ਨਵੀਂ ਦਿੱਲੀ-1984 ਸਿੱਖ ਵਿਰੋਧੀ ਦੰਗੇ ਇਸਤਗਾਸਾ ਧਿਰ (ਪੀੜਤ ਪਰਿਵਾਰ) ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਨਾਲ ਜੁੜੇ ਕਤਲ ਕੇਸ ਨੂੰ ‘ਵਿਰਲਿਆਂ ’ਚੋਂ ਵਿਰਲਾ’ ਅਪਰਾਧ ਦੱਸਦੇ ਹੋਏ ਸਾਬਕਾ ਕਾਂਗਰਸੀ ਸੰਸਦ ਮੈਂਬਰ Sajjan Kumar ਸੱਜਣ ਕੁਮਾਰ ਲਈ ਮੌਤ ਦੀ ਸਜ਼ਾ ਮੰਗੀ ਹੈ।
ਇਸਤਗਾਸਾ ਧਿਰ ਨੇ ਅੱਜ ਲਿਖਤੀ ਹਲਫ਼ਨਾਮੇ ਰਾਹੀਂ ਵਿਸ਼ੇਸ਼ ਜੱਜ ਕਾਵੇਰੀ ਬਵੇਜਾ ਨੂੰ ਸੂਚਿਤ ਕੀਤਾ। ਉਂਝ ਕਤਲ ਲਈ ਵੱਧ ਤੋਂ ਵੱਧ ਉਮਰ ਕੈਦ ਦੀ ਸਜ਼ਾ ਹੈ। ਕੁਮਾਰ ਦੇ ਵਕੀਲ ਵੱਲੋਂ ਦਲੀਲਾਂ ਲਈ ਹੋਰ ਸਮਾਂ ਮੰਗਣ ਮਗਰੋਂ ਜੱਜ ਨੇ ਕੇਸ ਦੀ ਅਗਲੀ ਸੁਣਵਾਈ 21 ਫਰਵਰੀ ਲਈ ਮੁਲਤਵੀ ਕਰ ਦਿੱਤੀ।
ਜਸਵੰਤ ਸਿੰਘ ਤੇ ਉਸ ਦੇ ਪੁੱਤਰ ਤਰੁਣਦੀਪ ਸਿੰਘ ਦੀ 1 ਨਵੰਬਰ 1984 ਨੂੰ ਹੱਤਿਆ ਕੀਤੀ ਗਈ ਸੀ। ਸ਼ੁਰੂਆਤ ਵਿਚ ਪੰਜਾਬੀ ਬਾਗ ਪੁਲੀਸ ਥਾਣੇ ਨੇ ਕੇਸ ਦਰਜ ਕੀਤਾ ਸੀ, ਪਰ ਮਗਰੋਂ ਵਿਸ਼ੇਸ਼ ਜਾਂਚ ਟੀਮ ਨੇ ਜਾਂਚ ਸੰਭਾਲ ਲਈ।
ਅਦਾਲਤ ਨੇ 16 ਦਸੰਬਰ, 2021 ਨੂੰ ਕੁਮਾਰ ਵਿਰੁੱਧ ਦੋਸ਼ ਤੈਅ ਕੀਤੇ ਸਨ। ਇਸਤਗਾਸਾ ਧਿਰ ਨੇ ਦੋਸ਼ ਲਗਾਇਆ ਹੈ ਕਿ ਘਾਤਕ ਹਥਿਆਰਾਂ ਨਾਲ ਲੈਸ ਇੱਕ ਵੱਡੇ ਹਜੂਮ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਦਾ ਬਦਲਾ ਲੈਣ ਲਈ ਸਿੱਖਾਂ ਦੀਆਂ ਜਾਇਦਾਦਾਂ ਨੂੰ ਵੱਡੇ ਪੱਧਰ ’ਤੇ ਲੁੱਟਿਆ ਤੇ ਅੱਗਜ਼ਨੀ ਕੀਤੀ।
ਇਸਤਗਾਸਾ ਧਿਰ ਨੇ ਦਾਅਵਾ ਕੀਤਾ ਕਿ ਭੀੜ ਨੇ ਸ਼ਿਕਾਇਤਕਰਤਾ, ਜੋ ਕਿ ਜਸਵੰਤ ਦੀ ਪਤਨੀ ਹੈ, ਦੇ ਘਰ ’ਤੇ ਹਮਲਾ ਕੀਤਾ। ਸਾਮਾਨ ਲੁੱਟਿਆ ਅਤੇ ਉਨ੍ਹਾਂ ਦੇ ਘਰ ਨੂੰ ਅੱਗ ਲਗਾਉਣ ਤੋਂ ਇਲਾਵਾ ਪਿਉ ਪੁੱਤ ਦੀ ਹੱਤਿਆ ਕਰ ਦਿੱਤੀ।