ਨਵੀਂ ਦਿੱਲੀ: ਉੱਤਰਾਖੰਡ ਤੋਂ ਬੇਹੱਦ ਹੈਰਾਨੀਜਨਕ ਖ਼ਬਰ ਸਾਹਮਣੇ ਆਈ ਹੈ ਜਿੱਥੇ ਸਵਾ 100 ਤੋਂ ਵੱਧ ਪਿੰਡਾਂ ਵਿੱਚ ਪਿਛਲੇ ਤਿੰਨ ਮਹੀਨਿਆਂ ਦੌਰਾਨ ਕਿਸੇ ਵੀ ਲੜਕੀ ਦਾ ਜਨਮ ਨਹੀਂ ਹੋਇਆ। ਸਰਕਾਰੀ ਅੰਕੜਿਆਂ ਮੁਤਾਬਕ ਉੱਤਰਕਾਸ਼ੀ ਜ਼ਿਲ੍ਹੇ ਦੇ 132 ਪਿੰਡਾਂ ਵਿੱਚ 216 ਬੱਚੇ ਪੈਦਾ ਹੋਏ, ਜਿਨ੍ਹਾਂ ਵਿੱਚ ਇੱਕ ਵੀ ਕੁੜੀ ਨਹੀਂ ਸੀ।
ਅੰਗਰੇਜ਼ੀ ਅਖ਼ਬਾਰ ਦੀ ਰਿਪੋਰਟ ਮੁਤਬਾਕ ਜ਼ਿਲ੍ਹਾ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਗਈ ਹੈ ਇਸ ਜ਼ਿਲ੍ਹੇ ‘ਚ ਲੜਕੀਆਂ ਦੀ ਜਨਮ ਦਰ ਸਿਫਰ ਹੈ। ਉਨ੍ਹਾਂ ਕਿਹਾ ਕਿ ਇਸ ਦਾ ਕਾਰਨ ਲੱਭਣ ਲਈ ਇਲਾਕੇ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਦੇ ਪਿੱਛੇ ਕਾਰਨ ਦਾ ਪਤਾ ਲਗਾਉਣ ਲਈ ਇਕ ਸਰਵੇਖਣ ਅਤੇ ਅਧਿਐਨ ਕਰਵਾਇਆ ਜਾਵੇਗਾ।
ਜ਼ਿਲ੍ਹਾ ਪ੍ਰਸ਼ਾਸਨ ਨੇ ਆਸ਼ਾ ਵਰਕਰਾਂ ਨਾਲ ਹੰਗਾਮੀ ਮੀਟਿੰਗ ਵੀ ਸੱਦੀ ਤੇ ਉਨ੍ਹਾਂ ਨੂੰ ਇਨ੍ਹਾਂ ਖੇਤਰਾਂ ਵਿੱਚ ਚੌਕਸੀ ਵਧਾਉਣ ਅਤੇ ਅੰਕੜਿਆਂ ਬਾਰੇ ਰਿਪੋਰਟ ਪੇਸ਼ ਕਰਨ ਲਈ ਕਿਹਾ ਗਿਆ ਹੈ। ਹਾਲੇ ਤਕ ਭਰੂਣ ਹੱਤਿਆ ਦਾ ਕੋਈ ਠੋਸ ਸਬੂਤ ਨਹੀਂ ਮਿਲਿਆ ਹੈ, ਪਰ ਅਜਿਹਾ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ।