ਅਮਰੀਕੀ ਉਪ-ਰਾਸ਼ਟਰਪਤੀ ਕਮਲਾ ਹੈਰਿਸ ਨੇ ਸੰਯੁਕਤ ਰਾਸ਼ਟਰ ’ਚ ਆਪਣੇ ਪਹਿਲੇ ਸੰਬੋਧਨ ’ਚ ਕਿਹਾ ਕਿ ਲੋਕਤੰਤਰ ਦਾ ਮੂਲ ਤੱਤ ਔਰਤਾਂ ਦੇ ਸਸ਼ਕਤੀਕਰਨ ’ਤੇ ਨਿਰਭਰ ਕਰਦਾ ਹੈ। ਅਜਿਹੇ ’ਚ ਜੇ ਔਰਤਾਂ ਨੂੰ ਫ਼ੈਸਲਾ ਪ੍ਰਕਿਰਿਆ ਤੋਂ ਵੱਖ ਰੱਖਿਆ ਜਾਂਦਾ ਹੈ ਤਾਂ ਇਹ ਲੋਕਤੰਤਰ ਦੀ ਖਾਮੀ ਨੂੰ ਦਰਸਾਉਂਦਾ ਹੈ। ਹੈਰਿਸ ਨੇ ਔਰਤਾਂ ਦੇ ਪੱਧਰ ’ਤੇ ਸੰਯੁਕਤ ਰਾਸ਼ਟਰ ਕਮਿਸ਼ਨ ਦੇ 65ਵੇਂ ਸੈਸ਼ਨ ’ਚ ਆਪਣੇ ਸੰਬੋਧਨ ’ਚ ਦੁਨੀਆ ਭਰ ’ਚ ਲੋਕਤੰਤਰ ਤੇ ਆਜ਼ਾਦੀ ’ਚ ਗਿਰਾਵਟ ’ਤੇ ਚਿੰਤਾ ਪ੍ਰਗਟਾਈ।
ਕਮਲਾ ਹੈਰਿਸ ਨੇ ਕਿਹਾ, ‘ਅਸੀਂ ਜਾਣਦੇ ਹਾਂ ਕਿ ਅੱਜ ਲੋਕਤੰਤਰ ’ਤੇ ਦਬਾਅ ਵੱਧ ਰਿਹਾ ਹੈ। ਅਸੀਂ ਦੇਖਿਆ ਹੈ ਕਿ 15 ਸਾਲਾਂ ’ਚ ਦੁਨੀਆ ਭਰ ’ਚ ਆਜ਼ਾਦੀ ’ਚ ਕਮੀ ਆਈ ਹੈ। ਮਾਹਿਰਾਂ ਦਾ ਤਾਂ ਇੱਥੋਂ ਤਕ ਮੰਨਣਾ ਹੈ ਕਿ ਬੀਤਿਆ ਸਾਲ ਦੁਨੀਆ ਭਰ ’ਚ ਲੋਕਤੰਤਰ ਤੇ ਆਜ਼ਾਦੀ ਦੀ ਵਿਗਡ਼ਦੀ ਸਥਿਤੀ ਦੇ ਲਿਹਾਜ ਨਾਲ ਸਭ ਤੋਂ ਬੁਰਾ ਸੀ।’ ਹੈਰਿਸ ਨੇ ਕਿਹਾ ਕਿ ਲੋਕਤੰਤਰ ਦੀ ਸਥਿਤੀ ਮੂਲ ਰੂਪ ’ਚ ਔਰਤਾਂ ਦੇ ਸਸ਼ਕਤੀਕਰਨ ’ਤੇ ਨਿਰਭਰ ਕਰਦੀ ਹੈ, ਅਜਿਹੇ ’ਚ ਫ਼ੈਸਲੇ ਲੈਣ ਦੀ ਪ੍ਰਕਿਰਿਆ ਤੋਂ ਔਰਤਾਂ ਨੂੰ ਬਾਹਰ ਰੱਖਣਾ ਇਸ ਵੱਲ ਇਸ਼ਾਰਾ ਕਰਦਾ ਹੈ ਕਿ ਲੋਕਤੰਤਰ ’ਚ ਖਾਮੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਮੁੱਦੇ ’ਤੇ ਔਰਤਾਂ ਦੀ ਹਿੱਸੇਦਾਰੀ ਲੋਕਤੰਤਰ ਨੂੰ ਮਜ਼ਬੂਤ ਬਣਾਉਂਦੀ ਹੈ। ਹੈਰਿਸ ਨੇ ਕਿਹਾ ਕਿ ਔਰਤਾਂ ਦੀ ਸਥਿਤੀ ਲੋਕਤੰਤਰ ਦੀ ਸਥਿਤੀ ਹੈ ਤੇ ਅਮਰੀਕਾ ਦੋਵਾਂ ਨੂੰ ਬਿਹਤਰ ਬਣਾਉਣ ਲਈ ਕੰਮ ਕਰੇਗਾ। ਸੰਯੁਕਤ ਰਾਸ਼ਟਰ ਦੇ ਮੈਂਬਰ ਦੇਸ਼, ਸਹਿਯੋਗੀ ਸੰਸਥਾਵਾਂ ਤੇ ਗ਼ੈਰ-ਸਰਕਾਰੀ ਸੰਗਠਨ 15 ਤੋਂ 26 ਮਾਰਚ ਤਕ ਚੱਲਣ ਵਾਲੇ ਇਸ ਸੈਸ਼ਨ ’ਚ ਵਰਚੁਅਲ ਤਰੀਕੇ ਨਾਲ ਹਿੱਸਾ ਲੈ ਰਹੇ ਹਨ। ਅਮਰੀਕਾ ਦੀ ਪਹਿਲੀ ਸਿਆਹਫਾਮ ਤੇ ਦੱਖਣੀ ਏਸ਼ਿਆਈ ਮੂਲ ਦੀ ਉਪ ਰਾਸ਼ਟਰਪਤੀ ਹੈਰਿਸ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਨੇ ਦੁਨੀਆ ਭਰ ’ਚ ਆਰਥਿਕ ਸੁਰੱਖਿਆ, ਸਰੀਰਕ ਸੁਰੱਖਿਆ ਤੇ ਔਰਤਾਂ ਦੀ ਸਿਹਤ ਨੂੰ ਨੁਕਸਾਨ ਪਹੁੰਚਾਇਆ ਹੈ।ਭਾਰਤੀ ਮੂਲ ਦੀ ਅਮਰੀਕੀ ਕਾਰੋਬਾਰੀ ਲਲਿਤਾ ਚਿਰਤੂਰ ਨੇ ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨਾਲ ਇਕ ਬੈਠਕ ’ਚ ਹਿੱਸਾ ਲਿਆ ਤੇ ਉਨ੍ਹਾਂ ਨੂੰ ਕੌਮਾਂਤਰੀ ਪਲਾਸਟਿਕ ਨੀਤੀ ਦਾ ਸਮਰਥਨ ਕਰਨ ਦੀ ਅਪੀਲ ਕੀਤੀ। ਲਲਿਤਾ ਵਸਤੂਆਂ ਦੀ ਦਰਾਮਦ ਕਾਰੋਬਾਰ ਨਾਲ ਜੁਡ਼ੀ ਹੈ ਤੇ ਭਾਰਤ ’ਚ ਵਿਧਵਾ ਔਰਤਾਂ ਦੀ ਸਹਾਇਤਾ ਲਈ ਕੰਮ ਕਰਦੀ ਹੈ। ਲਲਿਤਾ ਈਕੋ ਆਲ ਟ੍ਰੇਡਿੰਗ ਐੱਲਐੱਲਸੀ ਦੀ ਮਾਲਕ ਹੈ ਜੋ ਸਟੇਨਲੈੱਸ ਸਟੀਲ, ਬਾਂਸ ਵਰਗੇ ਟਿਕਾਊ ਉਤਪਾਦਾਂ ਦਾ ਥੋਕ ਵਪਾਰ ਕਰਦੀ ਹੈ। ਉਹ ਮੰਗਲਵਾਰ ਨੂੰ ਆਪਣੀ ਬੇਟੀ ਨਾਲ ਡੇਨਵਰ, ਕੋਲੋਰਾਡੋ ’ਚ ਹੈਰਿਸ ਨਾਲ ਰਾਊਂਡ ਟੇਬਲ ’ਚ ਸ਼ਾਮਲ ਹੋਈ। ਇਸ ਦੌਰਾਨ ਉਨ੍ਹਾਂ ਛੋਟੇ ਕਾਰੋਬਾਰੀਆਂ ਨੂੰ ਬਡ਼੍ਹਾਵਾ ਦੇਣ ’ਤੇ ਜ਼ੋਰ ਦਿੱਤਾ।