Mosque Attacks ਹੂਥੀ ਵਿਦਰੋਹੀਆਂ ਨੇ ਸ਼ਨੀਵਾਰ ਨੂੰ ਯਮਨ ਦੇ ਮਰੀਬ ਸੂਬੇ ਵਿੱਚ ਮਸਜਿਦ ‘ਤੇ ਮਿਜ਼ਾਈਲ ਤੇ ਡਰੋਨ ਨਾਲ ਹਮਲਾ ਕਰ ਦਿੱਤਾ| ਇਸ ਹਮਲੇ ਵਿੱਚ ਕਰੀਬ 70 ਫੌਜੀਆਂ ਦੀ ਮੌਤ ਹੋ ਗਈ|ਇਹ ਘਟਨਾ ਉਸ ਸਮੇਂ ਹੋਈ ਜਦੋਂ ਮਰੀਬ ਸੂਬੇ ਵਿੱਚ ਫੌਜੀ ਨਮਾਜ ਅਦਾ ਕਰ ਰਹੇ ਸਨ|ਇਹ ਜਾਣਕਾਰੀ ਫੌਜ ਤੇ ਮੈਡੀਕਲ ਅਧਿਕਾਰੀਆਂ ਨੇ ਦਿੱਤੀ| ਸੂਤਰਾਂ ਮੁਤਾਬਕ ਹੂਥੀ ਵਿਦਰੋਹੀਆਂ ਵਲੋਂ ਰਾਜਧਾਨੀ ਸਨਾ ਤੋਂ 170 ਕਿਲੋਮੀਟਰ ਦੂਰ ਪੂਰਬ ਵਿੱਚ ਫੌਜੀ ਕੈਂਪ ਵਿੱਚ ਮਸਜਿਦ ‘ਤੇ ਹਮਲਾ ਕੀਤਾ ਗਿਆ| ਮਰੀਬ ਸਿਟੀ ਹਸਪਤਾਲ, ਜਿੱਥੇ ਪੀੜਤਾਂ ਨੂੰ ਲਿਆਂਦਾ ਗਿਆ, ਦੇ ਇਕ ਮੈਡੀਕਲ ਅਧਿਕਾਰੀ ਨੇ ਦੱਸਿਆ ਕਿ ਹਮਲੇ ਵਿੱਚ ਘੱਟੋਂ-ਘੱਟ 70 ਫੌਜੀ ਮਾਰੇ ਗਏ ਤੇ 50 ਜ਼ਖਮੀ ਹੋ ਗਏ ਹਨ|
ਇਹ ਹਮਲਾ ਸਰਕਾਰ ਦੀ ਪ੍ਰਾਪਤ ਫੌਜਾਂ ਵਲੋਂ ਹੂਥੀ ਵਿਦਰੋਹੀਆਂ ਵਿਰੁਧ ਰਾਜਧਾਨੀ ਸਨਾ ਦੇ ਉਤਰੀ ਨਾਹਮ ਖੇਤਰ ਵਿੱਚ ਵੱਡੇ ਪੱਧਰ ਤੇ ਚਲਾਈ ਗਈ ਮੁਹਿੰਮ ਤੋਂ ਇਕ ਦਿਨ ਬਾਅਦ ਹੋਇਆ ਹੈ| ਇਕ ਫੌਜੀ ਅਧਿਕਾਰੀ ਨੇ ਦੱਸਿਆ ਕਿ ਨਾਹਮ ਵਿੱਚ ਲੜਾਈ ਐਤਵਾਰ ਵੀ ਜਾਰੀ ਸੀ| ਸੂਤਰਾਂ ਮੁਤਾਬਕ ਕਾਰਵਾਈ ਵਿੱਚ ਹੂਥੀ ਦੇ ਦਰਜਨਾਂ ਅਤਿਵਾਦੀ ਮਾਰੇ ਗਏ| ਹਾਲਾਂਕਿ ਹੂਥੀਆਂ ਨੇ ਅਜੇ ਤੱਕ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ| ਉਥੇ ਹੀ ਯਮਨ ਦੇ ਰਾਸ਼ਟਰਪਤੀ ਅਬੇਦਰਾਬਬੋ ਮਨਸੂਰ ਹਾਦੀ ਨੇ ਹੂਥੀ ਵਲੋਂ ਮਸਜਿਦ ‘ਤੇ ਕੀਤੇ ਗਏ ਹਮਲੇ ਦੀ ਨਿੰਦਾ ਕੀਤੀ|