ਹੁਣ MCC ਦਾ ਬਦਲੇਗਾ 233 ਸਾਲ ਦਾ ਇਤਿਹਾਸ, ਕਲੇਅਰ ਕੋਨੋਰ ਬਣੇਗੀ ਪਹਿਲੀ ਮਹਿਲਾ ਪ੍ਰਧਾਨ:ਲੰਡਨ : ਮੇਰੀਲਬੋਨ ਕ੍ਰਿਕਟ ਕਲੱਬ ਭਾਵ MCC ਦਾ 233 ਸਾਲ ਤੋਂ ਪੁਰਾਣਾ ਇਤਿਹਾਸ ਹੁਣ ਬਦਲਣ ਜਾ ਰਿਹਾ ਹੈ ,ਕਿਉਂਕਿ ਇੰਗਲੈਂਡ ਦੀ ਮਹਿਲਾ ਟੀਮ ਦੀ ਸਾਬਕਾ ਕਪਤਾਨ ਕਲੇਅਰ ਕੋਨੋਰ ਹੁਣ ਮੇਰੀਲਬੋਨ ਕ੍ਰਿਕਟ ਕਲੱਬ (ਐੱਮ.ਸੀ.ਸੀ.) ਦੇ 233 ਸਾਲ ਦੇ ਇਤਿਹਾਸ ‘ਚ ਪਹਿਲੀ ਮਹਿਲਾ ਪ੍ਰਧਾਨ ਬਣਨ ਜਾ ਰਹੀ ਹੈ। ਉਹ ਸ੍ਰੀਲੰਕਾ ਦੇ ਕੁਮਾਰ ਸੰਗਕਾਰਾ ਦੀ ਥਾਂ ਲਵੇਗੀ।
ਦਰਅਸਲ ‘ਚ ਲੰਡਨ ਵਿਚ ਸਥਿਤ ਐਮਸੀਸੀ ਕ੍ਰਿਕਟ ਕਲੱਬ ਦੀ ਸਥਾਪਨਾ 1787 ਵਿਚ ਕੀਤੀ ਗਈ ਸੀ। ਇਸ ਕਲੱਬ ਨੂੰ ਬਣੇ 233 ਸਾਲ ਹੋ ਗਏ ਹਨ ਪਰ ਪਹਿਲੀ ਵਾਰ ਕਿਸੇ ਮਹਿਲਾ ਨੂੰ ਐਮਸੀਸੀ ਦਾ ਪ੍ਰਧਾਨ ਬਣਾਇਆ ਜਾ ਰਿਹਾ ਹੈ। ਹਾਲਾਂਕਿ ਇਹ ਅਹੁਦੇ ਨੂੰ ਸੰਭਾਲਣ ਲਈ ਕਲੇਅਰ ਕੋਨੋਰ ਨੂੰ ਅਜੇ ਇਕ ਸਾਲ ਤੋਂ ਜ਼ਿਆਦਾ ਸਮੇਂ ਦਾ ਇੰਤਜ਼ਾਰ ਕਰਨਾ ਪਵੇਗਾ।
ਇੰਗਲੈਂਡ ਅਤੇ ਵੇਲਸ ਕ੍ਰਿਕਟ ਬੋਰਡ ਵਿਚ ਮਹਿਲਾ ਕ੍ਰਿਕਟ ਦੀ ਪ੍ਰਬੰਧ ਨਿਰਦੇਸ਼ਕ ਕਲੇਅਰ ਕੋਨੋਰ ਦੀ ਨਾਮਜ਼ਦਗੀ ਦਾ ਐਲਾਨ ਖੁਦ ਕੁਮਾਰ ਸੰਗਕਾਰਾ ਨੇ ਕੀਤਾ ਹੈ। (Clare Connor ) ਕਲੇਅਰ ਕੋਰੋਨਾ ਅਗਲੇ ਸਾਲ ਅਕਤੂਬਰ ਵਿਚ ਕੁਮਾਰ ਸੰਗਕਾਰਾ ਦੀ ਥਾਂ ਲਵੇਗੀ, ਜੋ ਮੌਜੂਦਾ ਸਮੇਂ ਐਮਸੀਸੀ ਦੇ ਪ੍ਰਧਾਨ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਐਮਸੀਸੀ ਦੇ ਮੈਂਬਰਾਂ ਦੀ ਮਨਜ਼ੂਰੀ ਮਿਲਣੀ ਜ਼ਰੂਰੀ ਹੈ।
ਕੁਮਾਰ ਸੰਗਕਾਰਾ ਦਾ ਕਾਰਜਕਾਲ ਇਸੇ ਸਾਲ ਖ਼ਤਮ ਹੋ ਰਿਹਾ ਸੀ ਪਰ ਕੋਰੋਨਾ ਵਾਇਰਸ ਕਾਰਨ ਉਨ੍ਹਾਂ ਦਾ ਕਾਰਜਕਾਲ ਇਕ ਸਾਲ ਲਈ ਹੋਰ ਵਧਾ ਦਿੱਤਾ ਗਿਆ ਹੈ। ਹੁਣ ਉਹ ਅਗਲੇ ਸਾਲ ਅਹੁਦੇ ਤੋਂ ਮੁਕਤ ਹੋਣਗੇ। ਇਸ ਦੌਰਾਨ ਕਲੇਅਰ ਕੋਨੋਰ ਦਾ ਕਹਿਣਾ ਹੈ ਕਿ ਮੈਂ ਐਮਸੀਸੀ ਦੇ ਅਗਲੇ ਪ੍ਰਧਾਨ ਵਜੋਂ ਨਾਮਜ਼ਦ ਹੋਣ ’ਤੇ ਬਹੁਤ ਖੁਸ਼ ਹਾਂ। ਕ੍ਰਿਕਟ ਨੇ ਮੈਨੂੰ ਬਹੁਤ ਕੁਝ ਦਿੱਤਾ ਹੈ ਅਤੇ ਹੁਣ ਇਹ ਸਨਮਾਨ ਮੇਰੇ ਲਈ ਬਹੁਤ ਵੱਡੀ ਗੱਲ ਹੈ।