UAE Request for hydroxychloroquine: ਪੂਰੀ ਦੁਨੀਆ ਇਸ ਸਮੇਂ ਕੋਰੋਨਾ ਵਾਇਰਸ ਮਹਾਂਮਾਰੀ ਦੇ ਸੰਕਟ ਨਾਲ ਜੂਝ ਰਹੀ ਹੈ । ਇਸ ਤਬਾਹੀ ਦੇ ਵਿਚਕਾਰ,ਭਾਰਤ ਦੁਨੀਆ ਦਾ ਇਕ ਅਜਿਹਾ ਦੇਸ਼ ਬਣ ਕੇ ਉੱਭਰਿਆ ਹੈ, ਜੋ ਹਰ ਕਿਸੇ ਦੀ ਮਦਦ ਕਰ ਰਿਹਾ ਹੈ । ਸੰਯੁਕਤ ਅਰਬ ਅਮੀਰਾਤ (UAE) ਨੇ ਹੁਣ ਹਾਈਡਰੋਕਸਾਈਕਲੋਰੋਕਿਨ ਲਈ ਸਹਾਇਤਾ ਦੀ ਮੰਗ ਕੀਤੀ ਹੈ, ਜਿਸ ‘ਤੇ ਭਾਰਤ ਨੇ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ ਹੈ ।
ਦਰਅਸਲ, ਮਲੇਰੀਆ ਖ਼ਿਲਾਫ਼ ਕੰਮ ਕਰਨ ਵਾਲੀ ਇਹ ਦਵਾਈ ਕੋਰੋਨਾ ਵਾਇਰਸ ਖ਼ਿਲਾਫ਼ ਲੜਾਈ ਵਿੱਚ ਕਾਰਗਰ ਸਾਬਿਤ ਹੋ ਰਹੀ ਹੈ । UAE ਵਿੱਚ ਭਾਰਤ ਦੇ ਐਂਬੈਸੇਡਰ ਪਵਨ ਕਪੂਰ ਨੇ ਇੰਡੀਆ ਟੂਡੇ ਨੂੰ ਦੱਸਿਆ ਕਿ UAE ਦੀਆਂ ਕੁਝ ਕੰਪਨੀਆਂ ਨੇ ਭਾਰਤ ਦੇ ਸਾਹਮਣੇ ਹਾਈਡਰੋਕਸਾਈਕਲੋਰੋਕਿਨ ਦੀ ਬੇਨਤੀ ਕੀਤੀ ਹੈ । ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਇਸ ਮੰਗ ਦੇ ਸੰਦੇਸ਼ ਨੂੰ ਦਿੱਲੀ ਤੱਕ ਪਹੁੰਚਾ ਦਿੱਤਾ ਗਿਆ ਹੈ ।
ਪਵਨ ਕਪੂਰ ਨੇ ਅੱਗੇ ਦੱਸਿਆ ਕਿ ਭਾਰਤ ਸਰਕਾਰ ਜਲਦੀ ਹੀ ਇਸ ਬਾਰੇ ਫੈਸਲਾ ਲੈ ਰਹੀ ਹੈ, ਅਜਿਹੇ ਵਿੱਚ ਯੂਏਈ ਜਲਦੀ ਹੀ ਇਸ ਦਵਾਈ ਦੀ ਪਹਿਲੀ ਕਿਸ਼ਤ ਪ੍ਰਾਪਤ ਕਰ ਸਕਦਾ ਹੈ । ਜ਼ਿਕਰਯੋਗ ਹੈ ਕਿ ਭਾਰਤ ਨੇ ਬੀਤੇ ਕੁਝ ਦਿਨ ਪਹਿਲਾਂ ਹੀ ਹਾਈਡਰੋਕਸਾਈਕਲੋਰੋਕਾਈਨ ਦਵਾਈ ਦੀ ਸਪਲਾਈ ‘ਤੇ ਲੱਗੀ ਰੋਕ ਹਟਾ ਦਿੱਤੀ ਸੀ ਅਤੇ ਉਨ੍ਹਾਂ ਦੇਸ਼ਾਂ ਨੂੰ ਇਹ ਦਵਾਈ ਦੇਣ ਦਾ ਵਾਅਦਾ ਕੀਤਾ ਸੀ ਜਿੱਥੇ ਸਥਿਤੀ ਸਭ ਤੋਂ ਮਾੜੀ ਹੈ ।
ਹਾਲਾਂਕਿ, ਹਾਲੇ UAE ਵਿੱਚ ਅਜਿਹੀ ਕਿਸੇ ਕਿਸਮ ਦੀ ਸਥਿਤੀ ਨਹੀਂ ਹੈ, ਪਰ ਭਾਰਤ ਸਬੰਧਾਂ ਦੇ ਮੱਦੇਨਜ਼ਰ ਇਸ ‘ਤੇ ਕੋਈ ਫੈਸਲਾ ਲੈ ਸਕਦਾ ਹੈ । ਦੱਸ ਦੇਈਏ ਕਿ ਹੁਣ ਤੱਕ ਭਾਰਤ ਨੇ ਇਹ ਦਵਾਈ ਅਮਰੀਕਾ, ਜਰਮਨੀ, ਇਜ਼ਰਾਈਲ, ਬ੍ਰਾਜ਼ੀਲ, ਨੇਪਾਲ ਸਮੇਤ 13 ਦੇਸ਼ਾਂ ਨੂੰ ਦਿੱਤੀ ਹੈ । ਪਿਛਲੇ ਦਿਨੀਂ ਮਾਰੀਸ਼ਸ ਨੂੰ ਇਸ ਦਵਾਈ ਦੀ ਪਹਿਲੀ ਖੇਪ ਭਾਰਤ ਤੋਂ ਮਿਲੀ ਹੈ ।