ਅਮਰੀਕਾ ਦੀ ਨਵੀਂ ਚੁਣੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਦੇਸ਼ ਵਿਚ ਬਿਨਾਂ ਕਿਸੇ ਦਸਤਾਵੇਜ਼ ਦੇ ਰਹਿ ਰਹੇ 1.1 ਕਰੋੜ ਲੋਕਾਂ ਨੂੰ ਨਾਗਰਿਕਤਾ ਦੇਣ ਦਾ ਵਾਅਦਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿਚ ਸੰਸਦ ਵਿਚ ਇਕ ਬਿੱਲ ਪੇਸ਼ ਕੀਤਾ ਜਾਵੇਗਾ। ਤਿੰਨ ਨਵੰਬਰ ਨੂੰ ਹੋਈ ਚੋਣ ਵਿਚ ਜੋਅ ਬਾਇਡਨ ਰਾਸ਼ਟਰਪਤੀ ਅਤੇ ਕਮਲਾ ਹੈਰਿਸ ਉਪ ਰਾਸ਼ਟਰਪਤੀ ਚੁਣੀ ਗਈ। ਉਹ 20 ਜਨਵਰੀ ਨੂੰ ਸਹੁੰ ਚੁਕਣਗੇ।
ਭਾਰਤੀ ਮੂਲ ਦੀ ਹੈਰਿਸ ਨੇ ਮੰਗਲਵਾਰ ਨੂੰ ਟਵਿੱਟਰ ‘ਤੇ ਲਿਖਿਆ ਕਿ ਅਹੁਦਾ ਸੰਭਾਲਣ ਪਿੱਛੋਂ ਉਨ੍ਹਾਂ ਦੀ ਅਤੇ ਬਾਇਡਨ ਦੀ ਤਰਜੀਹ ਅਮਰੀਕੀ ਲੋਕਾਂ ਨੂੰ ਕੋਰੋਨਾ ਮਹਾਮਾਰੀ ਤੋਂ ਬਚਾਉਣ ਦੀ ਹੋਵੇਗੀ। ਉਨ੍ਹਾਂ ਇਹ ਵੀ ਵਾਅਦਾ ਕੀਤਾ ਕਿ ਪੈਰਿਸ ਪੌਣਪਾਣੀ ਸਮਝੌਤੇ ਨਾਲ ਅਮਰੀਕਾ ਦੁਬਾਰਾ ਜੁੜੇਗਾ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਸਮਝੌਤੇ ਨੂੰ ਪੱਖਪਾਤੀ ਕਰਾਰ ਦਿੱਤਾ ਸੀ ਅਤੇ ਇਸ ਤੋਂ ਅਮਰੀਕਾ ਨੂੰ ਅਲੱਗ ਕਰ ਲਿਆ ਸੀ। ਇਹ ਸਮਝੌਤਾ 2015 ਵਿਚ ਕੀਤਾ ਗਿਆ ਸੀ। ਹੈਰਿਸ ਨੇ ਟਵਿੱਟਰ ‘ਤੇ ਲਿਖਿਆ ਕਿ ਪਹਿਲੇ ਦਿਨ ਤੋਂ ਮੈਂ ਅਤੇ ਬਾਇਡਨ ਕੋਰੋਨਾ ਮਹਾਮਾਰੀ ਨੂੰ ਕੰਟਰੋਲ ਕਰਨ ਅਤੇ ਲੋਕਾਂ ਦੀ ਜਾਨ ਬਚਾਉਣ ਲਈ ਕੰਮ ਕਰਾਂਗੇ। ਅਸੀਂ ਡ੍ਰੀਮਰਸ ਦੀ ਸੁਰੱਖਿਆ ਲਈ ਕਦਮ ਚੁੱਕਾਂਗੇ ਅਤੇ ਬਿਨਾਂ ਦਸਤਾਵੇਜ਼ ਵਾਲੇ 1.1 ਕਰੋੜ ਲੋਕਾਂ ਨੂੰ ਨਾਗਰਿਕਤਾ ਦੇਣ ਦੀ ਰੂਪ ਰੇਖਾ ਦੇ ਨਾਲ ਇਕ ਬਿੱਲ ਸੰਸਦ ਨੂੰ ਭੇਜਾਂਗੇ। ਅਮਰੀਕਾ ਦੇ ਡ੍ਰੀਮਰਸ ਦਾ ਸਬੰਧ ਅਜਿਹੇ ਵਿਦੇਸ਼ੀ ਨੌਜਵਾਨ ਤੋਂ ਹੁੰਦਾ ਹੈ ਜੋ ਡਿਵੈਲਪਮੈਂਟ, ਰਿਲੀਫ ਐਂਡ ਐਜੂਕੇਸ਼ਨ ਫਾਰ ਏਲੀਅਨ ਮਾਈਨਰਸ (ਡ੍ਰੀਮ) ਪ੍ਰਰੋਗਰਾਮ ਦੇ ਯੋਗ ਹੁੰਦਾ ਹੈ। ਇਹ ਪ੍ਰਰੋਗਰਾਮ ਬਿਨਾਂ ਕਿਸੇ ਦਸਤਾਵੇਜ਼ ਵਾਲੇ ਉਨ੍ਹਾਂ ਲੋਕਾਂ ਨੂੰ ਅਸਥਾਈ ਤੌਰ ‘ਤੇ ਸੁਰੱਖਿਆ ਮੁਹੱਈਆ ਕਰਾਉਂਦਾ ਹੈ ਜੋ ਬਚਪਨ ਵਿਚ ਅਮਰੀਕਾ ਚਲੇ ਆਏ ਸਨ। ਟਰੰਪ ਪ੍ਰਸ਼ਾਸਨ ਇਸ ਪ੍ਰਰੋਗਰਾਮ ਨੂੰ ਰੱਦ ਕਰਨਾ ਚਾਹੁੰਦਾ ਸੀ। ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਕਾਰਜਕਾਲ ਵਿਚ ਇਹ ਪ੍ਰਰੋਗਰਾਮ ਸ਼ੁਰੂ ਕੀਤਾ ਗਿਆ ਸੀ। ਇਸ ਪ੍ਰਰੋਗਰਾਮ ਨੂੰ ਡ੍ਰੀਮਰਸ ਦੇ ਨਾਂ ਨਾਲ ਜਾਣਿਆ ਜਾਂਦਾ ਹੈ।