ਅਮਰੀਕੀ ਸੈਨੇਟ ਨੇ ਭਾਰਤ ਨੂੰ ਨਾਟੋ ਸਹਿਯੋਗੀ ਦੇਸ਼ ਵਰਗਾ ਦਰਜਾ ਦੇਣ ਲਈ ਇੱਕ ਬਿਲ ਪਾਸ ਕੀਤਾ ਹੈ। ਇਸ ਬਿਲ ਦਾ ਨਾਂਅ ‘ਨੈਸ਼ਨਲ ਡਿਫ਼ੈਂਸਜ਼ ਆਥੋਰਾਇਜ਼ੇਸ਼ਨ ਐਕਟ’ (NDAA) ਰੱਖਿਆ ਗਿਆ ਹੈ।
ਇਹ ਬਿਲ ਸੈਨੇਟ ਨੇ ਪਿਛਲੇ ਹਫ਼ਤੇ ਪਾਸ ਕੀਤਾ ਸੀ। ਇਹ ਬਿਲ ਭਾਰਤ ਨੂੰ ਅਮਰੀਕਾ ਦੇ ਨਾਟੋ ਸਹਿਯੋਗੀਆਂ ਦੇ ਬਰਾਬਰ ਦਾ ਦਰਜਾ ਦਿੰਦਾ ਹੈ। ਇਸ ਤੋਂ ਪਹਿਲਾਂ ਅਮਰੀਕਾ ਇਜ਼ਰਾਇਲ ਤੇ ਦੱਖਣੀ ਕੋਰੀਆ ਨੂੰ ਇਹ ਦਰਜਾ ਦੇ ਚੁੱਕਾ ਹੈ।
ਇਸ ਬਿਲ ਦੇ ਪਾਸ ਹੋਣ ਨਾਲ ਭਾਰਤ ਨੂੰ ਰੱਖਿਆ ਸਹਿਯੋਗ ਵਿੱਚ ਕਾਫ਼ੀ ਸਹੂਲਤ ਹੋਵੇਗੀ। ਰੱਖਿਆ ਮਾਮਲਿਆਂ ਵਿੱਚ ਅਮਰੀਕਾ ਹੁਣ ਭਾਰਤ ਨਾਲ ਨਾਟੋ ਦੇ ਸਹਿਯੋਗੀ ਦੇਸ਼ਾਂ ਵਾਂਗ ਸੌਦਾ ਕਰ ਸਕੇਗਾ।
ਇੱਥੇ ਵਰਨਣਯੋਗ ਹੈ ਕਿ ਏਸ਼ੀਆ ਵਿੱਚ ਚੀਨ ਦੀ ਸਰਦਾਰੀ ਖ਼ਤਮ ਕਰਨ ਦੇ ਮੰਤਵ ਨਾਲ ਅਮਰੀਕਾ ਦਰਅਸਲ ਹੁਣ ਭਾਰਤ ਦੇ ਨੇੜੇ ਆਉਣਾ ਚਾਹੁੰਦਾ ਹੈ। ਇਸੇ ਕਾਰਨ ਚੀਨ ਹੁਣ ਭਾਰਤ ਪ੍ਰਤੀ ਥੋੜ੍ਹੀ ਨਾਰਾਜ਼ਗੀ ਰੱਖ ਰਿਹਾ ਹੈ ਤੇ ਉਹ ਆਪਣਾ ਪੱਖ ਜ਼ਿਆਦਾਤਰ ਪਾਕਿਸਤਾਨ ਦੇ ਹੱਕ ਵਿੱਚ ਕਰਨ ਲੱਗ ਪਿਆ ਹੈ।
ਉਂਝ ਵੀ ਚੀਨ ਨੂੰ ਇਹ ਵੀ ਗਿਲਾ ਰਹਿੰਦਾ ਹੈ ਕਿ ਭਾਰਤ ਨੇ ਉਸ ਦੇ ਵਿਰੋਧੀ ਦਲਾਈਲਾਮਾ ਨੂੰ ਆਪਣੀ ਰਾਜਧਾਨੀ ਭਾਰਤ ਵਿੱਚ ਬਣਾਉਣ ਦੀ ਇਜਾਜ਼ਤ ਦਿੱਤੀ ਹੋਈ ਹੈ।