ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਸਟੀਫ਼ਨ ਹਾਰਪਰ ਨੇ ਉਨ੍ਹਾਂ ਕੈਨੇਡੀਅਨਾਂ ਦੀ ਨਿਖੇਧੀ ਕੀਤੀ ਹੈ, ਜਿਹੜੇ ਕਥਿਤ ਤੌਰ ’ਤੇ ਸਿੱਖ ਵੱਖਵਾਦ ਨੂੰ ਹੱਲਾਸ਼ੇਰੀ ਦਿੰਦੇ ਹਨ। ਇਸ ਤੋਂ ਇਲਾਵਾ ਸ੍ਰੀ ਹਾਰਪਰ ਨੇ ਅਜਿਹੇ ਵੀ ਕੁਝ ਸੰਕੇਤ ਦਿੱਤੇ ਹਨ ਕਿ ਜੇ ਉਨ੍ਹਾਂ ਦੀ ਕਨਜ਼ਰਵੇਟਿਵ ਪਾਰਟੀ ਕੈਨੇਡਾ ਦੀ ਸੱਤਾ ਉੱਤੇ ਦੋਬਾਰਾ ਕਾਬਜ਼ ਹੁੰਦੀ ਹੈ, ਤਾਂ ਉਨ੍ਹਾਂ ਦੇ ਸਬੰਧ ਭਾਰਤ ਦੀ ਮੌਜੂਦਾ ਨਰਿੰਦਰ ਮੋਦੀ ਸਰਕਾਰ ਨਾਲ ਬਹੁਤ ਨੇੜਲੇ ਤੇ ਸੁਖਾਵੇਂ ਹੋਣਗੇ।
ਸ੍ਰੀ ਹਾਰਪਰ ਨੇ ਉਨ੍ਹਾਂ ਕੁਝ ਲੋਕਾਂ ਦੀ ਆਲੋਚਨਾ ਕੀਤੀ, ਜਿਹੜੇ ਪਿਛਲੇ ਲੜਾਈ–ਝਗੜੇ ਕੈਨੇਡਾ ਲੈ ਕੇ ਆਉਂਦੇ ਹਨ ਤੇ ਇਸ ਵੇਲੇ ਕਥਿਤ ਤੌਰ ਉੱਤੇ ਭਾਰਤ ਵਿੱਚ ਵੰਡੀਆਂ ਪਾਉਣ ਦੇ ਜਤਨ ਕਰ ਰਹੇ ਹਨ।
ਕੈਨੇਡਾ ਦੇ ਕਿਸੇ ਵੀ ਪ੍ਰਮੁੱਖ ਸਿਆਸੀ ਆਗੂ ਨੇ ਇਸ ਤੋਂ ਪਹਿਲਾਂ ਵੱਖਰੇ ਸਿੱਖ ਹੋਮਲੈਂਡ – ਖ਼ਾਲਿਸਤਾਨ ਲਈ ਜੂਝਣ ਵਾਲੇ ਲੋਕਾਂ ਵਿਰੁੱਧ ਅਜਿਹਾ ਹਮਲਾ ਕਦੇ ਨਹੀਂ ਕੀਤਾ।
‘ਨੈਸ਼ਨਲ ਪੋਸਟ’ ਦੀ ਰਿਪੋਰਟ ਮੁਤਾਬਕ ਸ੍ਰੀ ਹਾਰਪਰ ਜਦੋਂ ਟੋਰਾਂਟੋ ਵਿਖੇ ਇੱਕ ਸਮਾਰੋਹ ਦੌਰਾਨ ਇਹ ਭਾਰਤ–ਪੱਖੀ ਸ਼ਬਦ ਬੋਲ ਰਹੇ ਸਨ, ਤਦ ਅਨੇਕ ਭਾਰਤੀ ਨਾਗਰਿਕ ਉੱਠ ਕੇ ਖਲੋ ਗਏ। ਇਸੇ ਤੋਂ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਕੈਨੇਡਾ ਦੀ ਕਨਜ਼ਰਵੇਟਿਵ ਪਾਰਟੀ ਹੁਣ ਭਾਰਤ ਸਰਕਾਰ ਦੇ ਨੇੜੇ ਹੁੰਦੀ ਜਾ ਰਹੀ ਹੈ।
ਉੱਧਰ ਅਜਿਹੇ ਹਾਲਾਤ ਤੋਂ ਕੁਝ ਸਿੱਖ ਆਗੂਆਂ ਦੀ ਦਲੀਲ ਹੈ ਕਿ ਭਾਰਤ ਦੀ ਹਿੰਦੂ–ਰਾਸ਼ਟਰਵਾਦੀ ਸਰਕਾਰ ਹੁਣ ਕਥਿਤ ਤੌਰ ’ਤੇ ਕੈਨੇਡਾ ਵਿੱਚ ਵੀ ਫਿਰਕੂ ਵੰਡੀਆਂ ਪਾਉਣਾ ਚਾਹ ਰਹੀ ਹੈ।
ਇੱਥੇ ਵਰਨਣਯੋਗ ਹੈ ਕਿ ਕਈ ਮਹੀਨੇ ਪਹਿਲਾਂ ਜਦੋਂ ਕੈਨੇਡਾ ਦੀ ਕਨਜ਼ਰਵੇਟਿਵ ਪਾਰਟੀ ਦੇ ਮੌਜੂਦਾ ਆਗੂ ਐਂਡ੍ਰਿਯੂ ਸਕੀਰ ਭਾਰਤ ਦੇ ਦੌਰੇ ਉੱਤੇ ਗਏ ਸਨ, ਤਦ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਉਨ੍ਹਾਂ ਦਾ ਨਿੱਘਾ ਸੁਆਗਤ ਕੀਤਾ ਸੀ।
ਇੱਥੇ ਵਰਨਣਯੋਗ ਹੈ ਕਿ ਕੈਨੇਡਾ ਦੇ ਮੌਜੂਦਾ ਪ੍ਰਧਾਨ ਮੰਤਰੀ ਸ੍ਰੀ ਜਸਟਿਨ ਟਰੂਡੋ ਦੀ ਅਗਵਾਈ ਹੇਠਲੀ ਸਰਕਾਰ ਉੱਤੇ ਬਹੁਤ ਵਾਰ ਅਜਿਹੇ ਇਲਜ਼ਾਮ ਲੱਗਦੇ ਰਹੇ ਹਨ ਕਿ ਉਹ ਕਥਿਤ ਤੌਰ ਉੱਤੇ ਸਿੱਖ ਖਾੜਕੂਆਂ ਪ੍ਰਤੀ ਕੁਝ ਨਰਮ ਰਵੱਈਆ ਅਖ਼ਤਿਆਰ ਕਰਦੀ ਰਹੀ ਹੈ।