ਫਿਰੋਜ਼ਪੁਰ: ਪੰਜਾਬ ‘ਚ ਕੋਰੋਨਾ ਦੇ ਕਹਿਰ ਨੇ ਸਰਕਾਰਾਂ ਦੇ ਪ੍ਰਬੰਧਾਂ ‘ਤੇ ਵੀ ਸਵਾਲ ਖੜ੍ਹੇ ਕੀਤੇ ਹਨ ਜਿਸ ਕਾਰਨ ਜਿੱਥੇ ਆਮ ਲੋਕਾਂ ਦਾ ਸਰਕਾਰ ਤੋਂ ਭਰੋਸਾ ਉੱਠ ਗਿਆ ਹੈ, ਉੱਥੇ ਹੀ ਵਿਰੋਧੀ ਧਿਰਾਂ ਵੀ ਸਰਕਾਰ ਨੂੰ ਘੇਰਨ ਦਾ ਕੋਈ ਮੌਕਾ ਨਹੀਂ ਛੱਡ ਰਹੀਆਂ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਫਿਰੋਜ਼ਪੁਰ ਤੋਂ ਮੈਂਬਰ ਪਾਰਲੀਮੈਂਟ ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਕੋਰੋਨਾ ਦੀ ਰੋਕਥਾਮ ਤੇ ਮਰੀਜ਼ਾਂ ਦੀ ਸਾਂਭ-ਸੰਭਾਲ ਕਰਨ ‘ਚ ਇਸ ਕਦਰ ਫੇਲ੍ਹ ਹੋ ਚੁੱਕੀ ਹੈ ਕਿ ਪਿੰਡਾਂ ਦੀਆਂ ਪੰਚਾਇਤਾਂ ਨਾ ਸਿਰਫ ਮਰੀਜ਼ਾਂ ਨੂੰ ਸਰਕਾਰੀ ਹਸਪਤਾਲ ਜਾਂ ਇਕਾਂਤਵਾਸ ਕੇਂਦਰਾਂ ‘ਚ ਭੇਜਣ ਦੇ ਖ਼ਿਲਾਫ਼ ਹਨ, ਸਗੋਂ ਟੈਸਟ ਲਈ ਸੈਂਪਲ ਵੀ ਨਾ ਦੇਣ ਦੇ ਮਤੇ ਪਾਸ ਕਰਨ ਨੂੰ ਮਜ਼ਬੂਰ ਹੋ ਗਈਆਂ ਹਨ।
ਸੁਖਬੀਰ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮੈਂ ਅਪੀਲ ਕਰਦਾ ਹਾਂ ਕਿ ਮੀਡੀਆ ਵਿੱਚ ਝੂਠ ਬੋਲ ਬੋਲ ਕੇ ਲੋਕਾਂ ਦੀ ਜਾਨ ਨਾਲ ਖਿਲਵਾੜ ਕਰਨਾ ਬੰਦ ਕਰਨ ਤੇ ਬਿਨ੍ਹਾਂ ਹੋਰ ਸਮਾਂ ਗੁਆਏ ਸੂਬੇ ਦੇ ਸਿਹਤ ਪ੍ਰਬੰਧਾਂ ਵਿੱਚ ਅਤਿ ਲੋੜੀਂਦੇ ਸੁਧਾਰ ਕਰਨ। ਜੇਕਰ ਉਹ ਕਰਨ ਤੋਂ ਅਸਮਰੱਥ ਹਨ ਤਾਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦੇਣ।