ਕਾਬੁਲ: ਦੁਨੀਆ ਭਰ ਵਿੱਚ ਖ਼ਤਰਨਾਕ ਅੱਤਵਾਦੀਆਂ ਕਰਕੇ ਮਸ਼ਹੂਰ ਅਫਗਾਨਿਸਤਾਨ ‘ਚ 16 ਸਾਲਾ ਲਕੜੀ ਵੱਲੋਂ ਲਿਆ ਇੰਜਕਾਮ ਚਰਚਾ ਦਾ ਮੁੱਦਾ ਬਣ ਗਿਆ ਹੈ। ਦੱਸ ਦਈਏ ਕਿ ਅਫਗਾਨਿਸਤਾਨ ਦੇ ਘੋਰ ਸੂਬੇ ਵਿੱਚ ਰਹਿਣ ਵਾਲੀ ਕਮਰ ਗੁੱਲ ਨੇ ਤਾਲਿਬਾਨ ਅੱਤਵਾਦੀਆਂ ਨੂੰ ਅਜਿਹਾ ਸਬਕ ਸਿਖਾਇਆ ਕਿ ਉਨ੍ਹਾਂ ਦੀ ਰੂਹ ਵੀ ਕੰਬ ਗਈ ਹੋਵੇਗੀ।
ਕਮਰ ਗੁੱਲ ਨੇ ਏਕੇ-47 ਚੁੱਕੀ ਤੇ ਤਿੰਨ ਤਾਲਿਬਾਨ ਅੱਤਵਾਦੀਆਂ ਨੂੰ ਗੋਲੀਆਂ ਨਾਲ ਭੁੰਨ੍ਹ ਦਿੱਤਾ। ਇਨ੍ਹਾਂ ਅੱਤਵਾਦੀਆਂ ਨੇ ਉਸ ਦੇ ਮਾਪਿਆਂ ਨੂੰ ਮਾਰਿਆ ਸੀ। ਉਸ ਦੀ ਬਹਾਦਰੀ ਹੁਣ ਪੂਰੀ ਦੁਨੀਆ ‘ਚ ਚਰਚਾ ਦਾ ਵਿਸ਼ਾ ਬਣ ਗਈ ਹੈ।
ਕਮਰ ਗੁੱਲ ਨੇ ਨਾ ਸਿਰਫ ਤਾਲਿਬਾਨ ਦਾ ਸਾਹਮਣਾ ਕੀਤਾ ਬਲਕਿ ਆਪਣੇ ਪਿਤਾ ਦੀ ਏਕੇ-47 ਰਾਈਫਲ ਨਾਲ ਮਾਪਿਆਂ ਦੇ ਕਾਤਲਾਂ ਨੂੰ ਖ਼ਤਮ ਕਰ ਦਿੱਤਾ। ਤਾਲਿਬਾਨ ਅੱਤਵਾਦੀਆਂ ਨੇ ਗੁੱਲ ਦੇ ਘਰ ਦਾਖਲ ਹੋ ਕੇ ਉਸ ਦੇ ਮਾਪਿਆਂ ਨੂੰ ਮਾਰ ਦਿੱਤਾ ਸੀ, ਜਿਸ ਦਾ ਗੁੱਲ ਨੇ ਬਦਲਾ ਲਿਆ। ਪਿੰਡ ਵਿੱਚ 40 ਤੋਂ ਵੱਧ ਅੱਤਵਾਦੀਆਂ ਨੇ ਹਮਲਾ ਕੀਤਾ ਸੀ।
ਕਮਰ ਗੁੱਲ ਦੇ ਨਾਲ ਉਸ ਦਾ ਭਰਾ ਵੀ ਮੌਜੂਦ ਸੀ। ਕਰੀਬ ਇੱਕ ਘੰਟੇ ਤੱਕ ਚੱਲੀ ਇਸ ਗੋਲੀਬਾਰੀ ਵਿੱਚ ਤਿੰਨ ਅੱਤਵਾਦੀ ਮਾਰੇ ਗਏ। ਬਾਅਦ ਵਿੱਚ ਹੋਰ ਅੱਤਵਾਦੀ ਵੀ ਗੁੱਲ ਦੇ ਘਰ ਆਏ ਪਰ ਪਿੰਡ ਵਾਸੀਆਂ ਦੀ ਮਦਦ ਨਾਲ ਸਰਕਾਰ ਦੇ ਸਮਰਥਕਾਂ ਨੇ ਉਨ੍ਹਾਂ ਨੂੰ ਗੋਲੀਬਾਰੀ ਤੋਂ ਬਾਅਦ ਭਜਾ ਦਿੱਤਾ। ਅਫਗਾਨਿਸਤਾਨ ਦੇ ਸੁਰੱਖਿਆ ਬਲਾਂ ਨੇ ਹੁਣ ਕਮਰ ਗੁੱਲ ਤੇ ਉਸ ਦੇ ਭਰਾ ਨੂੰ ਸੁਰੱਖਿਅਤ ਥਾਂ ‘ਤੇ ਭੇਜ ਦਿੱਤਾ ਹੈ।
ਕਮਲ ਗੁੱਲ ਦੇ ਤਾਲਿਬਾਨ ਨੂੰ ਢੁਕਵਾਂ ਜਵਾਬ ਦੇਣ ਦੀ ਘਟਨਾ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਉਸ ਦੀ ਬਹਾਦਰੀ ਨੂੰ ਸਲਾਮ ਕੀਤਾ ਜਾ ਰਿਹਾ ਹੈ। ਹਰ ਕੋਈ ਉਸ ਦੀ ਹਿੰਮਤ ਲਈ ਉਸ ਨੂੰ ਸਲਾਮ ਕਰ ਰਿਹਾ ਹੈ ਜਿਸ ਦਾ ਕਾਰਨ ਹੈ ਕਿ ਕਮਰ ਗੁੱਲ ਨੇ ਇੰਨੀ ਛੋਟੀ ਉਮਰ ਵਿੱਚ ਤਾਲਿਬਾਨ ਦਾ ਸਾਹਮਣਾ ਕੀਤਾ। ਕਮਰ ਗੁੱਲ ਦੀ ਤਸਵੀਰ ਜਿਸ ‘ਚ ਉਸ ਦੇ ਹੱਥਾਂ ‘ਚ ਏਕੇ-47 ਹੈ ਸੋਸ਼ਲ ਮੀਡੀਆ ‘ਤੇ ਕਾਫੀ ਸ਼ੇਅਰ ਕੀਤੀ ਜਾ ਰਹੀ ਹੈ।
ਇਸ ਦੇ ਨਾਲ ਹੀ ਅਫਗਾਨਿਸਤਾਨ ਸਰਕਾਰ ਨੇ ਕੈਬਨਿਟ ਦੀ ਬੈਠਕ ਵਿੱਚ ਕਮਰ ਗੁੱਲ ਦੇ ਹੌਸਲੇ ਦੀ ਤਾਰੀਫ ਕੀਤੀ ਹੈ। ਰਾਸ਼ਟਰਪਤੀ ਅਸ਼ਰਫ ਗਨੀ ਨੇ ਕਮਰ ਗੁੱਲ ਤੇ ਉਸ ਦੇ ਭਰਾ ਨੂੰ ਰਾਸ਼ਟਰਪਤੀ ਭਵਨ ਵਿੱਚ ਬੁਲਾਇਆ ਹੈ।