ਭਾਰਤ ਵੱਲੋਂ ਅਮਰੀਕਾ ਤੋਂ ਖਰੀਦੇ ਜਾਣ ਵਾਲੇ ਹਥਿਆਰਾਂ ‘ਚ ਟਰੰਪ ਪ੍ਰਸ਼ਾਸਨ ਦੇ ਆਖਰੀ ਸਾਲ ‘ਚ ਜ਼ੋਰਦਾਰ ਵਾਧਾ ਹੋਇਆ ਹੈ। ਸਰਕਾਰੀ ਅੰਕੜਿਆਂ ਮੁਤਾਬਕ, ਸਾਲ 2020 ‘ਚ 62 ਕਰੋੜ ਅਮਰੀਕੀ ਡਾਲਰ ਤੋਂ ਵੱਧ ਕੇ 3.4 ਅਰਬ ਡਾਲਰ (25 ਹਜ਼ਾਰ ਕਰੋੜ ਰੁਪਏ ਤੋਂ ਵੱਧ) ਤਕ ਪਹੁੰਚ ਗਿਆ। ਅਮਰੀਕਾ ਦੀ ਡਿਫੈਂਸ ਸਕਿਊਰਿਟੀ ਕੋਆਪਰੇਸ਼ਨ ਏਜੰਸੀ (ਡੀਐੱਸਸੀਏ) ਮੁਤਾਬਕ ਭਾਰਤ ਨੂੰ ਅਮਰੀਕੀ ਹਥਿਆਰਾਂ ਦੀ ਵਿਕਰੀ ‘ਚ ਉਛਾਲ ਅਜਿਹੇ ਸਮੇਂ ਆਇਆ ਹੈ, ਜਦੋਂ ਅਮਰੀਕਾ ਤੋਂ ਦੂਜੇ ਦੇਸ਼ਾਂ ਨੂੰ ਹਥਿਆਰਾਂ ਦੀ ਕੁਲ ਵਿਕਰੀ 2020 ‘ਚ ਘੱਟ ਕੇ 50.8 ਅਰਬ ਡਾਲਰ ਰਹਿ ਗਈ। ਅਮਰੀਕਾ ਨੇ ਦੂਜੇ ਦੇਸ਼ਾਂ ਨੂੰ 2019 ‘ਚ 55.7 ਅਰਬ ਡਾਲਰ ਦੇ ਹਥਿਆਰ ਵੇਚੇ ਸਨ, ਜਦਕਿ 2017 ‘ਚ ਇਹ ਅੰਕੜਾ 41.9 ਅਰਬ ਡਾਲਰ ਸੀ। ਅੰਕੜਿਆਂ ਮੁਤਾਬਕ 2020 ‘ਚ ਅਮਰੀਕੀ ਹਥਿਆਰਾਂ ਦੇ ਪ੍ਰਮੁੱਖ ਖਰੀਦਦਾਰ ਭਾਰਤ (2019 ਦੇ 62 ਕਰੋੜ ਡਾਲਰ ਦੇ ਮੁਕਾਬਲੇ 2020 ‘ਚ 3.4 ਅਰਬ ਡਾਲਰ), ਮੋਰਾਕੋ (1.24 ਕਰੋੜ ਡਾਲਰ ਤੋਂ ਵੱਧ ਕੇ 4.5 ਅਰਬ ਡਾਲਰ), ਪਾਲੈਂਡ (67.3 ਕਰੋੜ ਡਾਲਰ ਤੋਂ ਵੱਧ ਕੇ 4.7 ਅਰਬ ਡਾਲਰ), ਸਿੰਗਾਪੁਰ (13.7 ਕਰੋੜ ਡਾਲਰ ਤੋਂ ਵੱਧ ਕੇ 1.3 ਅਰਬ ਡਾਲਰ), ਤਾਈਵਾਨ (87.6 ਕਰੋੜ ਡਾਲਰ ਤੋਂ ਵੱਧ ਕੇ 11.8 ਅਰਬ ਡਾਲਰ) ਤੇ ਯੂਏਈ (1.1 ਅਰਬ ਡਾਲਰ ਤੋਂ ਵੱਧ ਕੇ 3.6 ਅਰਬ ਡਾਲਰ) ਸਨ। ਹਾਲਾਂਕਿ ਇਸ ਦੌਰਾਨ ਕਈ ਦੇਸ਼ਾਂ ਵੱਲੋਂ ਅਮਰੀਕਾ ਤੋਂ ਹਥਿਆਰਾਂ ਦੀ ਖਰੀਦ ‘ਚ ਕਮੀ ਆਈ ਹੈ। ਇਨ੍ਹਾਂ ‘ਚ ਸਾਊਦੀ ਅਰਬ, ਅਫਗਾਨਿਸਤਾਨ, ਬੈਲਜੀਅਮ, ਇਰਾਕ ਤੇ ਦੱਖਣੀ ਕੋਰੀਆ ਸ਼ਾਮਲ ਹਨ। ਅਮਰੀਕਾ ਦੇ ਹਿਸਟੋਰੀਕਲ ਸੇਲਜ਼ ਬੁੱਕ ਦੇ 2020 ਐਡੀਸ਼ਨ ਮੁਤਾਬਕ ਭਾਰਤ ਨੇ 2017 ‘ਚ 75.44 ਕਰੋੜ ਡਾਲਰ, 2018 ‘ਚ 28.2 ਕਰੋੜ ਡਾਲਰ ਦੇ ਹਥਿਆਰ ਖਰੀਦੇ ਸਨ। ਸਾਲ 1950 ਤੋਂ ਸਾਲ 2020 ਤਕ ਅਮਰੀਕਾ ਨੇ ਵਿਦੇਸ਼ੀ ਫੌਜੀ ਵਿਕਰੀ (ਐੱਫਐੱਮਐੱਸ) ਦੇ ਤਹਿਤ ਭਾਰਤ ਨੂੰ 12.8 ਅਰਬ ਅਮਰੀਕੀ ਡਾਲਰ ਦੇ ਹਥਿਆਰ ਵੇਚੇ। ਅੰਕੜਿਆਂ ਮੁਤਾਬਕ ਟਰੰਪ ਪ੍ਰਸ਼ਾਸਨ ਵੱਲੋਂ ਪਾਕਿਸਤਾਨ ਨੂੰ ਕਿਸੇ ਵੀ ਤਰ੍ਹਾਂ ਦੀ ਫੌਜੀ ਤੇ ਸੁਰੱਖਿਆ ਸਹਾਇਤਾ ‘ਚ ਰੋਕ ਲਾਉਣ ਦੇ ਬਾਵਜੂਦ ਉਸ ਨੂੰ ਐੱਫਐੱਮਐੱਸ ਤਹਿਤ ਹਥਿਆਰ ਵੇਚੇ ਗਏ। ਪਾਕਿਸਤਾਨ ਨੇ 2020 ‘ਚ ਅਮਰੀਕਾ ਤੋਂ 14.6 ਕਰੋੜ ਡਾਲਰ ਦੇ ਹਥਿਆਰ ਖਰੀਦੇ।