ਨਵੀਂ ਦਿੱਲੀ –ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕੇਂਦਰੀ ਬਜਟ 2025 ਦੀ ਤਾਰੀਫ਼ ਕਰਦਿਆਂ ਕਿਹਾ ਕਿ ਇਸ ਨਾਲ ਭਾਰਤ ਦੀ ਵਿਕਾਸ ਯਾਤਰਾ ਨੂੰ ‘ਕਈ ਗੁਣਾਂ ਬਲ’ ਮਿਲੇਗਾ। ਉਨ੍ਹਾਂ ਕਿਹਾ ਕਿ ਇਹ 140 ਕਰੋੜ ਭਾਰਤੀਆਂ ਦੀਆਂ ‘ਇੱਛਾਵਾਂ ਦਾ ਬਜਟ’ ਹੈ। ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਇਹ ਬਜਟ ਲੋਕਾਂ ਦੇ ਸੁਪਨਿਆਂ ਨੂੰ ਪੂਰਾ ਕਰੇਗਾ ਤੇ ਇਸ ਵਿਚ ਕਈ ਸੈਕਟਰਾਂ ਨੂੰ ਨੌਜਵਾਨਾਂ ਲਈ ਖੋਲ੍ਹਣ ਵਾਸਤੇ ਜ਼ੋਰ ਦਿੱਤਾ ਗਿਆ ਹੈ।
ਸ੍ਰੀ ਮੋਦੀ ਨੇ ਕਿਹਾ, ‘‘ਇਹ 140 ਕਰੋੜ ਭਾਰਤੀਆਂ ਦੀਆਂ ਇੱਛਾਵਾਂ ਦਾ ਬਜਟ ਹੈ। ਇਹ ਉਹ ਬਜਟ ਹੈ ਜੋ ਹਰੇਕ ਭਾਰਤੀ ਦੇ ਸੁਪਨੇ ਪੂਰੇ ਕਰੇਗਾ।’’ ਉਨ੍ਹਾਂ ਕਿਹਾ ਕਿ ਬਜਟ ਦਾ ਮਕਸਦ ਆਮ ਨਾਗਰਿਕਾਂ ਦਰਮਿਆਨ ਆਰਥਿਕ ਭਾਗੀਦਾਰੀ ਨੂੰ ਹੁਲਾਰਾ ਦੇਣਾ ਹੈ। ਉਨ੍ਹਾਂ ਕਿਹਾ, ‘‘ਇਹ ਉਹ ਬਜਟ ਹੈ, ਜੋ ਸਾਡੇ ਲੋਕਾਂ ਦੇ ਸੁਪਨਿਆਂ ਨੂੰ ਪੂਰਾ ਕਰਦਾ ਹੈ। ਅਸੀਂ ਨੌਜਵਾਨਾਂ ਲਈ ਕਈ ਸੈਕਟਰ ਖੋਲ੍ਹੇ ਹਨ। ਆਮ ਨਾਗਰਿਕ ਵਿਕਸਤ ਭਾਰਤ ਦੇ ਮਿਸ਼ਨ ਨੂੰ ਅੱਗੇ ਲਿਜਾਣਗੇ। ਇਹ ਤਾਕਤ ਨੂੰ ਕਈ ਗੁਣਾਂ ਵਧਾਉਣ ਵਾਲਾ ਬਜਟ ਹੈ। ਇਸ ਬਜਟ ਨਾਲ ਬੱਚਤਾਂ, ਨਿਵੇਸ਼, ਖਪਤ ਤੇ ਤਰੱਕੀ ਵਧੇਗੀ।’’ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਪਿਛਲੇ ਬਜਟਾਂ ਮੁਕਾਬਲੇ, ਜਿਸ ਵਿਚ ਸਾਰਾ ਜ਼ੋਰ ਸਰਕਾਰੀ ਖ਼ਜ਼ਾਨਾ ਭਰਨ ’ਤੇ ਰਹਿੰਦਾ ਸੀ, ਇਸ ਬਜਟ ਦਾ ਸਾਰੇ ਨਾਗਰਿਕਾਂ ਨੂੰ ਸਿੱਧਾ ਫਾਇਦਾ ਹੋਵੇਗਾ।’’