vishwanathan anand lands india: ਸਾਬਕਾ ਵਿਸ਼ਵ ਸ਼ਤਰੰਜ ਚੈਂਪੀਅਨ ਵਿਸ਼ਵਨਾਥਨ ਕੋਰੋਨਾ ਵਾਇਰਸ ਮਹਾਂਮਾਰੀ ਦੇ ਮੱਦੇਨਜ਼ਰ ਲਗਾਈ ਗਈ ਯਾਤਰਾ ਪਾਬੰਦੀਆਂ ਕਾਰਨ ਤਿੰਨ ਮਹੀਨਿਆਂ ਤੋਂ ਵੱਧ ਸਮੇਂ ਲਈ ਜਰਮਨੀ ਵਿੱਚ ਫਸੇ ਰਹਿਣ ਤੋਂ ਬਾਅਦ ਆਖਰਕਾਰ ਆਪਣੇ ਦੇਸ਼ ਪਰਤ ਆਏ ਹਨ। ਆਨੰਦ ਦੀ ਪਤਨੀ ਅਰੁਣਾ ਆਨੰਦ ਨੇ ਸ਼ਨੀਵਾਰ ਨੂੰ ਫਰੈਂਕਫਰਟ ਤੋਂ ਬੈਂਗਲੁਰੂ ਪਹੁੰਚਣ ਤੋਂ ਬਾਅਦ ਇਸ ਦੀ ਪੁਸ਼ਟੀ ਕੀਤੀ। ਅਰੁਣਾ ਨੇ ਕਿਹਾ, “ਉਹ ਦੁਪਹਿਰ 1.15 ਵਜੇ ਸਫਲਤਾਪੂਰਵਕ ਭਾਰਤ ਪਹੁੰਚੇ ਹਨ। ਹੁਣ ਉਹ ਬੰਗਲੁਰੂ ਵਿੱਚ ਹਨ। ਅਸੀਂ ਨਹੀਂ ਜਾਣਦੇ ਕਿ ਉਨ੍ਹਾਂ ਨੂੰ ਕਿੰਨਾ ਚਿਰ ਕੁਆਰੰਟੀਨ ਵਿੱਚ ਰਹਿਣ ਦੀ ਜ਼ਰੂਰਤ ਹੋਏਗੀ। ਅਸੀਂ ਸਰਕਾਰ ਦੀ ਪ੍ਰਕਿਰਿਆ ਦੀ ਪਾਲਣਾ ਕਰਾਂਗੇ। ਇਹ ਠੀਕ ਹੈ।”
ਪੰਜ ਵਾਰ ਦਾ ਵਿਸ਼ਵ ਚੈਂਪੀਅਨ ਆਨੰਦ ਫਰਵਰੀ ਵਿੱਚ ਬੁੰਦੇਸਲੀਗਾ ਸ਼ਤਰੰਜ ਲੀਗ ਵਿੱਚ ਹਿੱਸਾ ਲੈਣ ਲਈ ਜਰਮਨੀ ਗਿਆ ਸੀ ਅਤੇ ਮਾਰਚ ਵਿੱਚ ਉਨ੍ਹਾਂ ਨੇ ਘਰ ਪਰਤਣਾ ਸੀ, ਪਰ ਕੋਵਿਡ -19 ਮਹਾਂਮਾਰੀ ਦੇ ਕਾਰਨ ਦੁਨੀਆ ਭਰ ਵਿੱਚ ਯਾਤਰਾ ਦੀਆਂ ਪਾਬੰਦੀਆਂ ਕਾਰਨ ਉਹ ਅਜੇ ਵੀ ਉਥੇ ਫਸੇ ਹੋਏ ਸੀ। ਆਨੰਦ ਨੇ ਰੂਸ ਵਿੱਚ ਕੰਡੀਡੈਟ ਟੂਰਨਾਮੈਂਟ ਵਿੱਚ ਆਨਲਾਈਨ ਕੋਮੈਂਟਰੀ ਵੀ ਕੀਤੀ ਸੀ, ਪਰ ਕੋਰੋਨਾਵਾਇਰਸ ਮਹਾਂਮਾਰੀ ਦੇ ਕਾਰਨ ਇਸ ਨੂੰ ਵਿਚਕਾਰ ਹੀ ਮੁਲਤਵੀ ਕਰ ਦਿੱਤਾ ਗਿਆ ਸੀ। ਇਸ ਮਹੀਨੇ ਦੀ ਸ਼ੁਰੂਆਤ ਵਿੱਚ, ਉਨ੍ਹਾਂ ਨੇ ਨੇਸ਼ਨਜ਼ ਕੱਪ ਵਿੱਚ ਵੀ ਭਾਰਤੀ ਟੀਮ ਦੀ ਅਗਵਾਈ ਵੀ ਕੀਤੀ ਸੀ।
ਦੱਸ ਦੇਈਏ ਕਿ ਪਿੱਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ ਘਾਤਕ ਕੋਰੋਨਾ ਵਾਇਰਸ ਕਾਰਨ 193 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ ਦੇਸ਼ ਵਿੱਚ ਮਰਨ ਵਾਲਿਆਂ ਦੀ ਗਿਣਤੀ ਪੰਜ ਹਜ਼ਾਰ ਤੋਂ ਪਾਰ ਪਹੁੰਚ ਗਈ ਹੈ। ਇਸ ਦੇ ਨਾਲ ਹੀ ਪਿੱਛਲੇ ਇੱਕ ਦਿਨ ਵਿੱਚ ਵੱਧ ਤੋਂ ਵੱਧ ਅੱਠ ਹਜ਼ਾਰ 380 ਮਾਮਲੇ ਵੀ ਸਾਹਮਣੇ ਆਏ ਹਨ। ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਅਨੁਸਾਰ ਹੁਣ ਤੱਕ ਇੱਕ ਲੱਖ 82 ਹਜ਼ਾਰ 143 ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ 5164 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਦਕਿ 86 ਹਜ਼ਾਰ 984 ਲੋਕ ਠੀਕ ਵੀ ਹੋਏ ਹਨ। ਭਾਰਤ ਹੁਣ ਇਸ ਮਹਾਂਮਾਰੀ ਨਾਲ ਦੁਨੀਆ ਵਿੱਚ ਨੌਵਾਂ ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਬਣ ਗਿਆ ਹੈ।