ਇੰਡੋ-ਵੀਅਤਨਾਮੀ ਮੂਲ ਦੇ ਫਰਾਂਸੀਸੀ ਨਾਗਰਿਕ ਚਾਰਲਸ ਸ਼ੋਭਰਾਜ ਨੂੰ ਕਤਲ ਦੇ ਦੋਸ਼ ‘ਚ 19 ਸਾਲ ਜੇਲ੍ਹ ਵਿੱਚ ਬਿਤਾਉਣ ਤੋਂ ਬਾਅਦ ਸੁਪਰੀਮ ਕੋਰਟ ਦੇ ਹੁਕਮਾਂ ‘ਤੇ ਸ਼ੁੱਕਰਵਾਰ ਨੂੰ ਨੇਪਾਲ ਦੀ ਇਕ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ।
ਜਸਟਿਸ ਸਪਨਾ ਪ੍ਰਧਾਨ ਮੱਲਾ ਅਤੇ ਤਿਲਕ ਪ੍ਰਸਾਦ ਸ਼੍ਰੇਸ਼ਠ ਦੀ ਸਾਂਝੀ ਬੈਂਚ ਨੇ ਬੁੱਧਵਾਰ ਨੂੰ 78 ਸਾਲਾ ਬਜ਼ੁਰਗ ਨੂੰ ਜੇਲ੍ਹ ਤੋਂ ਰਿਹਾਅ ਕਰਨ ਦਾ ਹੁਕਮ ਦਿੱਤਾ ਸੀ।
ਉਸ ਦੀ ਰਿਹਾਈ ‘ਚ ਇਕ ਦਿਨ ਦੀ ਦੇਰੀ ਹੋ ਗਈ ਕਿਉਂਕਿ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਵੀਰਵਾਰ ਨੂੰ ਉਸ ਨੂੰ ਰਹਿਣ ਲਈ ਜਗ੍ਹਾ ਦੀ ਘਾਟ ਦਾ ਹਵਾਲਾ ਦਿੰਦੇ ਹੋਏ ਸ਼ੁੱਕਰਵਾਰ ਤਕ ਉਸ ਦੀ ਰਿਹਾਈ ਮੁਲਤਵੀ ਕਰਨ ਦੀ ਬੇਨਤੀ ਕੀਤੀ ਕਿਉਂਕਿ ਇਮੀਗ੍ਰੇਸ਼ਨ ਵਿਭਾਗ ਵਿਚ ਉਸ ਲਈ ਵੱਖਰਾ ਕਮਰਾ ਤਿਆਰ ਨਹੀਂ ਸੀ, ਜਿੱਥੇ ਸ਼ੋਭਰਾਜ ਨੂੰ ਦੇਸ਼ ਨਿਕਾਲੇ ਲਈ ਭੇਜਿਆ ਜਾਣਾ ਸੀ।
ਸੁਪਰੀਮ ਕੋਰਟ ਨੇ ਸਰਕਾਰ ਨੂੰ ਹੁਕਮ ਦਿੱਤਾ ਸੀ ਕਿ ਜਦੋਂ ਤਕ ਉਹ ਕਿਸੇ ਹੋਰ ਮਾਮਲੇ ‘ਚ ਲੋੜੀਂਦਾ ਨਾ ਹੋਵੇ, ਉਸ ਨੂੰ 15 ਦਿਨਾਂ ਦੇ ਅੰਦਰ ਪਾਸਪੋਰਟ ਜਾਰੀ ਕਰਨ ਵਾਲੇ ਦੇਸ਼ ਵਿਚ ਦੇਸ਼ ਨਿਕਾਲਾ ਦਿੱਤਾ ਜਾਵੇ। ਧੋਖੇਬਾਜ਼ੀ ਤੇ ਚੋਰੀ ‘ਚ ਆਪਣੇ ਹੁਨਰ ਕਾਰਨ ‘ਦਿ ਬਿਕਨੀ ਕਿਲਰ’ ਅਤੇ ‘ਦਿ ਸਰਪੈਂਟ’ ਦਾ ਉਪਨਾਮ, ਸ਼ੋਭਰਾਜ 2003 ਤੋਂ ਨੇਪਾਲ ‘ਚ ਅਮਰੀਕੀ ਔਰਤ ਕੋਨੀ ਜੋ ਬ੍ਰੌਂਜਿਚ ਦੀ ਹੱਤਿਆ ਦੇ ਮਾਮਲੇ ‘ਚ ਕਾਠਮੰਡੂ ਦੀ ਇਕ ਜੇਲ੍ਹ ਵਿਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਸੀ।
2014 ‘ਚ ਉਸਨੂੰ ਕੈਨੇਡੀਅਨ ਬੈਕਪੈਕਰ ਲੌਰੇਂਟ ਕੈਰੀਅਰ ਦੇ ਕਤਲ ਦਾ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਉਸਨੂੰ ਦੂਜੀ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ।