ਮੁੰਬਈ: ਸੋਕੇ ਦੀ ਮਾਰ ਝੱਲ ਰਹੇ ਮਹਾਰਾਸ਼ਟਰ ਦੇ ਕਿਸਾਨਾਂ ਨੂੰ ਰਾਹਤ ਦੇਣ ਲਈ ਸੂਬਾ ਸਰਕਾਰ ਨੇ ਕਲਾਊਡ ਸੀਡਿੰਗ (ਨਕਲੀ ਮੀਂਹ) ਕਰਾਉਣ ਦਾ ਫੈਸਲਾ ਕੀਤਾ ਹੈ। ਸੂਬਾ ਸਰਕਾਰ ਨੇ ਇਸ ਕੰਮ ਲਈ 30 ਕਰੋੜ ਰੁਪਏ ਦਾ ਫੰਡ ਜਾਰੀ ਕੀਤਾ ਹੈ। ਇਹ ਦੂਜਾ ਮੌਕਾ ਹੈ ਜਦੋਂ ਸੂਬੇ ਵਿੱਚ ਨਕਲੀ ਮੀਂਹ ਵਰ੍ਹਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ 2015 ਵਿੱਚ ਸੂਬਾ ਸਰਕਾਰ ਨੇ ਨਾਸਿਕ ਵਿੱਚ ਇਹ ਪ੍ਰਯੋਗ ਕੀਤਾ ਸੀ ਪਰ ਤਕਨੀਕੀ ਖ਼ਾਮੀਆਂ ਕਰਕੇ ਇਹ ਤਰਕੀਬ ਫੇਲ੍ਹ ਹੋ ਗਈ ਸੀ।
ਕਦੋਂ ਤੇ ਕਿਵੇਂ ਹੁੰਦੀ ਕਲਾਊਡ ਸੀਡਿੰਗ, ਬਗੈਰ ਬੱਦਲਾਂ ਦੇ ਮੁਸ਼ਕਲ
ਨਿੱਜੀ ਮੌਸਮ ਏਜੰਸੀ ਸਕਾਈਮੈਟ ਦੇ ਵਾਈਸ ਪ੍ਰੈਜ਼ੀਡੈਂਟ ਤੇ ਚੀਫ ਮੌਟਰੋਲਾਜਿਸਟ ਮਹੇਸ਼ ਪਲਾਵਤ ਨੇ ਦੱਸਿਆ ਕਿ ਕਲਾਊਡ ਸੀਡਿੰਗ ਲਈ ਬੱਦਲ ਹੋਣੇ ਜ਼ਰੂਰੀ ਹੈ। ਬਗੈਰ ਬੱਦਲਾਂ ਦੇ ਕਲਾਊਡ ਸੀਡਿੰਗ ਨਹੀਂ ਕੀਤੀ ਜਾ ਸਕਦੀ। ਬੱਦਲ ਬਣਨ ‘ਤੇ ਸਿਲਵਰ ਆਇਓਡਾਈਡ ਤੇ ਹੋਰ ਚੀਜ਼ਾਂ ਦਾ ਛਿੜਕਾਅ ਕੀਤਾ ਜਾਂਦਾ ਹੈ। ਇਸ ਨਾਲ ਭਾਫ਼ ਪਾਣੀ ਦੀਆਂ ਬੂੰਦਾਂ ਵਿੱਚ ਬਦਲ ਜਾਂਦੀ ਹੈ ਤੇ ਗੁਰੂਤਾ ਖਿੱਚ ਕਰਕੇ ਇਹ ਪਾਣੀ ਦੀਆਂ ਬੂੰਦਾਂ ਮੀਂਹ ਬਣਕੇ ਧਰਤੀ ‘ਤੇ ਡਿੱਗਦੀਆਂ ਹਨ। ਪਲਾਵਲ ਨੇ ਕਿਹਾ ਕਿ ਭਾਰਤ ਵਿੱਚ ਕਲਾਊਡ ਸੀਡਿੰਗ ਦਾ ਸਕਸੈੱਸ ਰੇਟ ਜ਼ਿਆਦਾ ਨਹੀਂ, ਪਰ ਜੇ ਬੱਦਲ ਸਾਥ ਦੇਣ ਤਾਂ ਇਹ ਸੰਭਵ ਹੈ। ਜੂਨ ਮਹੀਨੇ ਦੇ ਪਹਿਲੇ ਹਫ਼ਤੇ ਬੱਦਲ ਹੁੰਦੇ ਹਨ, ਇਸ ਸਮੇਂ ਕਲਾਊਡ ਸੀਡਿੰਗ ਕਰਵਾਈ ਜਾ ਸਕਦੀ ਹੈ।
ਕੀ ਹੁੰਦੀ ਕਲਾਊਡ ਸੀਡਿੰਗ
ਇਹ ਅਜਿਹੀ ਤਕਨੀਕ ਹੈ, ਜਿਸ ਜ਼ਰੀਏ ਬੱਦਲਾਂ ਦੀ ਭੌਤਿਕ ਅਵਸਥਾ ਵਿੱਚ ਬਦਲਾਅ ਲਿਆਂਦਾ ਜਾ ਸਕਦਾ ਹੈ। ਇਸ ਜ਼ਰੀਏ ਭਾਫ਼ ਨੂੰ ਮੀਂਹ ਵਿੱਚ ਬਦਲਿਆ ਜਾਂਦਾ ਹੈ। ਇਸ ਪ੍ਰਕਿਰਿਆ ਵਿੱਚ ਸਿਲਵਰ ਆਇਓਡਾਈਡ ਦਾ ਰਸਾਇਣ ਤੇ ਸੁੱਕੀ ਬਰਫ਼ ਨੂੰ ਬੱਦਲਾਂ ‘ਤੇ ਸੁੱਟਿਆ ਜਾਂਦਾ ਹੈ। ਇਹ ਕੰਮ ਏਅਰਕ੍ਰਾਫਟ ਜਾਂ ਆਰਟਿਲਰੀ ਗੰਨ ਨਾਲ ਹੁੰਦਾ ਹੈ। ਇਸ ਨਾਲ ਭਾਫ਼ ਪਾਣੀ ਬਣ ਕੇ ਧਰਤੀ ‘ਤੇ ਡਿੱਗਦੀ ਹੈ।
ਸਭ ਤੋਂ ਪਹਿਲਾਂ ਜਨਰਲ ਇਲੈਕਟ੍ਰਿਕ (GE) ਦੇ ਵਿੰਸੈਂਟ ਸ਼ੈਫਰ ਤੇ ਨੋਬਲ ਪੁਰਸਕਾਰ ਜੇਤੂ ਇਰਵਿੰਗ ਲੈਂਗਮੁਈਰ ਨੇ ਇਸ ਥਿਊਰੀ ਦੀ ਪੁਸ਼ਟੀ ਕੀਤੀ ਸੀ। ਸ਼ੈਫਰ ਨੇ ਜੁਲਾਈ, 1946 ਵਿੱਚ ਕਲਾਊਡ ਸੀਡਿੰਗ ਦੇ ਸਿਧਾਂਤ ਦੀ ਖੋਜ ਕੀਤੀ ਸੀ। 13 ਨਵੰਬਰ, 1946 ਨੂੰ ਕਲਾਊਡ ਸੀਡਿੰਗ ਜ਼ਰੀਏ ਪਹਿਲੀ ਵਾਰ ਨਿਊਯਾਰਕ ਫਲਾਈਟ ਜ਼ਰੀਏ ਕੁਦਰਤੀ ਬੱਦਲਾਂ ਨੂੰ ਬਦਲਣ ਦਾ ਕੰਮ ਕੀਤਾ ਗਿਆ ਸੀ।
ਵਿਸ਼ਵ ਸਿਹਤ ਸੰਗਠਨ ਮੁਤਾਬਕ ਹੁਣ ਤਕ 56 ਦੇਸ਼ ਨਕਲੀ ਬਾਰਸ਼ ਦਾ ਇਸਤੇਮਾਲ ਕਰ ਚੁੱਕੇ ਹਨ। ਇਸ ਵਿੱਚ ਸੰਯੁਕਤ ਅਰਬ ਅਮੀਰਾਤ ਤੋਂ ਲੈ ਕੇ ਚੀਨ ਤਕ ਸ਼ਾਮਲ ਹਨ। ਯੂਏਈ ਨੇ ਪਾਣੀ ਦੀ ਕਮੀ ਦੂਰ ਕਰਨ ਲਈ ਇਸ ਦਾ ਇਸਤੇਮਾਲ ਕੀਤਾ ਸੀ ਤੇ ਚੀਨ ਨੇ 2008 ਵਿੱਚ ਸਮਰ ਓਲੰਪਿਕ ਦੀ ਓਪਨਿੰਗ ਸੇਰੈਮਨੀ ਤੋਂ ਪਹਿਲਾਂ ਪ੍ਰਦੂਸ਼ਣ ਖ਼ਤਮ ਕਰਨ ਲਈ ਇਸ ਦਾ ਇਸਤੇਮਾਲ ਕੀਤਾ ਸੀ। ਹੁਣ ਚੀਨ ਸੋਕੇ ਤੋਂ ਬਚਣ ਲਈ ਇਸ ਦਾ ਇਸਤੇਮਾਲ ਕਰ ਰਿਹਾ ਹੈ।