39.96 F
New York, US
December 12, 2024
PreetNama
ਖੇਡ-ਜਗਤ/Sports News

ਖ਼ੁਰਾਕ ਨੂੰ ਤਰਸਦੇ ਖਿਡਾਰੀ ਕਿੱਦਾਂ ਕਰਨ ਤਿਆਰੀ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਟੋਕੀਓ ਓਲੰਪਿਕ ’ਚ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ ਆਪਣੇ ਸਿਸਵਾਂ ਸਥਿਤ ਫਾਰਮ ਹਾਊਸ ਵਿਖੇ ਬੁਲਾ ਕੇ ਸ਼ਾਹੀ ਭੋਜ ਕਰਵਾਇਆ ਗਿਆ, ਜਿਸ ਵਿਚ ਗੁਆਂਢੀ ਰਾਜ ਹਰਿਆਣੇ ਤੋਂ ਉਚੇਚੇ ਤੌਰ ’ਤੇ ਜੈਵਲਿਨ ਥ੍ਰੋ ਦੇ ਸੋਨ ਤਮਗਾ ਜੇਤੂ ਗੋਲਡਨ ਬੁਆਏ ਨੀਰਜ ਚੋਪੜਾ ਨੂੰ ਵੀ ਸੱਦਾ ਦਿੱਤਾ ਗਿਆ ਸੀ। ਪੰਜਾਬ ਦੇ ਹਾਕੀ ਖਿਡਾਰੀਆਂ ਮਨਪ੍ਰੀਤ ਸਿੰਘ, ਹਰਮਨਪ੍ਰੀਤ ਸਿੰਘ, ਮਨਦੀਪ ਸਿੰਘ, ਹਾਰਦਿਕ ਸਿੰਘ, ਰੁਪਿੰਦਰਪਾਲ ਸਿੰਘ, ਸ਼ਮਸ਼ੇਰ ਸਿੰਘ, ਦਿਲਪ੍ਰੀਤ ਸਿੰਘ, ਗੁਰਜੰਟ ਸਿੰਘ, ਵਰੁਣ ਕੁਮਾਰ ਤੇ ਸਿਮਰਨਜੀਤ ਸਿੰਘ ਨੂੰ ਵੀ ਇਸ ਸ਼ਾਹੀ ਦਾਅਵਤ ਦਾ ਸੁਨੇਹਾ ਭੇਜਿਆ ਗਿਆ ਸੀ, ਜੋ 41 ਸਾਲਾਂ ਬਾਅਦ ਟੋਕੀਓ 2020 ਵਿਚ ਕਾਂਸੀ ਦਾ ਤਮਗਾ ਜਿੱਤਣ ਵਾਲੀ ਭਾਰਤੀ ਪੁਰਸ਼ ਹਾਕੀ ਟੀਮ ਦਾ ਹਿੱਸਾ ਸਨ। ਇਨ੍ਹਾਂ ਤੋਂ ਇਲਾਵਾ ਟੋਕੀਓ ’ਚ ਚੌਥੇ ਸਥਾਨ ’ਤੇ ਰਹੀ ਭਾਰਤੀ ਮਹਿਲਾ ਹਾਕੀ ਟੀਮ ਦੀ ਮੈਂਬਰ ਗੁਰਜੀਤ ਕੌਰ ਤੇ ਰੀਨਾ ਖੋਖਰ ਨੂੰ ਵੀ ਬੁਲਾਇਆ ਗਿਆ ਸੀ। ਇਸ ਸ਼ਾਹੀ ਦਾਅਵਤ ’ਚ ਓਲੰਪਿਕ ਦੇ ਡਿਸਕਸ ਥ੍ਰੋ ਮੁਕਾਬਲੇ ’ਚ 6ਵੇਂ ਸਥਾਨ ’ਤੇ ਰਹੀ ਭਾਰਤੀ ਨੈਸ਼ਨਲ ਰਿਕਾਰਡ ਹੋਲਡਰ ਡਿਸਕਸ ਥ੍ਰੋਅਰ ਕਮਲਪ੍ਰੀਤ ਕੌਰ ਵੀ ਮੌਜੂਦ ਸੀ।

ਸ਼ਿਵਾਲਿਕ ਦੀਆਂ ਮਨਮੋਹਕ ਪਹਾੜੀਆਂ ਵਿਖੇ ਸਥਿਤ ਇਸ ਫਾਰਮ ਹਾਊਸ ਦੇ ਬਾਵਰਚੀਖਾਨੇ ਅੰਦਰ ਬਣੇ ਲਜ਼ੀਜ਼ ਪਕਵਾਨਾਂ ’ਚ ਮੁੱਖ ਤੌਰ ’ਤੇ ਮਟਨ ਖਾਰਾ ਪਿਸ਼ੌਰੀ, ਲੌਂਗ ਇਲਾਇਚੀ ਚਿਕਨ, ਆਲੂ ਕੋਰਮਾ, ਸ਼ਾਹੀ ਦਾਲ ਮਸੂਰ ਤੜਕਾ, ਮੁਰਗ ਕੋਰਮਾ, ਦੁਗਨੀ ਬਰਿਆਨੀ ਤੇ ਮਿੱਠੇ ਵਿਚ ਮੁਗ਼ਲਈ ਤਰੀਕੇ ਨਾਲ ਤਿਆਰ ਕੀਤਾ ਜਰਦਾ ਚਾਵਲ ਸ਼ਾਮਲ ਸਨ, ਜਿਨ੍ਹਾਂ ਦੀ ਰਸਭਿੰਨੀ ਖੁਸ਼ਬੂ ਨੇ ਚੰਡੀਗੜ੍ਹ ਤਕ ਮਹਿਕਾਂ ਖਿਲਾਰ ਦਿੱਤੀਆਂ ਸਨ। ਮੀਡੀਆ ’ਚ ਆਈਆਂ ਖ਼ਬਰਾਂ ’ਚ ਦਾਅਵਾ ਕੀਤਾ ਗਿਆ ਹੈ ਕਿ ਇਹ ਸਾਰਾ ਖਾਣਾ ਮੁੱਖ ਮੰਤਰੀ ਨੇ ਆਪਣੇ ਹੱਥੀਂ ਤਿਆਰ ਕੀਤਾ ਸੀ। ਇਹ ਵੀ ਕਿਹਾ ਗਿਆ ਕਿ ਉਨ੍ਹਾਂ ਨੇ ਖ਼ੁਦ

ਦਸਤਰਖ਼ਾਨ ’ਤੇ ਸਜੇ ਇਸ ਖਾਣੇ ਨੂੰ ਖਿਡਾਰੀਆਂ ਲਈ ਪਰੋਸਿਆ।

ਖੇਡਾਂ ਨਾਲ ਧੁਰ ਅੰਦਰੋਂ ਜੁੜੇ ਹੋਣ ਕਰਕੇ ਟੀਵੀ ਤੇ ਸੋਸ਼ਲ ਮੀਡੀਆ ’ਤੇ ਇਹ ਨਜ਼ਾਰਾ ਦੇਖ ਮੇਰਾ ਮਨ ਅਸ਼-ਅਸ਼ ਕਰ ਉੱਠਿਆ। ਸੰਜੀਦਾ ਸਰੀਰਕ ਸਿੱਖਿਆ ਅਧਿਆਪਕ ਹੋਣ ਦੇ ਨਾਤੇ ਜਦ ਮੇਰੀ ਸੁਰਤ ਨੇ ਪੰਜਾਬ ਦੇ ਸਕੂਲਾਂ ਤੇ ਕਾਲਜਾਂ ’ਚ ਪੜ੍ਹ ਰਹੇ ਖਿਡਾਰੀਆਂ ਵੱਲ ਨਜ਼ਰ ਦੌੜਾਈ ਤਾਂ ਮੈਨੂੰ ਉਨ੍ਹਾਂ ਦੇ ਹੱਥਾਂ ਵਿਚ ਖ਼ਾਲੀ ਠੂਠਾ ਨਜ਼ਰ ਆਇਆ। ਜਿਹੜੇ ਖੇਡ ਮੰਤਰੀ ਮੁੱਖ ਮੰਤਰੀ ਨੂੰ ਓਲੰਪਿਕ ਖਿਡਾਰੀਆਂ ਦੀ ਖਿਦਮਤ ’ਚ ਮੁਰਗ ਮੁਸੱਲਮ ਪਰੋਸਣ ਲਈ ਪਲੇਟਾਂ ਫੜਾ ਰਹੇ ਸਨ, ਸ਼ਾਇਦ ਉਨ੍ਹਾਂ ਦੇ ਜ਼ਿਹਨ ’ਚ ਵੀ ਨਹੀਂ ਹੋਵੇਗਾ ਕਿ ਪੰਜਾਬ ਦੇ ਸਕੂਲਾਂ ਅਤੇ ਕਾਲਜਾਂ ਦੇ ਪ੍ਰਤਿਭਾਵਾਨ ਉਭਰਦੇ ਖਿਡਾਰੀ ਆਪਣੇ ਢਿੱਡ ਦੀ ਅੱਗ ਸ਼ਾਂਤ ਕਰਨ ਲਈ ਪਿਛਲੇ ਦੋ ਸਾਲ ਤੋਂ ਉਨ੍ਹਾਂ ਦੇ ਦਾਇਰੇ ’ਚ ਆਉਂਦੇ ਪੰਜਾਬ ਖੇਡ ਵਿਭਾਗ ਵੱਲ ਲਲਚਾਈਆਂ ਨਜ਼ਰਾਂ ਨਾਲ ਦੇਖ ਰਹੇ ਹਨ। ਟੀਵੀ ’ਤੇ ਇਸ ਸ਼ਾਹੀ ਰਾਜਭੋਜ ਦੀ ਖ਼ਬਰ ਵੇਖਦਿਆਂ ਇਨ੍ਹਾਂ ’ਚੋਂ ਕਈ ਹੋਣਹਾਰ ਖਿਡਾਰੀ ਇਹ ਸੋਚਦੇ ਹੋਣਗੇ ਕਿ ਸ਼ਾਇਦ ਇਕ ਅੱਧਾ ਮੁਰਗਾ ਉੱਡ ਕੇ ਉਨ੍ਹਾਂ ਦੇ ਦੋ ਸਾਲ ਤੋਂ ਖ਼ਾਲੀ ਪਏ ਠੂਠੇ ’ਚ ਆ ਡਿੱਗੇ। ਕਈ ਮੇਰੇ ਵਰਗੇ ਮਾਤੜ ਤਾਂ ਇੱਥੋਂ ਤਕ ਸੋਚ ਰਹੇ ਹੋਣੇ ਬਈ ਚੱਲੋ…ਮੁਰਗਾ, ਬੱਕਰਾ ਤਾਂ ਛੱਡੋ ਮੂੰਗੀ ਦੀ ਦਾਲ ਨਾਲ ਅਣਚੋਪੜੀ ਰੋਟੀ ਹੀ ਸ਼ਾਇਦ ਇਨ੍ਹਾਂ ਦੇ ਨਸੀਬ ਨੂੰ ਜੁੜ ਜਾਏ, ਜਿਸ ਦੀ ਇਸ ਵੇਲੇ ਉਨ੍ਹਾਂ ਨੂੰ ਸਭ ਤੋਂ ਵੱਧ ਲੋੜ ਹੈ।

ਮੁੱਢਲੀ ਖ਼ੁਰਾਕ ਤੋਂ ਵਾਂਝੇ ਰਹੇ ਖਿਡਾਰੀ

ਗੌਰਤਲਬ ਹੈ ਕਿ ਪੰਜਾਬ ਸਰਕਾਰ ਨੇ ਪਿਛਲੇ ਦੋ ਸਾਲਾਂ ਤੋਂ ਸਕੂਲਾਂ ਤੇ ਕਾਲਜਾਂ ’ਚ ਸਪੋਰਟਸ ਵਿੰਗ ਦੀਆਂ ਸੀਟਾਂ ਅਲਾਟ ਨਹੀਂ ਕੀਤੀਆਂ, ਜਿਸ ਕਾਰਨ ਪੰਜਾਬ ਖੇਡ ਵਿਭਾਗ ਵੱਲੋਂ ਚਲਾਏ ਜਾ ਰਹੇ ਅਨੇਕਾਂ ਸਿਖਲਾਈ ਕੇਂਦਰਾਂ ਦੇ ਬੱਚੇ ਪ੍ਰਭਾਵਿਤ ਹੋਏ ਹਨ। 2020-2021 ਉਹ ਵਰ੍ਹੇ ਸਨ ਜਿਨ੍ਹਾਂ ਵਿਚ ਓਲੰਪਿਕ ਖੇਡਾਂ ਕੋਵਿਡ-19 ਵਰਗੀ ਆਲਮੀ ਵਬਾ ਨਾਲ ਲੜਦਿਆਂ ਸੰਪੰਨ ਹੋਈਆਂ ਹਨ। ਇਨ੍ਹਾਂ ਖੇਡਾਂ ’ਚ ਨਾਮਣਾ ਖੱਟਣ ਵਾਲੇ ਖਿਡਾਰੀਆਂ ਨੂੰ ਹੀ ਮੁੱਖ ਮੰਤਰੀ ਨੇ ਸ਼ਾਹੀ ਦਾਅਵਤ ਦਿੱਤੀ ਹੈ ਪਰ ਇਨ੍ਹਾਂ ਦੋਵੇਂ ਸਾਲਾਂ ’ਚ ਪੰਜਾਬ ਸਰਕਾਰ ਦੇ ਖੇਡ ਵਿਭਾਗ ਨੇ ਉੱਭਰਦੇ ਖਿਡਾਰੀਆਂ ਨੂੰ ਜਿਨ੍ਹਾਂ ਵਿਚ ਆਉਣ ਵਾਲੇ ਓਲੰਪੀਅਨ ਵੀ ਸ਼ਾਮਲ ਹਨ, ਉਨ੍ਹਾਂ ਨੂੰ ਮੁੱਢਲੀ ਖ਼ੁਰਾਕ ਤੋਂ ਵੀ ਵਾਂਝੇ ਰੱਖਿਆ ਹੈ।

ਪੰਜਾਬ ਖੇਡ ਵਿਭਾਗ ਦੇ ਅਧਿਕਾਰੀ ਕੋਰੋਨਾ ਲਾਕਡਾਊਨ ਦਾ ਬਹਾਨਾ ਬਣਾ ਕੇ ਸਾਰੇ ਘਟਨਾਕ੍ਰਮ ਤੋਂ ਪੱਲਾ ਝਾੜਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਉਨ੍ਹਾਂ ਦੀ ਜਾਣਕਾਰੀ ਲਈ ਦੱਸ ਦੇਈਏ ਕਿ ਪਿਛਲੇ ਸਾਲ 2020 ’ਚ ਖੇਡ ਸਿਖਲਾਈ ਕੇਂਦਰ 16 ਮਾਰਚ ਤੋਂ 16 ਮਈ ਤਕ ਕੇਵਲ ਦੋ ਮਹੀਨਿਆਂ ਲਈ ਹੀ ਬੰਦ ਕੀਤੇ ਗਏ ਸਨ। ਚਾਲੂ ਵਰ੍ਹੇ 2021 ’ਚ ਵੀ ਇਨ੍ਹਾਂ ਨੂੰ 20 ਅਪ੍ਰੈਲ ਤੋਂ 16 ਜੂਨ ਤਕ ਹੀ ਬੰਦ ਰੱਖਿਆ ਗਿਆ ਹੈ ਬਾਕੀ ਸਾਰਾ ਸਾਲ ਤਾਂ ਖੇਡ ਕੇਂਦਰਾਂ ’ਤੇ ਸਿਖਲਾਈ ਬਿਨਾਂ ਨਾਗਾ ਚੱਲੀ ਹੈ। ਇਸ ਕਰਕੇ ਕੋਰੋਨਾ ਦੀ ਆੜ ’ਚ ਸਪੋਰਟਸ ਫੰਡ ਦੀ ਰੋਕ ਦਾ ਇਹ ਬਹਾਨਾ ਸਿਰੇ ਤੋਂ ਖਾਰਜ ਹੁੰਦਾ ਜਾਪਦਾ ਹੈ।

ਨਹੀਂ ਮਿਲੀਆਂ ਸਪੋਰਟਸ ਵਿੰਗ ਦੀਆਂ ਸੀਟਾਂ

ਪੰਜਾਬ ਸਰਕਾਰ ਦੇ ਖੇਡ ਵਿਭਾਗ ਨੇ ਫਰਵਰੀ 2021 ’ਚ ਸਕੂਲਾਂ ਦੀਆਂ ਸਪੋਰਟਸ ਵਿੰਗ ਦੀਆਂ ਸੀਟਾਂ ਦੇ ਟ੍ਰਾਇਲ ਕਰਵਾਏ ਸਨ ਪਰ ਕਿਸੇ ਵੀ ਸਕੂਲ ਦੇ ਸਿਖਲਾਈ ਕੇਂਦਰ ਨੂੰ ਸਪੋਰਟਸ ਵਿੰਗ ਦੀਆਂ ਸੀਟਾਂ ਨਹੀਂ ਮਿਲੀਆਂ। ਇਸੇ ਤਰ੍ਹਾਂ ਯੂਨੀਵਰਸਿਟੀਆਂ ਤੇ ਐਫੀਲੀਏਟਿਡ ਕਾਲਜਾਂ ਨੂੰ ਸਪੋਰਟਸ ਵਿੰਗ ਦੀਆਂ ਸੀਟਾਂ ਅਲਾਟ ਕਰਨ ’ਚ ਇਕ ਵਾਰ ਫਿਰ ਦੇਰੀ ਕੀਤੀ ਗਈ ਹੈ। ਕਾਲਜਾਂ ਤੇ ਯੂਨੀਵਰਸਿਟੀਆਂ ਲਈ ਸਪੋਰਟਸ ਵਿੰਗ ਦੇ ਟ੍ਰਾਇਲ ਮਈ ਜਾਂ ਜੂਨ ’ਚ ਕਰਵਾ ਲਏ ਜਾਂਦੇ ਸਨ ਪਰ ਇਸ ਵਾਰ ਹਾਲੇ ਤਕ ਇਨ੍ਹਾਂ ਟ੍ਰਾਇਲਾਂ ਦੀ ਕੋਈ ਵਾਈ-ਧਾਈ ਨਹੀਂ ਹੈ। ਇਹ ਮੁਅੱਤਲੀ ਅਜਿਹੇ ਸਮੇਂ ਆਈ ਹੈ ਜਦੋਂ ਦਾਖ਼ਲਾ ਪ੍ਰਕਿਰਿਆ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ ਤੇ ਛੇਤੀ ਹੀ ਮੁਕੰਮਲ ਵੀ ਹੋਣ ਵਾਲੀ ਹੈ।

ਨਹੀਂ ਪੂਰੀ ਹੁੰਦੀ ਪੌਸ਼ਟਿਕ ਖ਼ੁਰਾਕ

ਸ਼ਾਇਦ ਮੁੱਖ ਮੰਤਰੀ ਦੇ ਕੰਨੀਂ ਕਿਸੇ ਖੇਡ ਅਫ਼ਸਰ ਜਾਂ ਖੇਡ ਮਾਹਿਰ ਨੇ ਇਹ ਗੱਲ ਨਹੀਂ ਪਾਈ ਕਿ ਖ਼ੁਰਾਕ ਦੀ ਲੋੜ ਉੱਭਰਦੇ ਖਿਡਾਰੀਆਂ ਨੂੰ ਜ਼ਿਆਦਾ ਹੁੰਦੀ ਹੈ, ਜੋ ਤੰਗੀਆਂ- ਤੁਰਸ਼ੀਆਂ ਦੇ ਮਾਹੌਲ ਨਾਲ ਘੁਲਦਿਆਂ ਖੇਡ ਮੈਦਾਨਾਂ ’ਚ ਆਪਣਾ ਪਸੀਨਾ ਡੋਲਦੇ ਹਨ ਕਿਉਂਕਿ ਇਸ ਉਮਰੇ ਨਾ ਤਾਂ ਇਨ੍ਹਾਂ ਖਿਡਾਰੀਆਂ ਦੇ ਮਾਪਿਆਂ ਕੋਲ ਐਨੀ ਆਰਥਿਕ ਸਮਰੱਥਾ ਹੁੰਦੀ ਹੈ ਤੇ ਨਾ ਹੀ ਇਨ੍ਹਾਂ ਖਿਡਾਰੀਆਂ ਕੋਲ ਯੋਗ ਨੌਕਰੀ ਹੁੰਦੀ ਹੈ, ਜਿਸ ਨਾਲ ਓਹ ਆਪਣੀ ਰੋਜ਼ਾਨਾ ਦੀ ਪੌਸ਼ਟਿਕ ਖ਼ੁਰਾਕ ਨੂੰ ਪੂਰਾ ਕਰ ਸਕਣ। ਚਲੋ ਖੇਡ ਅਫ਼ਸਰ ਜਾਂ ਮਾਹਿਰ ਵੀ ਇਹ ਸੋਚਦੇ ਹੋਣੇ ਆ ਬਈ ਆਪਾਂ ਕੀ ਲੈਣਾ, ਆਪਾਂ ਤਾਂ ਇਹ ਦੇਖੋ ਕਿ 2.59 ਨਾਲ ਗੁਣਾ ਕਰ ਕੇ ਆਪਣੀ ਤਨਖ਼ਾਹ ’ਚ ਕਿੰਨਾ ਵਾਧਾ ਹੋ ਰਿਹਾ ਹੈ।

ਢੱਠੇ ਖੂਹ ’ਚ ਜਾਵੇ ਪੰਜਾਬ ਤੇ ਪੰਜਾਬ ਦੀ ਜਵਾਨੀ। ਹੁਣ ਤਾਂ ਸਾਰੇ ਵੈਸੇ ਵੀ ਆਈਲੈਟਸ ਕਰ ਕੇ ਬਾਹਰ ਨੂੰ ਭੱਜ ਰਹੇ ਹਨ। ਵੈਸੇ ਇਹ ਸੁਨੇਹਾ ਮੁੱਖ ਮੰਤਰੀ ਨੂੰ ਪਹੁੰਚਾਇਆ ਜਾਵੇ ਕਿ ਇਨ੍ਹਾਂ ਮਾਣਮੱਤੇ ਓਲੰਪੀਅਨਾਂ ਦੇ ਨਾਲ-ਨਾਲ ਪੂਰੇ ਪੰਜਾਬ ਦੇ ਸਿਖਲਾਈ ਕੇਂਦਰ ਦੇ ਖਿਡਾਰੀਆਂ ਲਈ ਵੀ ਕੜਛੀ ਘੁੰਮਾ ਦੇਵੋ!! ਸਪੋਰਟਸ ਵਿੰਗਾਂ ਦੀ ਆਸ ਵਿਚ!!

Related posts

Big Green Egg Open 2022 : ਭਾਰਤੀ ਮਹਿਲਾ ਗੋਲਫਰ ਵਾਣੀ ਕਪੂਰ ਰਹੀ ਤੀਜੇ ਸਥਾਨ ‘ਤੇ

On Punjab

ਉੱਘੇ ਕੌਮਾਂਤਰੀ ਕਬੱਡੀ ਖਿਡਾਰੀ ਬਿੱਟੂ ਦੁਗਾਲ ਦੀ ਮੌਤ

On Punjab

12ਵੀਂ ਹਾਕੀ ਇੰਡੀਆ ਕੌਮੀ ਜੂਨੀਅਰ ਮਹਿਲਾ ਹਾਕੀ ‘ਚ ਮਨਪ੍ਰੀਤ ਕੌਰ ਕਰੇਗੀ ਪੰਜਾਬ ਟੀਮ ਦੀ ਕਪਤਾਨੀ

On Punjab