ਨਵੀਂ ਦਿੱਲੀ (ਪੀਟੀਆਈ) : ਅੰਤਰਰਾਸ਼ਟਰੀ ਊਰਜਾ ਏਜੰਸੀ (ਆਈਈਏ) ਨੇ ਕਿਹਾ ਹੈ ਕਿ ਅਗਲੇ ਇਕ ਦਹਾਕੇ ਦੌਰਾਨ ਭਾਰਤ ’ਚ ਹਰ ਰੋਜ਼ 12 ਹਜ਼ਾਰ ਨਵੀਆਂ ਕਾਰਾਂ ਵਧਣਗੀਆਂ। ਨਿਰਮਾਣ ਖੇਤਰ ਵੱਧ ਕੇ ਦੱਖਣੀ ਅਫਰੀਕਾ ਦੇ ਕੁੱਲ ਨਿਰਮਾਣ ਖੇਤਰ ਤੋਂ ਜ਼ਿਆਦਾ ਹੋ ਜਾਏਗਾ ਤੇ ਏਅਰ ਕੰਡੀਸ਼ਨਰਸ (ਏਸੀ) ਮੈਕਸੀਕੋ ਦੀ ਕੁੱਲ ਖਪਤ ਦੇ ਬਰਾਬਰ ਬਿਜਲੀ ਖਰਚ ਕਰਨਗੇ।
ਆਈਈਏ ਨੇ ਆਪਣੇ ਵਿਸ਼ਵ ਊਰਜਾ ਹਾਲਾਤ 2024 ’ਚ ਕਿਹਾ ਹੈ ਕਿ 2035 ਤੱਕ ਭਾਰਤ ’ਚ ਸਾਰੇ ਤਰ੍ਹਾਂ ਦੀ ਊਰਜਾ ਦੀ ਮੰਗ ਵਧੇਗੀ। ਇਸ ਨਾਲ ਇਹ ਵਿਸ਼ਵ ਪੱਧਰ ’ਤੇ ਊਰਜਾ ਦੀ ਮੰਗ ਲਈ ਵਾਧੇ ਦਾ ਇੰਜਣ ਬਣ ਜਾਏਗਾ। ਭਾਰਤ ਇਸ ਸਮੇਂ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਤੇਲ ਖਪਤ ਤੇ ਦਰਾਮਦ ਕਰਨ ਵਾਲਾ ਦੇਸ਼ ਹੈ ਤੇ 2035 ਤੱਕ ਇਸ ਦੀ ਤੇਲ ਖਪਤ ’ਚ ਕਰੀਬ 20 ਲੱਖ ਬੈਰਲ ਹਰ ਰੋਜ਼ ਵਾਧਾ ਹੋਵੇਗਾ। ਹਾਲੇ ਭਾਰਤ ਦੀ ਕੁੱਲ ਤੇਲ ਖਪਤ ਕਰੀਬ 52 ਲੱਖ ਬੈਰਲ ਹਰ ਰੋਜ਼ ਹੈ ਜਿਸਦੇ 2035 ਤੱਕ 71 ਲੱਖ ਬੈਰਲ ਹਰ ਰੋਜ਼ ਹੋਣ ਦਾ ਅਨੁਮਾਨ ਹੈ। ਆਈਈਏ ਦੇ ਅਨੁਮਾਨ ਦੇ ਮੁਤਾਬਕ, ਭਾਰਤ 2028 ਤੱਕ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਅਰਥਚਾਰਾ ਬਣਨ ਨੂੰ ਲੈ ਕੇ ਸਹੀ ਦਿਸ਼ਾ ’ਚ ਹੈ। ਹਾਲੇ ਭਾਰਤ ਦੁਨੀਆ ਦਾ ਪੰਜਵਾਂ ਸਭ ਤੋਂ ਵੱਡਾ ਅਰਥਚਾਰਾ ਹੈ ਤੇ 2023 ’ਚ ਇਹ 7.8 ਫ਼ੀਸਦੀ ਦੀ ਵਿਕਾਸ ਦਰ ਦੇ ਨਾਲ ਉਭਰਦੇ ਅਰਥਚਾਰਿਆਂ ਤੋਂ ਸਭ ਤੋਂ ਤੇਜ਼ੀ ਨਾਲ ਵਧਿਆ ਹੈ। 2023 ’ਚ ਚੀਨ ਨੂੰ ਪਿੱਛੇ ਛੱਡ ਕੇ ਭਾਰਤ ਦੁਨੀਆ ਦਾ ਸਭ ਤੋਂ ਜ਼ਿਆਦਾ ਆਬਾਦੀ ਵਾਲਾ ਦੇਸ਼ ਬਣ ਗਿਆ ਹੈ। ਆਬਾਦੀ ਦੇ ਆਕਾਰ ਤੇ ਸਾਰੇ ਖੇਤਰਾਂ ਤੋਂ ਵਧਦੀ ਮੰਗ ਦਾ ਮਤਲਬ ਹੈ ਕਿ ਭਾਰਤ ਅਗਲੇ ਦਹਾਕੇ ’ਚ ਕਿਸੇ ਵੀ ਹੋਰ ਦੇਸ਼ ਦੇ ਮੁਕਾਬਲੇ ਜ਼ਿਆਦਾ ਊਰਜਾ ਮੰਗ ਵਾਧੇ ਦਾ ਤਜਰਬਾ ਕਰਨ ਲਈ ਤਿਆਰ ਹੈ। 2035 ਤੱਕ ਭਾਰਤ ਦੀ ਲੋਹਾ ਪੈਦਾਵਾਰ ’ਚ 90 ਫ਼ੀਸਦੀ ਤੇ ਸੀਮੈਂਟ ਪੈਦਾਵਾਰ ’ਚ ਕਰੀਬ 55 ਫ਼ੀਸਦੀ ਦਾ ਵਾਧਾ ਰਹਿਣ ਦਾ ਅਨੁਮਾਨ ਹੈ।