delhi women cabinet ministers: ਲਗਾਤਾਰ ਤੀਜੀ ਵਾਰ ਦਿੱਲੀ ਦੀ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਖੁਲ੍ਹੇ ਤੌਰ ਤੇ ਨਾਰੀ ਸ਼ਕਤੀ ਦੀ ਗੱਲ ਕਰਦੀ ਹੈ। ਪਰ ਇਸ ਵਾਰ ਫਿਰ ਔਰਤਾਂ ਨੂੰ ਦਿੱਲੀ ਦੇ ਮੰਤਰੀ ਮੰਡਲ ਵਿੱਚ ਜਗ੍ਹਾ ਨਹੀਂ ਮਿਲੀ ਹੈ। ਜ਼ਿਕਰਯੋਗ ਹੈ ਕਿ 1993 ਤੋਂ ਲੈ ਕੇ ਹੁਣ ਤੱਕ ਦਿੱਲੀ ਵਿੱਚ ਸਿਰਫ ਚਾਰ ਮਹਿਲਾ ਕੈਬਨਿਟ ਮੰਤਰੀ ਰਹਿ ਚੁੱਕੀਆਂ ਹਨ। ਦਿੱਲੀ ਦੇਸ਼ ਦੇ ਉਨਾਂ ਤਿੰਨ ਰਾਜਾਂ ਵਿਚੋਂ ਇਕ ਹੈ ਜਿੱਥੇ ਦੋ ਔਰਤਾਂ ਮੁੱਖ ਮੰਤਰੀ ਬਣੀਆਂ ਹਨ। ਇਨ੍ਹਾਂ ਰਾਜਾਂ ਵਿੱਚ ਤਾਮਿਲਨਾਡੂ, ਉੱਤਰ ਪ੍ਰਦੇਸ਼ ਅਤੇ ਦਿੱਲੀ ਸ਼ਾਮਿਲ ਹਨ।
ਪਰ ਦਿੱਲੀ ਵਿੱਚ ਕੈਬਨਿਟ ਮੰਤਰੀਆਂ ਵਿੱਚ ਔਰਤਾਂ ਦੀ ਗਿਣਤੀ ਘੱਟ ਰਹੀ ਹੈ। ਦਿੱਲੀ ਦੇ ਚਾਰ ਕੈਬਨਿਟ ਮੰਤਰੀਆਂ ਵਿੱਚ ਭਾਜਪਾ ਦੀ ਪੂਰਨੀਮਾ ਸੇਠੀ (1998), ਕਾਂਗਰਸ ਦੀ ਕ੍ਰਿਸ਼ਨਾ ਤੀਰਥ (1998-2001) ਅਤੇ ਕਿਰਨ ਵਾਲੀਆ (2008-13) ਅਤੇ ਆਮ ਆਦਮੀ ਪਾਰਟੀ ਦੀ ਰਾਖੀ ਬਿਰਲਾਨ (2013-14) ਸ਼ਾਮਿਲ ਹਨ। ਇਨ੍ਹਾਂ ਵਿੱਚੋਂ ਸਿਰਫ ਕਿਰਨ ਵਾਲੀਆ ਨੇ ਕੈਬਨਿਟ ਮੰਤਰੀ ਵਜੋਂ ਆਪਣਾ ਕਾਰਜਕਾਲ ਪੂਰਾ ਕੀਤਾ ਹੈ।
ਦਿੱਲੀ ਵਿੱਚ ਆਮ ਆਦਮੀ ਪਾਰਟੀ, ਭਾਜਪਾ ਅਤੇ ਕਾਂਗਰਸ ਦੀਆਂ ਤਿੰਨ ਵੱਡੀਆਂ ਰਾਜਨੀਤਿਕ ਪਾਰਟੀਆਂ ਵਿਚੋਂ ਕਾਂਗਰਸ ਨੇ ਸਭ ਤੋਂ ਵੱਧ ਔਰਤਾਂ ਨੂੰ ਕੈਬਨਿਟ ਮੰਤਰੀ ਬਣਾਇਆ ਹੈ ਅਤੇ ਲੰਬੇ ਸਮੇਂ ਲਈ ਇੱਕ ਔਰਤ ਨੂੰ ਮੁੱਖ ਮੰਤਰੀ ਦਾ ਅਹੁਦਾ ਦਿੱਤਾ ਹੈ। ਐਤਵਾਰ ਨੂੰ ਕੇਜਰੀਵਾਲ ਨੇ ਤੀਜੀ ਵਾਰ ਸਹੁੰ ਚੁੱਕ ਕੇ ਮਰਹੂਮ ਸ਼ੀਲਾ ਦੀਕਸ਼ਿਤ ਦਾ ਰਿਕਾਰਡ ਤੋੜ ਦਿੱਤਾ। ਕੇਜਰੀਵਾਲ ਤੋਂ ਪਹਿਲਾ ਸ਼ੀਲਾ ਦੀਕਸ਼ਿਤ ਸਭ ਤੋਂ ਲੰਬੇ ਸਮੇਂ ਲਈ ਦਿੱਲੀ ਦੀ ਮੁੱਖ ਮੰਤਰੀ ਰਹੀ ਸੀ।
ਦਿੱਲੀ ਵਿੱਚ ਕੁੱਲ ਸੱਤ ਵਿਧਾਨ ਸਭਾ ਚੋਣਾਂ ਹੋਈਆਂ, ਜਿਸ ਵਿੱਚ ਇਸ ਸਾਲ ਦੀਆਂ ਚੋਣਾਂ ਵੀ ਸ਼ਾਮਿਲ ਹਨ। ਪਰ ਰਾਸ਼ਟਰੀ ਰਾਜਧਾਨੀ ਹੋਣ ਦੇ ਬਾਵਜੂਦ, ਸ਼ਹਿਰ ਦੀ ਰਾਜਨੀਤੀ ਵਿੱਚ ਔਰਤਾਂ ਦੀ ਪ੍ਰਤੀਨਿਧਤਾ ਘੱਟ ਰਹੀ ਹੈ। ਆਮ ਆਦਮੀ ਪਾਰਟੀ ਔਰਤਾਂ ਅਤੇ ਸਮਾਜ ਵਿੱਚ ਉਨ੍ਹਾਂ ਦੇ ਯੋਗਦਾਨ ਅਤੇ ਉਨ੍ਹਾਂ ਦੀ ਸੁਰੱਖਿਆ ਬਾਰੇ ਬੋਲਦੇ ਰਹੇ ਹਨ। ਪਰ ਅਰਵਿੰਦ ਕੇਜਰੀਵਾਲ ਦੇ ਤਿੰਨ ਬਾਰ ਬਣੇ ਮੰਤਰੀ ਮੰਡਲ ਵਿੱਚ ਸਿਰਫ ਇੱਕ ਬਾਰ ਮਹਿਲਾ ਵਿਧਾਇਕ ਨੂੰ ਜਗ੍ਹਾ ਮਿਲੀ।
ਆਮ ਆਦਮੀ ਪਾਰਟੀ ਦੀ ਰਾਖੀ ਬਿਰਲਾਨ ਨੂੰ ਕੇਜਰੀਵਾਲ ਦੇ ਪਹਿਲੇ 49 ਦਿਨਾਂ ਦੇ ਕਾਰਜਕਾਲ ਦੌਰਾਨ ਔਰਤਾਂ ਅਤੇ ਬਾਲ, ਸਮਾਜ ਭਲਾਈ ਅਤੇ ਭਾਸ਼ਾ ਮੰਤਰੀ ਬਣਾਇਆ ਗਿਆ ਸੀ। ਰਾਖੀ ਬਿਰਲਾਨ 2013 ਤੋਂ 14 ਫਰਵਰੀ 2014 ਤੱਕ ਮੰਤਰੀ ਰਹੀ। ਨਾ ਸਿਰਫ ਰਾਜ ਮੰਤਰੀ ਮੰਡਲ ਵਿੱਚ , ਬਲਕਿ ਦਿੱਲੀ ਵਿਧਾਨ ਸਭਾ ਵਿੱਚ ਵੀ ਔਰਤਾਂ ਦੀ ਪ੍ਰਤੀਨਿਧਤਾ ਘੱਟ ਰਹੀ ਹੈ। 1993 ਵਿੱਚ ਪਹਿਲੀ ਚੋਣ ਤੋਂ 2020 ਦੀਆਂ ਚੋਣਾਂ ਤੱਕ ਕੁਲ 39 ਔਰਤਾਂ ਦਿੱਲੀ ਵਿਧਾਨ ਸਭਾ ਲਈ ਚੁਣੀਆਂ ਗਈਆਂ ਸਨ।