22.59 F
New York, US
February 21, 2025
PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politics

160 ਕਰੋੜ ਰੁਪਏ ਦੀ ਲਾਗਤ ਨਾਲ ਸਹਿਕਾਰੀ ਬੈਂਕਾਂ ਨੂੰ ਅਪਗ੍ਰੇਡ ਕਰਨ ਦਾ ਕਾਰਜ ਜਾਰੀ

ਚੰਡੀਗੜ੍ਹ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਸੂਬਾ ਸਰਕਾਰ ਨੇ ਸਾਲ 2024 ਵਿੱਚ ਸਹਿਕਾਰੀ ਬੈਂਕਾਂ ਦੇ ਡਿਫਾਲਟਰ ਕਰਜ਼ਦਾਰਾਂ ਨੂੰ ਕਰਜ਼ਾ ਰਾਹਤ ਪ੍ਰਦਾਨ ਕਰਨ, ਬੈਂਕਾਂ ਨੂੰ ਅਪਗ੍ਰੇਡ ਕਰਨ, ਭੰਡਾਰਨ ਦੀ ਸਮੱਸਿਆ ਨਾਲ ਨਜਿੱਠਣ ਲਈ ਨਵੇਂ ਗੋਦਾਮਾਂ ਦਾ ਨਿਰਮਾਣ ਕਰਨ ਦੇ ਨਾਲ-ਨਾਲ ਸਹਿਕਾਰਤਾ ਲਹਿਰ ਨੂੰ ਹੋਰ ਮਜ਼ਬੂਤ ਕਰਨ ਲਈ ਵੱਖ-ਵੱਖ ਉਪਰਾਲੇ ਕੀਤੇ ਹਨ।
ਇਹ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਜਿਨ੍ਹਾਂ ਕੋਲ ਸਹਿਕਾਰਤਾ ਮਹਿਕਮਾ ਵੀ ਹੈ, ਨੇ ਕੇਂਦਰੀ ਸਹਿਕਾਰੀ ਬੈਂਕਾਂ ਦੇ ਡਿਫਾਲਟਰ ਕਰਜ਼ਦਾਰਾਂ ਨੂੰ ਰਾਹਤ ਦੇਣ ਲਈ ਸਾਲ 2023 ਵਿੱਚ ਯਕਮੁਸ਼ਤ ਨਿਪਟਾਰਾ ਸਕੀਮ (ਓ.ਟੀ.ਐਸ.) ਲਿਆਂਦੀ ਗਈ ਸੀ। ਇਸ ਸਕੀਮ ਤਹਿਤ ਵਿੱਤੀ ਸਾਲ 2024-25 ਦੌਰਾਨ ਹੁਣ ਤੱਕ 8453 ਡਿਫਾਲਟਰਾਂ ਨੂੰ 368 ਕਰੋੜ ਰੁਪਏ ਦੀ ਕਰਜ਼ਾ ਰਾਹਤ ਪ੍ਰਦਾਨ ਕੀਤੀ ਗਈ ਹੈ ਅਤੇ 150 ਕਰੋੜ ਰੁਪਏ ਦੇ ਕਰਜ਼ਿਆਂ ਦਾ ਨਿਪਟਾਰਾ ਕੀਤਾ ਗਿਆ ਹੈ। ਇਹ ਸਕੀਮ 28 ਫਰਵਰੀ, 2025 ਤੱਕ ਚੱਲੇਗੀ। ਜ਼ਿਕਰਯੋਗ ਹੈ ਕਿ ਸੂਬੇ ਵਿੱਚ 20 ਕੇਂਦਰੀ ਸਹਿਕਾਰੀ ਬੈਂਕਾਂ ਦੀਆਂ 803 ਸ਼ਾਖਾਵਾਂ ਨਾਲ 3523 ਪ੍ਰਾਇਮਰੀ ਖੇਤੀਬਾੜੀ ਸਭਾਵਾਂ ਜੁੜੀਆਂ ਹੋਈਆਂ ਹਨ। ਪੰਜਾਬ ਵਿੱਚ ਸਹਿਕਾਰੀ ਬੈਂਕਾਂ ਦੇ ਇਸ ਵਿਸ਼ਾਲ ਨੈੱਟਵਰਕ ਰਾਹੀਂ 10.45 ਲੱਖ ਤੋਂ ਵੱਧ ਕਿਸਾਨਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ। ਬੁਲਾਰੇ ਨੇ ਅੱਗੇ ਦੱਸਿਆ ਕਿ ਬੈਂਕਾਂ ਦੇ ਗਾਹਕਾਂ ਨੂੰ ਬਿਹਤਰ ਸੇਵਾਵਾਂ ਪ੍ਰਦਾਨ ਕਰਨ ਲਈ ਪੰਜਾਬ ਰਾਜ ਸਹਿਕਾਰੀ ਬੈਂਕ ਅਤੇ ਕੇਂਦਰੀ ਸਹਿਕਾਰੀ ਬੈਂਕਾਂ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਹੈ ਜਿਸ ਉਪਰ 160 ਕਰੋੜ ਰੁਪਏ ਦੀ ਲਾਗਤ ਆਵੇਗੀ। ਇਸ ਪ੍ਰਾਜੈਕਟ ਨੂੰ 30 ਜੂਨ, 2025 ਤੱਕ ਮੁਕੰਮਲ ਕਰਨ ਦਾ ਟੀਚਾ ਮਿੱਥਿਆ ਗਿਆ ਹੈ।
ਬੁਲਾਰੇ ਨੇ ਅੱਗੇ ਦੱਸਿਆ ਕਿ ਸੂਬੇ ਵਿੱਚ ਭੰਡਾਰਨ ਦੀ ਸਮੱਸਿਆ ਨਾਲ ਨਜਿੱਠਣ ਲਈ ਮਾਰਕਫੈੱਡ ਵੱਲੋਂ 44910 ਮੀਟ੍ਰਿਕ ਟਨ ਦੀ ਸਮਰੱਥਾ ਵਾਲੇ ਗੋਦਾਮਾਂ ਦਾ ਨਿਰਮਾਣ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਾਲ 2024 ਵਿੱਚ ਤਿੰਨ ਥਾਵਾਂ ਉਤੇ 25810 ਮੀਟ੍ਰਿਕ ਟਨ ਦੀ ਸਮਰੱਥਾ ਵਾਲੇ ਗੋਦਾਮਾਂ ਦੀ ਉਸਾਰੀ ਸ਼ੁਰੂ ਵੀ ਕੀਤਾ ਜਾ ਚੁੱਕੀ ਹੈ ਜੋ 30 ਨਵੰਬਰ, 2025 ਨੂੰ ਮੁਕੰਮਲ ਹੋ ਜਾਵੇਗੀ। ਇਸ ਪ੍ਰਾਜੈਕਟ ਹੇਠ 19100 ਮੀਟ੍ਰਿਕ ਟਨ ਦੀ ਸਮਰੱਥਾ ਵਾਲੇ 4 ਗੋਦਾਮਾਂ ਦਾ ਨਿਰਮਾਣ ਵੀ ਛੇਤੀ ਸ਼ੁਰੂ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਪਹਿਲੇ ਪੜਾਅ ਵਿੱਚ ਬਣਾਏ ਜਾਣ ਵਾਲੇ ਗੋਦਾਮਾਂ ਦੀ ਕੁੱਲ ਸਮਰੱਥਾ 1.24 ਲੱਖ ਮੀਟ੍ਰਿਕ ਟਨ ਸੀ ਜਿਸ ਵਿੱਚੋਂ 79000 ਮੀਟ੍ਰਿਕ ਟਨ ਦੀ ਸਮਰੱਥਾ ਵਾਲੇ ਗੋਦਾਮਾਂ ਦਾ ਨਿਰਮਾਣ ਕੀਤਾ ਜਾ ਚੁੱਕਾ ਹੈ ਜਦਕਿ ਬਾਕੀ 44910 ਮੀਟ੍ਰਿਕ ਟਨ ਦਾ ਕਾਰਜ ਇਸ ਸਾਲ ਸ਼ੁਰੂ ਹੋਇਆ ਹੈ।
ਬੁਲਾਰੇ ਨੇ ਅੱਗੇ ਦੱਸਿਆ ਕਿ ਮੁੱਖ ਮੰਤਰੀ ਵੱਲੋਂ ਪੰਜਾਬੀ ਸੱਭਿਆਚਾਰ ਦੀ ਪ੍ਰਤੀਕ ‘ਫੁਲਕਾਰੀ’ ਨੂੰ ਦੇਸ਼-ਵਿਦੇਸ਼ ਵਿੱਚ ਪਹੁੰਚਾਉਣ ਲਈ ਮਾਰਕਫੈੱਡ ਨੂੰ ਵਿਸ਼ੇਸ਼ ਉਪਰਾਲੇ ਕਰਨ ਦੇ ਆਦੇਸ਼ ਦਿੱਤੇ ਗਏ। ਮਾਰਕਫੈੱਡ ਵੱਲੋਂ ਨੈਸ਼ਨਲ ਇੰਸਟੀਚਿਊਟ ਆਫ ਫੈਸ਼ਨ ਡਿਜ਼ਾਈਨਿੰਗ (ਐਨ.ਆਈ.ਐਫ.ਡੀ.), ਨਵੀਂ ਦਿੱਲੀ ਦੇ ਸਹਿਯੋਗ ਨਾਲ ‘ਫੁਲਕਾਰੀ’ ਨੂੰ ਪ੍ਰਫੁੱਲਤ ਕਰਨ ਲਈ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ। ਇਸ ਦੇ ਤਹਿਤ ਕਾਰੀਗਰਾਂ ਨੂੰ ਵਿਸ਼ੇਸ਼ ਸਿਖਲਾਈ ਵੀ ਦਿੱਤੀ ਜਾ ਰਹੀ ਹੈ। ਇਸ ਪ੍ਰਾਜੈਕਟ ਦਾ ਉਦੇਸ਼ ਸੂਬੇ ਦੀ ਪੁਰਾਤਨ ਤੇ ਰਵਾਇਤੀ ਫੁਲਕਾਰੀ ਕਲਾ ਦੀ ਵਿਲੱਖਣਤਾ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਕਾਰੀਗਰਾਂ ਦੀ ਆਮਦਨ ਵਧਾਉਣਾ ਤੇ ਗਾਹਕਾਂ ਨੂੰ ਵਾਜਬ ਮੁੱਲ ਉਤੇ ਉੱਤਮ ਕੁਆਲਿਟੀ ਪ੍ਰਦਾਨ ਕਰਨਾ ਹੈ।

Related posts

ਜਨਤਕ ਜਥੇਬੰਦੀਆਂ ਵੱਲੋਂ ਨਾਗਰਿਕਤਾ ਸੋਧ ਕਾਨੂੰਨ ਖਿਲਾਫ਼ ਮਲੇਰਕੋਟਲਾ ’ਚ ਸੂਬਾਈ ਰੋਸ ਮੁਜ਼ਾਹਰਾ 16 ਫਰਵਰੀ ਨੂੰ ਕਰਨ ਦਾ ਐਲਾਨ

Pritpal Kaur

ਤਿੰਨ ਖੇਤੀ ਕਾਨੂੰਨ ਰਹਿੰਦੇ ਤਾਂ ਦੁੱਗਣੀ ਹੋ ਜਾਂਦੀ ਕਿਸਾਨਾਂ ਦੀ ਇਨਕਮ: ਮਾਹਰ

On Punjab

ਸਿੰਧੂ ਜਲ ਕਮਿਸ਼ਨ ਦੀ ਸਾਲਾਨਾ ਮੀਟਿੰਗ ਲਈ 10 ਮੈਂਬਰੀ ਭਾਰਤੀ ਵਫ਼ਦ ਪਹੁੰਚਿਆ ਪਾਕਿਸਤਾਨ, ਤਿੰਨ ਮਹਿਲਾ ਅਧਿਕਾਰੀ ਵੀ ਸ਼ਾਮਲ

On Punjab