ਪ੍ਰਧਾਨ ਮੰਤਰੀ ਸਕਾਟ ਮਾਰਿਸਨ ਨੇ ਕਿਹਾ ਕਿ ਅਗਲੇ ਸ਼ਨਿਚਰਵਾਰ ਤੋਂ ਆਸਟ੍ਰੇਲੀਆ ਭਾਰਤ ਤੋਂ ਵਾਪਸ ਆਉਣ ਵਾਲੇ ਆਪਣੇ ਨਾਗਰਿਕਾਂ ਤੋਂ ਪਾਬੰਦੀ ਹਟਾ ਦੇਵੇਗਾ। ਆਸਟ੍ਰੇਲੀਆ ਸਰਕਾਰ ਨੇ ਇਤਿਹਾਸ ’ਚ ਪਹਿਲੀ ਵਾਰ ਭਾਰਤ ’ਚ 14 ਦਿਨ ਜਾਂ ਉਸ ਤੋਂ ਜ਼ਿਆਦਾ ਦੇਰ ਰਹੇ ਨਾਗਰਿਕ ’ਤੇ ਅਸਥਾਈ ਤੌਰ ’ਤੇ ਪਾਬੰਦੀ ਲਗਾ ਦਿੱਤੀ ਸੀ। ਤਾਂਕਿ ਉਹ ਆਸਟ੍ਰੇਲੀਆ ’ਚ ਲੈਂਡ ਨਾ ਕਰ ਸਕਣ। ਪਰ ਹੁਣ ਇਹ ਰੋਕ ਅਗਲੇ ਸ਼ਨਿਚਰਵਾਰ ਤੋਂ ਹਟਾ ਦਿੱਤੀ ਜਾਵੇਗੀ।
ਆਸਟ੍ਰੇਲੀਆਈ ਸਰਕਾਰ ਨੇ ਇਸ ਪਾਬੰਦੀ ਦਾ ਪਾਲਣ ਨਹੀਂ ਕਰਨ ’ਤੇ ਪੰਜ ਸਾਲ ਦੀ ਜੇਲ੍ਹ ਜਾਂ 66 ਹਜ਼ਾਰ ਆਸਟ੍ਰੇਲੀਆ ਡਾਲਰ ਦਾ ਜੁਰਮਾਨਾ ਲਗਾਉਣ ਦਾ ਫੈਸਲਾ ਲਿਆ ਸੀ। ਸਰਕਾਰ ਦੇ ਇਸ ਫੈਸਲੇ ਤੋਂ ਆਸਟ੍ਰੇਲੀਆਈ ਸੰਸਦਾਂ, ਡਾਕਟਰਾਂ, ਵਪਾਰੀਆਂ ਤੇ ਸਿਵਿਲ ਸੁਸਾਇਟੀ ਦੇ ਲੋਕਾਂ ਨੇ ਸਖ਼ਤ ਇਤਰਾਜ਼ ਪ੍ਰਗਟਾਇਆ ਸੀ। ਉਨ੍ਹਾਂ ਨੇ ਭਾਰਤ ’ਚ ਆਸਟ੍ਰੇਲੀਆਈ ਨਾਗਰਿਕਾਂ ਨੂੰ ਛੱਡਣ ਤੇ ਵਾਪਸੀ ’ਤੇ ਜੁਰਮਾਨਾ ਤੇ ਜੇਲ੍ਹ ਦੀ ਧਮਕੀ ਦੇਣ ਦਾ ਵਿਰੋਧ ਕੀਤਾ ਸੀ।
ਸਰਕਾਰ ਦਾ ਇਹ ਆਦੇਸ਼ 15 ਮਈ ਨੂੰ ਖ਼ਤਮ ਹੋ ਜਾਵੇਗਾ। ਸ਼ੁੱਕਰਵਾਰ ਨੂੰ ਰਾਸ਼ਟਰੀ ਸੁਰੱਖਿਆ ਕਮੇਟੀ ਦੀ ਬੈਠਕ ਤੋਂ ਬਾਅਦ ਮੋਰਿਸਨ ਨੇ ਕਿਹਾ ਕਿ ਇਸ ਤਰੀਕ ਨੂੰ ਹੋਰ ਅੱਗੇ ਵਧਾਉਣ ਦੀ ਜ਼ਰੂਰਤ ਨਹੀਂ ਹੈ। ਲਿਹਾਜ਼ਾ, ਹੁਣ ਆਸਟਰੇਲੀਆ 15 ਤੋਂ 13 ਮਈ ਦੇ ਵਿਚਕਾਰ ਭਾਰਤ ਤੋਂ ਆਪਣੇ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਤਿੰਨ ਉਡਾਣਾਂ ਭੇਜੇਗਾ। ਪਹਿਲੀ ਫਲਾਈਟ 15 ਮਈ ਨੂੰ ਡਾਰਵਿਨ ਪਹੁੰਚੇਗੀ।