ਨਵੀਂ ਦਿੱਲੀ: ਐਂਟੀਬੌਡੀ ਦੀ ਵਿਆਪਕ ਜਾਂਚ ਲਈ ਦਿੱਲੀ ‘ਚ ਕਰਾਏ ਗਏ ਸੇਰੋ ਸਰਵੇਖਣ ‘ਚ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ। ਸਰਵੇਖਣ ਮੁਤਾਬਕ ਕੋਵਿਡ-19 ਤੋਂ ਇਨਫੈਕਟਡ ਹੋ ਚੁੱਕੇ 208 ਲੋਕਾਂ ‘ਚੋਂ 97 ਦੇ ਬਲੱਡ ‘ਚ ਐਂਟੀਬੌਡੀਜ਼ ਨਹੀਂ ਪਾਏ ਗਏ।
ਨੈਸ਼ਨਲ ਕੰਟਰੋਲ ਡਿਸੀਜ਼ ਸੈਂਟਰ (NCDC) ਨੇ ਦੱਸਿਆ, ਇਸ ਤੋਂ ਸੰਕੇਤ ਮਿਲਦਾ ਹੈ ਕਿ ਕੋਰੋਨਾ ਵਾਇਰਸ ਨਾਲ ਵਿਕਸਤ ਹੋਈ ਇਮਿਊਨਿਟੀ ਕਈ ਪ੍ਰਕਾਰ ਦੀ ਹੈ। ਦਿੱਲੀ ਸਰਕਾਰ ਤੇ NCDC ਦੇ ਸਾਂਝੇ ਅਭਿਆਨ ‘ਚ 27 ਜੂਨ ਤੋਂ 10 ਜੁਲਾਈ ਦੇ ਵਿਚ ਸੇਰੋ ਸਰਵੇਖਣ ਕਰਵਾਇਆ ਗਿਆ ਸੀ।
ਇਸ ਲਈ 21 ਹਜ਼ਾਰ, 387 ਨਮੂਨੇ ਇਕੱਠੇ ਕੀਤੇ ਗਏ। ਇਸ ਦੌਰਾਨ ਪਤਾ ਲੱਗਾ ਕਿ ਸਰਵੇਖਣ ‘ਚ ਸ਼ਾਮਲ ਲੋਕਾਂ ‘ਚ 23 ਫੀਸਦ ਕੋਰੋਨਾ ਵਾਇਰਸ ਦੇ ਸੰਪਰਕ ‘ਚ ਆਏ ਸਨ। NCDC ਦੀ ਰਿਪੋਰਟ ‘ਚ ਕਿਹਾ ਗਿਆ, ਜਿਹੜੇ ਲੋਕਾਂ ‘ਤੇ ਸਰਵੇਖਣ ਕਰਵਾਇਆ ਗਿਆ ਉਨ੍ਹਾਂ ‘ਚ ਅੱਠ ਫੀਸਦ ਨੇ ਕੋਵਿਡ-19 ਜਾਂਚ ਵਿੱਚ ਇਨਫੈਕਟਡ ਹੋਣ ਦੀ ਗੱਲ ਕਹੀ। ਉਨ੍ਹਾਂ ‘ਚੋਂ ਸਿਰਫ਼ 208 ਯਾਨੀ 13.5 ਫੀਸਦ RT-PCR ਜਾਂਚ ਵਿੱਚ ਇਨਫੈਕਟਡ ਪਾਏ ਗਏ।
208 ‘ਚੋਂ 111 ਅਜਿਹੇ ਲੋਕ ਸਨ ਜੋ ਸੇਰੋਪੌਜ਼ੇਟਿਵ ਪਾਏ ਗਏ ਜਦਕਿ 97 ‘ਚ ਸੇਰੋਨੈਗੇਟਿਵ ਦੀ ਪੁਸ਼ਟੀ ਹੋਈ। NCDC ਨੇ ਕਿਹਾ ਇਹ ਨਤੀਜਾ ਵਰਤਮਾਨ ਵਿਗਿਆਨਿਕ ਗਿਆਨ ਦੀ ਪੁਸ਼ਟੀ ਕਰਦਾ ਹੈ ਕਿ ਕੋਰੋਨਾ ਵਾਇਰਸ ਤੋਂ ਵਿਕਸਿਤ ਪ੍ਰਤੀਰੋਧਕ ਸਮਰੱਥਾ ਕਈ ਪ੍ਰਕਾਰ ਦੀ ਹੈ। ਇਸ ਲਈ ਇਸ ਬਾਬਤ ਹੋਰ ਅਧਿਐਨ ਤੇ ਜਾਂਚ ਦੀ ਲੋੜ ਹੈ।