ਪੈਰਿਸ: ਫਰਾਂਸ ਵਿੱਚ ਸਥਿਤ ਨੋਟਰੇ ਡੇਮ ਕੈਥੇਡ੍ਰਲ ਵਿੱਚ 200 ਸਾਲਾਂ ਤੋਂ ਹਮੇਸ਼ਾ ਹੀ ਕ੍ਰਿਸਮਸ ਮਾਸ ਦਾ ਆਯੋਜਨ ਕੀਤਾ ਜਾਂਦਾ ਹੈ, ਪਰ ਇਸ ਵਾਰ 200 ਸਾਲਾਂ ਵਿੱਚ ਪਹਿਲੀ ਵਾਰ ਕ੍ਰਿਸਮਸ ਮਾਸ ਦਾ ਆਯੋਜਨ ਨਹੀਂ ਕੀਤਾ ਜਾਵੇਗਾ । ਇਸ ਦਾ ਮੁੱਖ ਕਾਰਨ ਇਸ ਸਾਲ ਦੀ ਸ਼ੁਰੂਆਤ ਵਿੱਚ ਚਰਚ ਵਿੱਚ ਭਿਆਨਕ ਅੱਗ ਲੱਗਣਾ ਹੈ ।ਇਸ ਅੱਗ ਕਾਰਨ ਚਰਚ ਨੂੰ ਭਾਰੀ ਨੁਕਸਾਨ ਹੋਇਆ ਸੀ । ਇਸ ਸਬੰਧੀ ਚਰਚ ਦੇ ਬੁਲਾਰੇ ਐਂਡਰੇ ਫਿਨੋਟ ਨੇ ਦੱਸਿਆ ਕਿ 1803 ਦੇ ਬਾਅਦ ਪਹਿਲੀ ਵਾਰ 850 ਸਾਲ ਪੁਰਾਣੇ ਇਸ ਕੈਥੇਡ੍ਰਲ ਵਿੱਚ ਕ੍ਰਿਸਮਸ ਮਾਸ ਦਾ ਆਯੋਜਨ ਨਹੀਂ ਕੀਤਾ ਜਾਵੇਗਾ ।
ਦੱਸ ਦੇਈਏ ਕਿ ਯੂਨੈਸਕੋ ਦੀਆਂ ਗਲੋਬਲ ਵਿਰਾਸਤਾਂ ਵਿਚੋਂ ਇੱਕ ਇਸ ਕੈਥੇਡ੍ਰਲ ਵਿੱਚ ਅਪ੍ਰੈਲ ਵਿੱਚ ਅੱਗ ਲੱਗ ਗਈ ਸੀ । ਦਰਅਸਲ, ਕੈਥੇਡ੍ਰਲ ਪਿਛਲੇ 200 ਸਾਲਾਂ ਤੋਂ ਕ੍ਰਿਸਮਸ ਦੇ ਮੌਕੇ ਖੁੱਲ੍ਹਦਾ ਰਿਹਾ ਹੈ । ਇਸ ਸਬੰਧੀ ਫ੍ਰਾਂਸੀਸੀ ਵਕੀਲਾਂ ਵੱਲੋਂ ਪਹਿਲਾਂ ਜੂਨ ਵਿੱਚ ਕਿਹਾ ਗਿਆ ਸੀ ਕਿ ਅੱਗ ਲੱਗਣ ਦਾ ਕਾਰਨ ਸਿਗਰਟ ਦਾ ਬਲਣਾ ਜਾਂ ਸ਼ਾਰਟ ਸਰਕਿਟ ਹੋ ਸਕਦਾ ਹੈ ।
ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਵੱਲੋਂ 13ਵੀਂ ਸਦੀ ਦੇ ਇਸ ਲੈਂਡਮਾਰਕ ਕੈਥੇਡ੍ਰਲ ਨੂੰ ਅਗਲੇ 5 ਸਾਲ ਵਿੱਚ ਦੁਬਾਰਾ ਬਣਾਉਣ ਦਾ ਸੰਕਲਪ ਲਿਆ ਗਿਆ ਹੈ ।