ਕਿਤਾਬਾਂ ਪੜ੍ਹਨ ਵਾਲਾ ਨਾ ਸਿਰਫ਼ ਆਪਣਾ ਗਿਆਨ ਵਧਾਉਂਦਾ ਹੈ ਸਗੋਂ ਨਜ਼ਰੀਆ ਵੀ ਵਿਸ਼ਾਲ ਕਰਦਾ ਹੈ। ਉਹ ਸੌੜੀ ਸੋਚ ਦੇ ਖੇਤਰ ਤੋਂ ਵਿਦਾ ਹੋ ਜਾਂਦਾ ਹੈ ਅਤੇ ਮਾਨਵਵਾਦੀ ਵਿਚਾਰਾਂ ਨੂੰ ਧਾਰਨ ਕਰਦਾ ਹੈ। ਸਾਡੇ ਸਮਾਜ ’ਚ ਉਨ੍ਹਾਂ ਲਈ ਲਾਇਬ੍ਰੇਰੀਆਂ ਬਣੀਆਂ ਹਨ, ਜੋ ਕਿਤਾਬਾਂ ਪੜ੍ਹਨਾ ਪਸੰਦ ਕਰਦੇ ਹਨ। ਲਾਇਬ੍ਰੇਰੀ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਅਜੋਕੇ ਯੁੱਗ ’ਚ ਲੇਖਕ ਨਵੇਂ ਵਿਸ਼ਿਆਂ ’ਤੇ ਕਿਤਾਬਾਂ ਲਿਖ ਰਹੇ ਹਨ, ਜੋ ਨਾ ਸਿਰਫ਼ ਸਾਡੇ ਗਿਆਨ ਨੂੰ ਵਧਾਉਂਦੇ ਹਨ ਸਗੋਂ ਜੀਵਨ ਨੂੰ ਸਹੀ ਦਿਸ਼ਾ ਪ੍ਰਦਾਨ ਕਰਦੇ ਹਨ ਤਾਂ ਜੋ ਮਨ ਵਿਸ਼ਿਆਂ ਦੇ ਵਿਕਾਰ ਤੋਂ ਮੁਕਤ ਹੋ ਸਕੇ। ਲਾਇਬ੍ਰੇਰੀਆਂ ਆਮ ਆਦਮੀ ਦੀ ਗਿਆਨ ਇੱਛਾ ਨੂੰ ਸੰਤੁਸ਼ਟ ਕਰਦੀਆਂ ਹਨ।
ਗਿਆਨ ’ਚ ਹੰੁਦਾ ਹੈ ਵਾਧਾ
ਮਾਪਿਆਂ ਅਤੇ ਅਧਿਆਪਕਾਂ ਵੱਲੋਂ ਸਕੂਲ ’ਚ ਛੋਟੇ ਬੱਚਿਆਂ ਤੇ ਵਿਦਿਆਰਥੀਆਂ ’ਚ ਕਿਤਾਬਾਂ ਪੜ੍ਹਨ ਦੀ ਆਦਤ ਪੈਦਾ ਕਰਨੀ ਚਾਹੀਦੀ ਹੈ, ਤਾਂ ਜੋ ਉਨ੍ਹਾਂ ਦਾ ਗਿਆਨ ਨਿਰੰਤਰ ਵਧਿਆ ਜਾ ਸਕੇ। ਛੋਟੀ ਤੋਂ ਲੈ ਕੇ ਵੱਡੀ ਕਿਤਾਬ ਹਮੇਸ਼ਾ ਸਾਡੇ ਗਿਆਨ ਨੂੰ ਵਧਾਉਂਦੀ ਹੈ। ਸਿਰਫ਼ ਲੋੜ ਹੈ ਕਿ ਇਹ ਗਿਆਨ ਕਦੋਂ ਤੇ ਕਿਵੇਂ ਪ੍ਰਾਪਤ ਕਰਨਾ ਹੈ। ਕਿਤਾਬਾਂ ਸਾਨੂੰ ਅਤੀਤ ਬਾਰੇ ਜਾਣਕਾਰੀ ਦਿੰਦੀਆਂ ਹਨ, ਜਿਵੇਂ ਪਿਛਲੀਆਂ ਲੜਾਈਆਂ, ਯੁੱਧਾਂ, ਰਾਜਿਆਂ, ਸ਼ਹੀਦਾਂ, ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਆਦਿ ਬਾਰੇ।
ਕਰੋ ਉਤਸ਼ਾਹਿਤ
ਸਾਹਿਤਕ ਪੁਸਤਕਾਂ ਮਨੁੱਖ ’ਚ ਅਜਿਹਾ ਗਿਆਨ ਪੈਦਾ ਕਰਦੀਆਂ ਹਨ, ਜੋ ਉਸ ਨੂੰ ਚੰਗੀ ਸੋਚ, ਸਮੇਂ ਦੇ ਸਾਥੀ ਤੇ ਸੱਭਿਆਚਾਰਕ ਪੱਖਾਂ ਤੋਂ ਜਾਣੂ ਕਰਵਾਉਂਦੀਆਂ ਹਨ। ਸਾਨੂੰ ਬੱਚਿਆਂ, ਵਿਦਿਆਰਥੀਆਂ ਤੇ ਹਰ ਉਮਰ ਦੇ ਲੋਕਾਂ ਨੂੰ ਕਿਤਾਬਾਂ ਪੜ੍ਹਨ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ ਤਾਂ ਜੋ ਵਧੀਆ ਸਮਾਜ ਦਾ ਨਿਰਮਾਣ ਹੋ ਸਕੇ ਤੇ ਸਮਾਜ ’ਚ ਫੈਲ ਰਹੀਆਂ ਬੁਰਾਈਆਂ ਨੂੰ ਠੱਲ੍ਹ ਪਾਈ ਜਾ ਸਕੇ।
ਕਿਤਾਬਾਂ ਹਨ ਮਾਰਗ ਦਰਸ਼ਕ
ਕਿਤਾਬਾਂ ਸਾਡੇ ਕਿਰਦਾਰ ਨੂੰ ਢਾਲਣ ’ਚ ਮਹੱਤਵਪੂਰਨ ਭੂਮਿਕਾ ਅਦਾ ਕਰਦੀਆਂ ਹਨ। ਸਾਨੂੰ ਉਨ੍ਹਾਂ ਨਾਲ ਦੋਸਤੀ ਹੋਣੀ ਚਾਹੀਦੀ ਹੈ ਕਿਉਂਕਿ ਸੱਚਾ ਦੋਸਤ ਜ਼ਿੰਦਗੀ ’ਚ ਸਹੀ ਮਾਰਗ ਦਰਸ਼ਕ ਕਰਦਾ ਹੈ। ਕਿਤਾਬਾਂ ਸਾਡੀ ਜ਼ਿੰਦਗੀ ਨੂੰ ਸਹੀ ਦਿਸ਼ਾ ਪ੍ਰਦਾਨ ਕਰਦੀਆਂ ਹਨ। ਕਿਤਾਬਾਂ ਨੂੰ ਪੜ੍ਹਨਾ ਕੋਈ ਵਿਅਰਥ ਨਹੀਂ ਹੈ, ਅਸੀਂ ਉਨ੍ਹਾਂ ਤੋਂ ਪੜ੍ਹ ਕੇ ਬਹੁਤ ਸਾਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ।
ਪੜ੍ਹਨ ਦਾ ਰੁਝਾਨ ਹੋਇਆ ਘੱਟ
ਕਿਤਾਬਾਂ ਸਾਡੀ ਜ਼ਿੰਦਗੀ ’ਚ ਅਹਿਮ ਰੋਲ ਅਦਾ ਕਰਦੀਆਂ ਹਨ ਪਰ ਅਜੋਕੇ ਦੌਰ ’ਚ ਕਿਤਾਬਾਂ ਪੜ੍ਹਨ ਦਾ ਰੁਝਾਨ ਬਹੁਤ ਘੱਟ ਹੋਇਆ ਹੈ। ਹੁਣ ਵਿਦਿਆਰਥੀ ਆਪਣੇ ਖ਼ਾਲੀ ਸਮੇਂ ’ਚ ਫੋਨ ਦੇਖਣਾ ਵਧੇਰੇ ਜ਼ਰੂਰੀ ਸਮਝਦਾ ਹੈ ਪਰ ਜੋ ਗਿਆਨ ਸਾਨੂੰ ਕਿਤਾਬਾਂ ਤੋਂ ਪ੍ਰਾਪਤ ਕਰਨ ਦੀ ਲੋੜ ਹੈ, ਉਹ ਕਿਸੇ ਹੋਰ ਸਰੋਤ ਤੋਂ ਪ੍ਰਾਪਤ ਨਹੀਂ ਕੀਤਾ ਜਾ ਸਕਦਾ।