ਰੋਹਤਕ: ਐਤਵਾਰ ਨੂੰ ਰੋਹਤਕ ਵਿੱਚ ਪੀਐਮ ਮੋਦੀ ਦੀ ਰੈਲੀ ਲਈ ਡਿਊਟੀ ’ਤੇ ਆਏ ਹੈੱਡ ਕਾਂਸਟੇਬਲ ਦਾ ਕੁੱਟ-ਕੁੱਟ ਕੇ ਕਤਲ ਕਰ ਦਿੱਤਾ ਗਿਆ। ਹਾਸਲ ਜਾਣਕਾਰੀ ਮੁਤਾਬਕ ਘਟਨਾ ਸ਼ਨੀਵਾਰ ਰਾਤ ਦੀ ਹੈ ਤੇ ਇਸ ਬਾਰੇ ਐਤਵਾਰ ਸਵੇਰੇ ਪਤਾ ਲੱਗਿਆ। ਗੁਰੂਗਰਾਮ ਦੇ ਬਜਖੇੜਾ ਪਿੰਡ ਦਾ ਵਸਨੀਕ ਤੇ ਫਰੀਦਾਬਾਦ ਦੇ ਬੁਪਾਨੀ ਥਾਣੇ ਵਿੱਚ ਤਾਇਨਾਤ ਮ੍ਰਿਤਕ ਪ੍ਰਦੀਪ ਰਾਤ ਨੂੰ ਰੋਹਤਕ ਆਇਆ ਸੀ ਤੇ ਪਿੰਡ ਮਾਜਰਾ ਵਿੱਚ ਠਹਿਰਿਆ ਸੀ। ਜਿਥੇ ਹੈੱਡ ਕਾਂਸਟੇਬਲ ਠਹਿਰਿਆ ਹੋਇਆ ਸੀ, ਉੱਥੇ ਕੁਝ ਹੋਰ ਲੋਕ ਵੀ ਮੌਜੂਦ ਸਨ। ਸਵੇਰੇ ਜਦੋਂ ਪ੍ਰਦੀਪ ਦੀ ਲਾਸ਼ ਮਿਲੀ ਤਾਂ ਘਟਨਾ ਦਾ ਖ਼ੁਲਾਸਾ ਹੋਇਆ ਤੇ ਪੁਲਿਸ ਮੌਕੇ ‘ਤੇ ਪਹੁੰਚੀ।
ਘਟਨਾ ਵਾਲੀ ਥਾਂ ਦਾ ਮੁਆਇਨਾ ਕਰਨ ‘ਤੇ ਲਾਸ਼ ਨੇੜੇ ਟੁੱਟੀਆਂ ਬੋਤਲਾਂ ਦੇ ਟੁਕੜੇ ਵੀ ਮਿਲੇ। ਪਤਾ ਲੱਗਾ ਕਿ ਇਹ ਕਤਲ ਇੱਟ ਨਾਲ ਕੀਤਾ ਗਿਆ ਹੈ ਪਰ ਅਜੇ ਇਹ ਪਤਾ ਨਹੀਂ ਚੱਲ ਸਕਿਆ ਕਿ ਇਹ ਕਤਲ ਕਿਸਨੇ ਕੀਤਾ ਹੈ? ਘਟਨਾ ਵਾਲੀ ਥਾਂ ‘ਤੇ ਪੁਲਿਸ ਮੁਲਾਜ਼ਮ ਦੀ ਵਰਦੀ ਵੀ ਮਿਲੀ ਹੈ। ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਹੈ। ਮ੍ਰਿਤਕ ਦੇ ਪਰਿਵਾਰਿਕ ਮੈਂਬਰ ਮੌਕੇ ‘ਤੇ ਪਹੁੰਚ ਗਏ ਹਨ।
ਮ੍ਰਿਤਕ ਹੈੱਡ ਕਾਂਸਟੇਬਲ ਦੀ ਡਿਊਟੀ ਪੀਐਮ ਮੋਦੀ ਦੀ ਰੈਲੀ ਵਿੱਚ ਲਾਈ ਗਈ ਸੀ। ਹਾਲਾਂਕਿ, ਪਿੰਡ ਮਾਜਰਾ ਵਿੱਚ ਹੈੱਡ ਕਾਂਸਟੇਬਲ ਦਾ ਕਤਲ ਕਿਸ ਨੇ ਤੇ ਕਿਉਂ ਕੀਤਾ, ਇਸ ਬਾਰੇ ਜਾਣਕਾਰੀ ਸਾਹਮਣੇ ਨਹੀਂ ਆਈ। ਪਿੰਡ ਮਾਜਰਾ ਵਿੱਚ ਪੁਲਿਸ ਮੁਲਾਜ਼ਮ ਕਿਉਂ ਰੁਕਿਆ, ਇਸ ਬਾਰੇ ਵੀ ਪਤਾ ਨਹੀਂ ਲੱਗਾ।