ਜਿਵੇਂ-ਜਿਵੇਂ ਇਨਸਾਨ ਤਰੱਕੀ ਕਰਦਾ ਜਾ ਰਿਹਾ ਹੈ ਤਿਵੇਂ-ਤਿਵੇਂ ਉਸ ਦੀ ਜ਼ਿੰਦਗੀ ਵਿਚ ਕਈ ਤਰ੍ਹਾਂ ਦੀਆਂ ਚੁਣੌਤੀਆਂ ਵਧਦੀਆਂ ਜਾ ਰਹੀਆਂ ਹਨ। ਪਹਿਲਾਂ-ਪਹਿਲ ਪੈਦਲ ਸਫ਼ਰ ਕੀਤਾ ਜਾਂਦਾ ਸੀ। ਫਿਰ ਇਨਸਾਨ ਨੇ ਪਹੀਏ ਦੀ ਖੋਜ ਕੀਤੀ ਜਿਸ ਕਾਰਨ ਉਸ ਦੇ ਜੀਵਨ ਵਿਚ ਕ੍ਰਾਂਤੀਕਾਰੀ ਤਬਦੀਲੀ ਆਈ। ਰੇਹੜਾ, ਠੇਲ੍ਹਾ ਅਤੇ ਟਾਂਗਾ ਆਦਿ ਬਣਾ ਕੇ ਕਿਸੇ ਜਾਨਵਰ ਦੀ ਮਦਦ ਨਾਲ ਉਸ ਨੇ ਆਪਣਾ ਸਫ਼ਰ ਸੁਖਾਲਾ ਬਣਾ ਲਿਆ। ਸਾਇੰਸ ਦੀਆਂ ਨਿੱਤ ਨਵੀਆਂ ਖੋਜਾਂ ਸਦਕਾ ਇਨਸਾਨ ਦੇ ਸਫ਼ਰ ਲਈ ਅਨੇਕਾਂ ਆਵਾਜਾਈ ਦੇ ਸਾਧਨ ਹੋਂਦ ਵਿਚ ਆ ਗਏ ਜਿਵੇਂ ਕਿ ਸਾਈਕਲ, ਸਕੂਟਰ, ਬਾਈਕ, ਕਾਰ, ਬੱਸ, ਰੇਲਗੱਡੀ, ਹਵਾਈ ਜਹਾਜ਼ ਅਤੇ ਰਾਕਟ ਆਦਿ। ਇਨ੍ਹਾਂ ਸਦਕਾ ਦੁਨੀਆ ਨਿੱਕੀ ਜਿਹੀ ਬਣ ਕੇ ਰਹਿ ਗਈ ਹੈ।
ਅੱਜਕੱਲ੍ਹ ਸੂਰਤੇਹਾਲ ਇਹ ਹੈ ਕਿ ਸਾਡੇ ਦੇਸ਼ ਵਿਚ ਸੜਕਾਂ ‘ਤੇ ਟਰੈਫਿਕ ਬਹੁਤ ਜ਼ਿਆਦਾ ਵਧ ਗਈ ਹੈ ਜਿਸ ਕਾਰਨ ਸੜਕ ਹਾਦਸਿਆਂ ਦੀ ਤਾਦਾਦ ਵੀ ਚੋਖੀ ਵਧ ਗਈ ਹੈ। ਸ਼ੜਕ ਹਾਦਸਿਆਂ ਕਾਰਨ ਜਾਨੀ-ਮਾਲੀ ਨੁਕਸਾਨ ਵੀ ਕਾਫੀ ਹੋ ਰਿਹਾ ਹੈ। ਸੜਕ ਸੁਰੱਖਿਆ ਬਾਰੇ ਸਾਲਾਨਾ ਰਿਪੋਰਟ-2018 ਦੇ ਵੇਰਵਿਆਂ ਅਨੁਸਾਰ ਭਾਰਤ ਵਿਚ ਹਰ 10 ਮਿੰਟ ਵਿਚ ਸੜਕੀ ਹਾਦਸਿਆਂ ਕਾਰਨ 3 ਮੌਤਾਂ ਹੋ ਰਹੀਆਂ ਹਨ। ਰੋਡ ਟਰਾਂਸਪੋਰਟ ਐਂਡ ਹਾਈਵੇਜ਼ ਦੇ ਟਰਾਂਸਪੋਰਟ ਰਿਸਰਚ ਵਿੰਗ ਅਨੁਸਾਰ ਸਾਲ 2017 ਵਿਚ ਕੁੱਲ 4,64,900 ਸੜਕੀ ਹਾਦਸਿਆਂ ਵਿਚ 1,47,913 ਵਿਅਕਤੀਆਂ ਦੀ ਮੌਤ ਹੋ ਗਈ ਅਤੇ 4,70,975 ਬੁਰੀ ਤਰ੍ਹਾਂ ਜ਼ਖ਼ਮੀ ਹੋਏ। ਇਹ ਅੰਕੜੇ ਬਹੁਤ ਕੁਝ ਸੋਚਣ ਲਈ ਮਜਬੂਰ ਕਰਦੇ ਹਨ। ਸੜਕ ਹਾਦਸਿਆਂ ਦਾ ਸ਼ਿਕਾਰ ਬਣੇ ਉਕਤ ਵਿਅਕਤੀ ਬਚਾਏ ਜਾ ਸਕਦੇ ਸਨ ਬਸ਼ਰਤੇ ਸਾਡਾ ਸਿਸਟਮ ਅਤੇ ਸਮਾਜ ਸੜਕੀ ਸੁਰੱਖਿਆ ਦੇ ਨਿਯਮਾਂ ਪ੍ਰਤੀ ਸੰਜੀਦਾ ਹੁੰਦਾ।
ਮੈਂ ਆਪਣੀ ਜ਼ਿੰਦਗੀ ਵਿਚ ਇਕ ਸਾਲ ਯੂਰਪ ਦੇ ਛੋਟੇ ਜਿਹੇ ਦੇਸ਼ ਇਟਲੀ ਵਿਚ ਰਿਹਾ ਹਾਂ। ਉਸ ਦੇਸ਼ ਦੇ ਹਰੇਕ ਨਾਗਰਿਕ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਕਰਦੇ ਵੇਖ ਕੇ ਬਹੁਤ ਖ਼ੁਸ਼ੀ ਹੁੰਦੀ ਸੀ। ਜੇਕਰ ਸਿਰਫ਼ ਉਸ ਦੇਸ਼ ਨਾਲ ਹੀ ਅਸੀਂ ਆਪਣੇ ਦੇਸ਼ ਦਾ ਮੁਕਾਬਲਾ ਕਰ ਕੇ ਵੇਖੀਏ ਤਾਂ ਇਕ ਗੱਲ ਹੈਰਾਨ ਕਰਦੀ ਹੈ ਕਿ ਉੱਥੇ ਕਾਰ ਲੈਣੀ ਬਹੁਤ ਸੌਖ਼ੀ ਹੈ ਪਰ ਗੱਡੀ ਚਲਾਉਣ ਲਈ ਲਾਇਸੈਂਸ ਬਣਾਉਣ ਵਾਸਤੇ ਟੈਸਟ ਪਾਸ ਕਰਨਾ ਬਹੁਤ ਹੀ ਕਠਿਨ ਹੈ। ਲਿਖਤੀ ਪੇਪਰ, ਫਿਰ ਪ੍ਰੈਕਟੀਕਲ ਪਾਸ ਕਰਨਾ ਹੁੰਦਾ ਹੈ। ਦੂਜੇ ਪਾਸੇ ਸਾਡੇ ਦੇਸ਼ ਵਿਚ ਬਿਲਕੁਲ ਉਲਟ ਹੈ। ਗੱਡੀ ਕਿਸੇ ਨੇ ਖ਼ਰੀਦੀ ਹੋਵੇ ਜਾਂ ਨਾ ਪਰ ਡਰਾਈਵਿੰਗ ਲਾਇਸੈਂਸ ਹਰ ਕੋਈ ਆਸਾਨੀ ਨਾਲ ਬਣਵਾ ਲੈਂਦਾ ਹੈ। ਇਸੇ ਕਾਰਨ ਸਾਡੇ ਇੱਥੇ ਜ਼ਿੰਦਗੀ ਸਭ ਤੋਂ ਸਸਤੀ ਹੈ। ਅਨਟ੍ਰੇਂਡ ਜਾਂ ਲਾਇਸੈਂਸ ਰਹਿਤ ਚਾਲਕ ਸੜਕ ਹਾਦਸਿਆਂ ਦਾ ਕਾਰਨ ਬਣਦੇ ਹਨ।
ਜੇ ਅਸੀਂ ਇਨ੍ਹਾਂ ਹਾਦਸਿਆਂ ਤੋਂ ਖ਼ੁਦ ਨੂੰ, ਆਪਣਿਆਂ ਨੂੰ ਅਤੇ ਸੜਕਾਂ ‘ਤੇ ਚੱਲ ਰਹੇ ਹਰ ਜੀਵ ਨੂੰ ਸੁਰੱਖਿਅਤ ਵੇਖਣਾ ਚਾਹੁੰਦੇ ਹਾਂ ਤਾਂ ਸਾਨੂੰ ਸੜਕ ਸੁਰੱਖਿਆ ਬਾਰੇ ਸਕੂਲਾਂ-ਕਾਲਜਾਂ ਅਤੇ ਘਰ-ਬਾਹਰ ਜਾਗਰੂਕਤਾ ਜ਼ਰੂਰ ਫੈਲਾਉਣੀ ਚਾਹੀਦੀ ਹੈ। ਸਰਕਾਰਾਂ ਤਾਂ ਸੜਕਾਂ ਅਤੇ ਟਰੈਫਿਕ ਸਬੰਧੀ ਕਾਨੂੰਨ ਬਣਾ ਕੇ ਸੁਰਖਰੂ ਹੋ ਜਾਂਦੀਆਂ ਹਨ ਪਰ ਇਹ ਯਕੀਨੀ ਨਹੀਂ ਬਣਾਉਂਦੀਆਂ ਕਿ ਸੜਕਾਂ ਦੀ ਹਾਲਤ ਸਹੀ ਰੱਖੀ ਜਾਵੇ ਤੇ ਲੋਕਾਂ ਨੂੰ ਸੜਕੀ ਨਿਯਮਾਂ ਦੀ ਪਾਲਣਾ ਕਰਨੀ ਯਕੀਨੀ ਬਣਾਈ ਜਾਵੇ। ਅਕਸਰ ਦੇਖਿਆ ਜਾਂਦਾ ਹੈ ਕਿ ਲੋਕ ਟਰੈਫਿਕ ਨਿਯਮਾਂ ਦੀ ਪਾਲਣਾ ਕਰਨਾ ਆਪਣੀ ਸ਼ਾਨ ਦੇ ਖ਼ਿਲਾਫ਼ ਸਮਝਦੇ ਹਨ। ਦੋਪਹੀਆ ਵਾਹਨ ਚਾਲਕ ਹੈਲਮਟ ਪਾਉਣਾ ਨਹੀਂ ਚਾਹੁੰਦੇ। ਕਾਰ ਚਾਲਕ ਸੀਟ ਬੈਲਟ ਨਹੀਂ ਲਾਉਂਦੇ। ਪੁਲਿਸ ਵੀ ਚਾਲਾਨ ਕੱਟ ਕੇ ਹੀ ਸੁਰਖਰੂ ਹੋ ਜਾਂਦੀ ਹੈ।
ਸਰਕਾਰ ਅਤੇ ਪ੍ਰਸ਼ਾਸਨ ਨੂੰ ਬਹੁਤ ਸਖ਼ਤੀ ਕਰਨ ਦੀ ਜ਼ਰੂਰਤ ਹੈ। ਅਕਸਰ ਵੇਖਣ ਵਿਚ ਆਉਂਦਾ ਹੈ ਕਿ ਸਿਸਟਮ ਵਿਚ ਢਿੱਲ-ਮੱਠ ਦੀ ਕੀਮਤ ਜਾਨੀ-ਮਾਲੀ ਨੁਕਸਾਨ ਦੇ ਰੂਪ ਵਿਚ ਚੁਕਾਉਣੀ ਪੈਂਦੀ ਹੈ। ਅਸੀਂ ਸੜਕਾਂ ‘ਤੇ ਜੁਗਾੜੂ ਵਾਹਨ ਚੱਲਦੇ ਆਮ ਵੇਖਦੇ ਹਾਂ। ਦੋਪਹੀਆ ਵਾਹਨਾਂ ‘ਤੇ ਦੋ ਤੋਂ ਵੱਧ ਸਵਾਰੀਆਂ ਨਹੀਂ ਬੈਠ ਸਕਦੀਆਂ ਪਰ ਉਨ੍ਹਾਂ ‘ਤੇ ਅਕਸਰ ਓਵਰ-ਰਾਈਡਿੰਗ ਦੇਖਦੇ ਹਾਂ। ਦੋਪਹੀਆ ਵਾਹਨਾਂ ਦੇ ਮਗਰ ਬੈਠਣ ਲਈ ਜੁਗਾੜ ਲਾ ਕੇ ਕਈ ਕੁਝ ਬਣਾਇਆ ਜਾ ਰਿਹਾ ਹੈ ਜੋ ਕਿ ਬਹੁਤ ਖ਼ਤਰਨਾਕ ਰੁਝਾਨ ਹੈ। ਟਰੈਕਟਰ-ਟਰਾਲੀਆਂ ਵਿਚ ਤੂੜੀ ਅਤੇ ਫੱਕ ਭਰ ਕੇ ਬਣਾਏ ਅੰਬਾਰ ਹਾਦਸਿਆਂ ਨੂੰ ਸੱਦਾ ਦੇ ਰਹੇ ਹੁੰਦੇ ਹਨ। ਹਰ ਮੋਟਰ-ਗੱਡੀ ਦੀ ਸਮਰੱਥਾ ਅਨੁਸਾਰ ਉਸ ਵਿਚ ਸਵਾਰੀਆਂ ਬਿਠਾਈਆਂ ਜਾਣ ਜਾਂ ਭਾਰ ਲੱਦਿਆ ਜਾਵੇ ਤਾਂ ਜਾਨੀ-ਮਾਲੀ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ।
ਸੜਕ ਹਾਦਸਿਆਂ ਕਾਰਨ ਹੋ ਰਹੇ ਜਾਨੀ ਅਤੇ ਮਾਲੀ ਨੁਕਸਾਨ ਤੋਂ ਲੋਕਾਂ ਨੂੰ ਬਚਾਉਣ ਲਈ ਸਮਾਜ ਸੇਵੀ ਸੰਸਥਾਵਾਂ ਨੂੰ ਲੋਕਾਂ ਵਿਚ ਜਾਗ੍ਰਿਤੀ ਫੈਲਾਉਣ ਲਈ ਵੱਡੇ ਪੱਧਰ ‘ਤੇ ਉਪਰਾਲੇ ਕਰਨੇ ਪੈਣਗੇ ਕਿਉਂਕਿ ਕਿਸੇ ਦੀ ਜਾਨ ਬਚਾਉਣਾ ਵੀ ਸਮਾਜ ਸੇਵਾ ਹੈ। ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਲੋਕਾਂ ਕੋਲੋਂ ਸਖ਼ਤੀ ਨਾਲ ਟਰੈਫਿਕ ਨਿਯਮਾਂ ਦੀ ਪਾਲਣਾ ਕਰਵਾਏ। ਸੜਕਾਂ ‘ਤੇ ਵ੍ਹਾਈਟ ਲਾਈਨ, ਟਰੈਫਿਕ ਬੋਰਡ, ਟਰੈਫਿਕ ਲਾਈਟਸ ਦਾ ਪੂਰਾ ਪ੍ਰਬੰਧ ਹੋਣਾ ਚਾਹੀਦਾ ਹੈ। ਹਰ ਪਿੰਡ, ਗਲੀ-ਮੁਹੱਲੇ ਅਤੇ ਸਕੂਲਾਂ-ਕਾਲਜਾਂ ਵਿਚ ਆਵਾਜਾਈ ਦੇ ਨਿਯਮਾਂ ਸਬੰਧੀ ਸੈਮੀਨਾਰ ਕਰਵਾਏ ਜਾਣ, ਵਰਕਸ਼ਾਪਾਂ ਲਗਾਈਆਂ ਜਾਣ। ਅਖ਼ਬਾਰਾਂ, ਟੀਵੀ ਅਤੇ ਸੋਸ਼ਲ ਮੀਡੀਆ ਦੀ ਮਦਦ ਲੈ ਕੇ ਲੋਕਾਂ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਲਈ ਵੱਧ ਤੋਂ ਵੱਧ ਪ੍ਰੇਰਿਆ ਜਾਣਾ ਚਾਹੀਦਾ ਹੈ।
ਸੁਖਵਿੰਦਰ ਸਿੰਘ ਧਾਮੀ
98144-00950