ਹੱਡੀਆਂ ਸਾਡੇ ਸਰੀਰ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਹਨ। ਇਹ ਸਾਡੇ ਸਰੀਰ ਨੂੰ ਸਹੀ ਆਕਾਰ ਪ੍ਰਦਾਨ ਕਰਦੀਆਂ ਹਨ। ਇਸ ਲਈ ਇਹ ਜਿੰਨੀਆਂ ਮਜ਼ਬੂਤ ਹੋਣਗੀਆਂ, ਤੁਸੀਂ ਵੀ ਓਨੇ ਹੀ ਚੁਸਤ-ਦਰੁਸਤ ਰਹੋਗੇ। ਜੇ ਤੁਸੀਂ ਆਪਣੀ ਖ਼ੁਰਾਕ ‘ਚ ਉਚਿਤ ਪੌਸ਼ਟਿਕ ਤੱਤ ਸ਼ਾਮਿਲ ਨਹੀਂ ਕਰਦੇ ਤਾਂ ਇਨ੍ਹਾਂ ਤੱਤਾਂ ਦੀ ਕਮੀ ਕਾਰਨ ਹੱਡੀਆਂ ਕਮਜ਼ੋਰ ਹੋਣ ਲਗਦੀਆਂ ਹਨ। ਇਸ ਤੋਂ ਇਲਾਵਾ ਕੰਪਿਊਟਰ ‘ਤੇ ਜ਼ਿਆਦਾ ਦੇਰ ਤਕ ਕੰਮ ਕਰਨ ਨਾਲ ਵੀ ਹੱਡੀਆਂ ਨਾਲ ਸਬੰਧਤ ਕਈ ਸਮੱਸਿਆਵਾਂ ਸਾਹਮਣੇ ਆ ਰਹੀਆਂ ਹਨ।
ਸਿਗਰਟਨੋਸ਼ੀ ਦੇ ਮਾੜੇ ਅਸਰ
ਜਦੋਂ ਤੁਸੀਂ ਥੋੜ੍ਹੇ-ਥੋੜ੍ਹੇ ਵਕਫ਼ੇ ‘ਤੇ ਸਿਗਰਟ ਪੀਂਦੇ ਹੋ ਤਾਂ ਤੁਹਾਡਾ ਸਰੀਰ ਨਵੇਂ ਸਿਹਤਮੰਦ ਬੋਨ ਟਿਸ਼ੂ ਆਸਾਨੀ ਨਾਲ ਨਹੀਂ ਬਣਾ ਸਕਦਾ। ਤੁਸੀਂ ਜਿੰਨੀ ਜ਼ਿਆਦਾ ਸਿਗਰਟਨੋਸ਼ੀ ਕਰੋਗੇ, ਤੁਹਾਡੇ ਹਾਲਾਤ ਬਦ ਤੋਂ ਬਦਤਰ ਹੁੰਦੇ ਜਾਣਗੇ। ਸਿਗਰਟਨੋਸ਼ੀ ਕਰਨ ਵਾਲਿਆਂ ਦੀਆਂ ਹੱਡੀਆਂ ਟੁੱਟਣ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ ਤੇ ਨਾਲ ਹੀ ਉਨ੍ਹਾਂ ਨੂੰ ਜੁੜਨ ‘ਚ ਸਮਾਂ ਵੀ ਜ਼ਿਆਦਾ ਲਗਦਾ ਹੈ। ਜੇ ਤੁਸੀਂ ਸਿਗਰਟ ਪੀਣਾ ਛੱਡਦੇ ਹੋ ਤਾਂ ਤੁਸੀਂ ਜ਼ੋਖ਼ਮ ਨੂੰ ਘੱਟ ਕਰ ਸਕਦੇ ਹੋ ਤੇ ਆਪਣੀਆਂ ਹੱਡੀਆਂ ਨੂੰ ਸਿਹਤਮੰਦ ਰੱਖ ਸਕਦੇ ਹੋ, ਹਾਲਾਂਕਿ ਇਸ ‘ਚ ਕਈ ਸਾਲ ਲੱਗ ਸਕਦੇ ਹਨ।
ਨੁਕਸਾਨਦੇਹ ਹੈ ਜ਼ਿਆਦਾ ਨਮਕ
ਤੁਸੀਂ ਜਿੰਨਾ ਜ਼ਿਆਦਾ ਨਮਕ ਖਾਓਗੇ, ਓਨਾ ਜ਼ਿਆਦਾ ਕੈਲਸ਼ੀਅਮ ਤੁਹਾਡੇ ਸਰੀਰ ਤੋਂ ਬਾਹਰ ਨਿਕਲੇਗਾ। ਇਸ ਦਾ ਮਤਲਬ ਇਹ ਹੈ ਕਿ ਨਮਕ ਤੁਹਾਡੀਆਂ ਹੱਡੀਆਂ ਲਈ ਫ਼ਾਇਦੇਮੰਦ ਨਹੀਂ, ਪਰ ਤੁਸੀਂ ਪੂਰੀ ਤਰ੍ਹਾਂ ਨਮਕ ਤੋਂ ਦੂਰੀ ਨਾ ਬਣਾਓ। ਦਿਨ ‘ਚ 2300 ਮਿਲੀਗ੍ਰਾਮ ਤਕ ਨਮਕ ਹੀ ਖਾਓ।
ਜ਼ਿਆਦਾ ਕੋਲਡ ਡਰਿੰਕ ਨਾ ਪੀਓ
ਜ਼ਰੂਰਤ ਤੋਂ ਜ਼ਿਆਦਾ ਫਲੇਵਰਡ ਸੋਡਾ ਤੁਹਾਡੀਆਂ ਹੱਡੀਆਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਹਾਲਾਂਕਿ ਇਸ ਵਿਸ਼ੇ ‘ਤੇ ਹੋਰ ਖੋਜ ਦੀ ਜ਼ਰੂਰਤ ਹੈ। ਕੁਝ ਖੋਜਾਂ ‘ਚ ਹੱਡੀਆਂ ਦੇ ਨੁਕਸਾਨ ਨੂੰ ਇਨ੍ਹਾਂ ਤਰਲ ਪਦਾਰਥਾਂ ‘ਚ ਪਾਏ ਜਾਣ ਵਾਲੇ ਕੈਫੀਨ ਤੇ ਫਾਸਫੋਰਸ ਦੋਵਾਂ ਨਾਲ ਜੋੜਿਆ ਗਿਆ ਹੈ। ਕੁਝ ਮਾਹਿਰਾਂ ਦਾ ਕਹਿਣਾ ਹੈ ਕਿ ਦੁੱਧ ਤੇ ਹੋਰ ਡਰਿੰਕ, ਜਿਸ ‘ਚ ਕੈਲਸ਼ੀਅਮ ਮੌਜੂਦ ਹੁੰਦਾ ਹੈ, ਉਸ ਦੇ ਬਜਾਇ ਸੋਡੇ ਦੀ ਵਰਤੋਂ ਤੁਹਾਨੂੰ ਨੁਕਸਾਨ ਪਹੁੰਚਾ ਸਕਦੀ ਹੈ। ਜ਼ਿਆਦਾ ਕੌਫੀ ਜਾਂ ਚਾਹ ਪੀਣ ਨਾਲ ਵੀ ਹੱਡੀਆਂ ‘ਚ ਕੈਲਸ਼ੀਅਮ ਘੱਟ ਹੁੰਦਾ ਹੈ।
ਲਗਾਤਾਰ ਟੀਵੀ ਨਾ ਦੇਖੋ
ਆਪਣੇ ਪਸੰਦੀਦਾ ਸੀਰੀਅਲ ਦਾ ਮਜ਼ਾ ਲੈਣਾ ਠੀਕ ਹੈ ਪਰ ਘੰਟਿਆਂਬੱਧੀ ਟੀਵੀ ਸਕਰੀਨ ‘ਤੇ ਅੱਖਾਂ ਟਿਕਾਈ ਬੈਠੇ ਰਹਿਣਾ ਵੀ ਤੁਹਾਡੇ ਲਈ ਨੁਕਸਾਨਦੇਹ ਹੋ ਸਕਦਾ ਹੈ। ਜਦੋਂ ਤੁਹਾਡੀ ਇਹ ਆਦਤ ਬਣ ਜਾਂਦੀ ਹੈ ਤੇ ਤੁਸੀਂ ਜ਼ਿਆਦਾ ਨਹੀਂ ਹਿੱਲਦੇ, ਜਿਸ ਨਾਲ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ। ਕਸਰਤ ਹੱਡੀਆਂ ਨੂੰ ਮਜ਼ਬੂਤ ਬਣਾਉਂਦੀ ਹੈ। ਤੁਹਾਡੇ ਸਰੀਰਕ ਢਾਂਚੇ ਲਈ ਜ਼ਰੂਰੀ ਹੈ ਕਿ ਤੁਹਾਡੇ ਪੈਰ ਅਤੇ ਪੰਜੇ ਤੁਹਾਡਾ ਭਾਰ ਚੁੱਕਣ, ਜਿਸ ਨਾਲ ਹੱਡੀਆਂ ਤੇ ਮਾਸਪੇਸ਼ੀਆਂ ਨੂੰ ਤਾਕਤ ਮਿਲੇਗੀ।
ਸਾਈਕਲ ਚਲਾਓ
ਤੁਸੀਂ ਵੀਕਐਂਡ ‘ਤੇ ਕਈ ਘੰਟੇ ਸਾਈਕਲ ਨੂੰ ਪੈਡਲ ਮਾਰਦੇ ਹੋ ਤਾਂ ਉਸ ਨਾਲ ਤੁਹਾਡਾ ਦਿਲ ਅਤੇ ਫੇਫੜੇ ਤਾਂ ਮਜ਼ਬੂਤ ਹੁੰਦੇ ਹੀ ਹਨ, ਨਾਲ ਹੀ ਹੱਡੀਆਂ ਵੀ ਮਜ਼ਬੂਤ ਹੁੰਦੀਆਂ ਹਨ। ਜੇ ਤੁਸੀਂ ਸਾਈਕਲ ਚਲਾਉਣ ‘ਚ ਮਾਹਿਰ ਹੋ ਤਾਂ ਉਸ ‘ਤੇ ਥੋੜ੍ਹਾ ਹੋਰ ਧਿਆਨ ਵਧਾਓ ਤੇ ਲਗਾਤਾਰ ਅਜਿਹਾ ਕਰੋ। ਹਾਈਕਿੰਗ, ਟੈਨਿਸ, ਡਾਂਸਿੰਗ ਤੇ ਸਵਿਮਿੰਗ ਆਦਿ ਨਾਲ ਵੀ ਤੁਸੀਂ ਹੱਡੀਆਂ ਮਜ਼ਬੂਤ ਬਣਾ ਸਕਦੇ ਹੋ।