂ ਮੂਸੇਵਾਲਾ ਵੱਲੋਂ ਕੋਰੋਨਾਵਾਇਰਸ ਦੇ ਲੌਕਡਾਊਨ ਦੌਰਾਨ ਨਿਯਮਾਂ ਦਾ ਉਲੰਘਣ ਕਰਕੇ ਜ਼ਿਲ੍ਹੇ ਵਿੱਚ ਫਾਇਰਿੰਗ ਕੀਤੀ ਗਈ ਸੀ। ਇਸ ਸਬੰਧੀ ਬਰਨਾਲਾ ਪੁਲਿਸ ਵੱਲੋਂ ਅਸਲਾ ਐਕਟ ਵਰਗੀਆਂ ਸੰਗੀਨ ਧਰਾਵਾਂ ਤਹਿਤ ਸਿੱਧੂ ਮੂਸੇ ਵਾਲੇ ‘ਤੇ ਪਰਚਾ ਦਰਜ ਕੀਤਾ ਹੋਇਆ ਹੈ।
ਬੀਤੇ ਦਿਨੀਂ ਸਿੱਧੂ ਨੂੰ ਬਰਨਾਲਾ ਪੁਲਿਸ ਵੱਲੋਂ ਨੋਟਿਸ ਜਾਰੀ ਕਰਕੇ ਬੁਲਾਇਆ ਗਿਆ ਸੀ, ਪਰ ਗਾਇਕ ਨੋਟਿਸ ਦੇਣ ਦੇ ਬਾਵਜੂਦ ਬਰਨਾਲਾ ਪੁਲਿਸ ਕੋਲ ਨਹੀਂ ਪਹੁੰਚਿਆ। ਜਿਸ ਦੀ ਬਰਨਾਲਾ ਦੀ ਸਮੂਹ ਪ੍ਰੈੱਸ ਵੱਲੋਂ ਕਵਰੇਜ ਕੀਤੀ ਗਈ ਸੀ। ਇਸ ਤੋਂ ਬਾਅਦ ਸਿੱਧੂ ਮੂਸੇਵਾਲਾ ਨੇ ਆਪਣੇ ਸੋਸ਼ਲ ਅਕਾਊਂਟ ‘ਤੇ ਲਾਈਵ ਹੋ ਕੇ ਪੱਤਰਕਾਰਾਂ ਲਈ ਭੱਦੀ ਸ਼ਬਦਾਵਲੀ ਵਰਤੀ ਤੇ ਪੱਤਰਕਾਰਾਂ ਨੂੰ ਸੋਧਾ ਲਾਉਣ ਤੱਕ ਦੀਆਂ ਧਮਕੀਆਂ ਦਿੱਤੀਆਂ।