70.83 F
New York, US
April 24, 2025
PreetNama
ਫਿਲਮ-ਸੰਸਾਰ/Filmy
ਜ਼ਮੀਨ ਨਾਲ ਜੁੜਿਆ ਕਲਾਕਾਰ

 

 

ਸਤਵਿੰਦਰ ਸਿੰਘ ਤਿੰਨ ਭਰਾਵਾਂ ਦਾ ਭਰਾ ਹੈ। ਸਭ ਤੋਂ ਛੋਟਾ ਹੋਣ ਕਰਕੇ ਪਰਿਵਾਰਕ ਮੈਂਬਰ ਉਸ ਨੂੰ ਲਾਡ-ਪਿਆਰ ’ਚ ‘ਬੁੱਗਾ’ ਕਹਿ ਕੇ ਬੁਲਾਉਂਦੇ। ਅੱਗੇ ਵਧ ਕੇ ਮਾਪਿਆਂ ਦਾ ਲਾਡਲਾ ਸਤਵਿੰਦਰ ਸਿੰਘ ਗੀਤ- ਸੰਗੀਤ ਦੇ ਖੇਤਰ ’ਚ ਗਾਇਕ ਸਤਵਿੰਦਰ ਬੁੱਗਾ ਦੇ ਨਾਂ ਨਾਲ ਜਾਣਿਆ ਜਾਣ ਲੱਗਿਆ। ਰੱਜ ਕੇ ਮਿਹਨਤੀ ਤੇ ਮਿੱਠ ਬੋਲੜੇ ਸੁਭਾਅ ਦਾ ਮਾਲਕ ਇਹ ਗਾਇਕ ਜ਼ਮੀਨ ਨਾਲ ਜੁੜਿਆ ਕਲਾਕਾਰ ਹੈ। ਉਹ ਅੱਜ ਵੀ ਆਪਣੇ ਜੱਦੀ ਪਿੰਡ ਮੁਕਾਰੋਂਪੁਰ ਵਿਖੇ ਆਪਣੇ ਪਰਿਵਾਰ ਨਾਲ ਰਹਿ ਰਿਹਾ ਹੈ। ਪਹਿਲੀ ਮਿਲਣੀ ’ਚ ਹੀ ਦਿਲ ’ਚ ਵੱਸ ਜਾਣ ਵਾਲਾ ਇਹ ਕਲਾਕਾਰ ਸਿਰੇ ਦੇ ਸਾਊ ਸੁਭਾਅ ਦਾ ਮਾਲਕ ਹੈ।

ਸੰਗੀਤ ਤੇ ਭੰਗੜੇ ਨਾਲ ਰੁਚੀ

 

 

ਗਾਉਣ ਦਾ ਸ਼ੌਕ ਸਤਵਿੰਦਰ ਬੁੱਗਾ ਨੂੰ ਬਚਪਨ ਤੋਂ ਹੀ ਪੈ ਗਿਆ ਸੀ। ਉਹ ਸਕੂਲ ਸਮੇਂ ਤੋਂ ਹੀ ਸੰਗੀਤ ਨਾਲ ਰੁਚੀ ਤਾਂ ਰੱਖਦਾ ਸੀ ਪਰ ਸੁਭਾਅ ਪੱਖੋਂ ਸੰਗਾਊ ਹੋਣ ਕਰਕੇ ਸਟੇਜ ’ਤੇ ਨਹੀਂ ਸੀ ਜਾਂਦਾ। ਲੋਕ ਗਾਇਕ ਕਰਮਜੀਤ ਧੂਰੀ ਦੇ ਗੀਤ ‘ਮਾਰ ਜਗੀਰੋ ਗੇੜਾ ਨੀਂ ਮੈਂ ਔਦਰ ਗਿਆ’ ਨੂੰ ਅਕਸਰ ਗਾਉਂਦਾ ਰਹਿੰਦਾ। ਕੋਠੇ ’ਤੇ ਵੱਜਦੇ ਸਪੀਕਰਾਂ ’ਚ ਜਦੋਂ ਵੀ ਮਰਹੂਮ ਲੋਕ ਗਾਇਕ ਲਾਲ ਚੰਦ ਯਮਲਾ ਜੱਟ ਤੇ ਕਲੀਆਂ ਦੇ ਬਾਦਸ਼ਾਹ ਲੋਕ ਗਾਇਕ ਕੁਲਦੀਪ ਮਾਣਕ ਆਦਿ ਗਾਇਕਾਂ ਦੇ ਗੀਤਾਂ ਦੀ ਸੁਰੀਲੀ ਆਵਾਜ਼ ਉਸ ਨੂੰ ਸੁਣਾਈ ਦਿੰਦੀ ਤਾਂ ਉਹ ਖੇਤੀ ’ਚ ਹੱਥ ਵਟਾਉਂਦੇ ਵੇਲੇ, ਟਰੈਕਟਰ ਚਲਾਉਂਦੇ ਸਮੇਂ ਅਤੇ ਦੋਸਤਾਂ ’ਚ ਬੈਠ ਗੀਤਾਂ ਨੂੰ ਗੁਣਗੁਣਾਉਂਦਾ ਰਹਿੰਦਾ। ਗਾਇਕੀ ਦੇ ਖੇਤਰ ’ਚ ਉਹ ਕੁਲਦੀਪ ਮਾਣਕ ਨੂੰ ਆਪਣਾ ਮਾਰਗ ਦਰਸ਼ਕ ਮੰਨਦਾ ਹੈ। ਸਕੂਲ ਸਮੇਂ ਤੋਂ ਲੋਕ ਨਾਚ ਭੰਗੜੇ ਦੀ ਟੀਮ ਦਾ ਮੋਹਰੀ ਬਣ ਕੇ ਕਾਲਜ ਦੀ ਪੜ੍ਹਾਈ ਦੌਰਾਨ ਵੀ ਉਸ ਨੇ ਆਪਣੀ ਭੰਗੜੇ ਦੀ ਟੀਮ ਦਾ ਕੈਪਟਨ ਰਹਿ ਕੇ ਅਗਵਾਈ ਕੀਤੀ। ਉਸ ਨੇ ਕਾਲਜ ਸਮੇਂ ਵੱਖੋ-ਵੱਖ ਮੁਕਾਬਲਿਆਂ ’ਚ ਗੀਤ, ਗ਼ਜ਼ਲ, ਲੋਕ ਗੀਤ, ਵਾਰ ਗਾਇਨ ਮੁਕਾਬਲਾ, ਭੰਗੜਾ ਆਦਿ ’ਚ ਇਨਾਮ ਹਾਸਲ ਕੀਤੇ ।

ਗਾਇਕੀ ਦਾ ਆਗ਼ਾਜ਼

 

 

ਮਰਹੂਮ ਢੋਲੀ ਦੇਵ ਰਾਜ ਦੀ ਹੱਲਾਸ਼ੇਰੀ ਅਤੇ ਪ੍ਰੇਰਨਾ ਸਦਕਾ ਸਤਵਿੰਦਰ ਬੁੱਗਾ ਨੇ ਗਾਇਕੀ ਦੇ ਖੇਤਰ ’ਚ ਆਪਣੀ ਪਹਿਲੀ ਟੇਪ ‘ਲਾਈਆਂ ਯਾਰਾਂ ਨੇ ਮਹਿਫ਼ਲਾਂ’ ਨਾਲ ਗਾਇਕੀ ਦੇ ਖੇਤਰ ਵਿਚ ਖਾਤਾ ਖੋਲ੍ਹਿਆ। ਫਿਰ ਟੇਪ ‘ਉਡੀਕਾਂ ਤੇਰੀਆਂ’ ਮਾਰਕੀਟ ’ਚ ਆਈ। ਇਸ ਟੇਪ ’ਚ ਉਸ ਨੇ 32 ਸੈਕਿੰਡ ਦੀ ਹੇਕ ਨਾਲ ਆਪਣੀ ਪਛਾਣ ਬਣਾਈ। ਫਿਰ ‘ਤਵੀਤਾਂ ਵਾਲਾ ਜੱਟ ਮੋਹ ਲਿਆ’, ‘ਵਿਆਹ ਤੋਂ ਪਹਿਲਾਂ’ ਐਲਬਮਾਂ ਪੰਜਾਬੀ ਸਰੋਤਿਆਂ ਦੀ ਝੋਲੀ ਪਾਈਆਂ। ਉਸ ਦਾ ਕਹਿਣਾ ਹੈ ਕਿ ਇਹ ਕੈਸਿਟਾਂ ਉਸ ਦਾ ਮੁਕਾਮ ਤਾਂ ਨਹੀਂ ਬਣਾ ਸਕੀਆਂ ਪਰ ਉਸ ਨੂੰ ਸੰਗੀਤਕ ਹਲਕਿਆਂ ’ਚ ਜਾਣ ਕਰਕੇ ਸੰਗੀਤ ਦੇ ਖੇਤਰ ’ਚ ਅੱਗੇ ਵਧਣ ਲਈ ਪਲੈਟਫਾਰਮ ਜ਼ਰੂਰ ਮਿਲ ਗਿਆ।

 

 

ਸੰਗੀਤ ਸਮਰਾਟ ਚਰਨਜੀਤ ਆਹੂਜਾ ਨਾਲ ਮੁਲਾਕਾਤ

 

 

ਸਤਵਿੰਦਰ ਬੁੱਗਾ ਦੀ ਚਾਹਤ ਨੂੰ ਬੂਰ ਪਿਆ ਸੰਗੀਤਕ ਕੰਪਨੀ ਟੀ.ਪੀ.ਐੱਮ. ’ਚ ਕੰਮ ਕਰ ਕੇ। ਵਿੱਕੀ ਮੋਦੀ ਦੀ ਬਦੌਲਤ ਸਤਵਿੰਦਰ ਬੁੱਗਾ ਦੀ ਸੰਗੀਤ ਸਮਰਾਟ ਜਨਾਬ ਚਰਨਜੀਤ ਆਹੂਜਾ ਨਾਲ ਹੋਈ ਮੁਲਾਕਾਤ ਜਾਨਦਾਰ ਪਛਾਣ ਦਾ ਸਬੱਬ ਬਣੀ। ਜ਼ਿਕਰਯੋਗ ਹੈ ਕਿ ਚਰਨਜੀਤ ਆਹੂਜਾ ਸੰਗੀਤ ਦਾ ਉਹ ਮਾਲੀ ਹੈ, ਜਿਸ ਨੇ ਗਾਇਕੀ ਦੇ ਅਨੇਕਾਂ ਬੂਟਿਆਂ ਨੂੰ ਛਾਂਦਾਰ ਬਣਾਇਆ ਹੈੇ। ਉਸਤਾਦ ਤੇ ਚੇਲੇ ਦੀ ਪ੍ਰੰਪਰਾ ਨੂੰ ਬਰਕਰਾਰ ਰੱਖਦਿਆਂ ਆਹੂਜਾ ਨੇ ਸਤਵਿੰਦਰ ਬੁੱਗਾ ਨੂੰ ਚਾਰ ਸਾਲ ਗੀਤ-ਸੰਗੀਤ ’ਤੇ ਮਿਹਨਤ ਕਰਵਾਈ। ਫਿਰ ਐਲਬਮ ‘ਤੇਰਾ ਨੱਚਣਾ ਬੜਾ ਕਮਾਲ’ ਟਾਈਟਲ ਹੇਠ ਮਾਰਕੀਟ ’ਚ ਆਈ। ਕੈਸਿਟ ਵਿਚਲੇ ਗੀਤ ‘ ਨੀਂ ਤੂੰ ਵਿੱਛੜਨ-ਵਿੱਛੜਨ ਕਰਦੀ ਏਂ’ ਦੀ ਅਪਾਰ ਸਫਲਤਾ ਨੇ ਸਤਵਿੰਦਰ ਬੁੱਗਾ ਨੂੰ ਸਟਾਰ ਬਣਾ ਦਿੱਤਾ। ਫਿਰ ਐਲਬਮ ‘ ਹਾਏ ਸੋਹਣੀਏ ’, ‘ ਕੁੜੀ ਪੰਜਾਬਣ ਲੱਗਦੀ ਏ’, ‘ਯਾਰ ਨਾ ਵਿੱਛੜੇ’, ‘ਬੇਦਰਦੇ ਨੀਂ’, ‘ ਏਨੇ ਖ਼ਤ ਲਿਖਦੀ ਨਾ’ ਆਦਿ ਐਲਬਮਾਂ ਵਿਚਲੇ ਗੀਤਾਂ ਨੂੰ ਚਰਨਜੀਤ ਆਹੂਜਾ ਨੇ ਬਾਕਮਾਲ ਮਨਮੋਹਕ ਸੰਗੀਤਕ ਧੁਨਾਂ ’ਚ ਗੁੰਦ ਕੇ ਸਰੋਤਿਆਂ ਦੇ ਦਿਲਾਂ ’ਚ ਵਸਾਇਆ ਹੈ। ਉਸ ਦੇ ਗਾਏ ਉਦਾਸ ਗੀਤਾਂ ਨੂੰ ਨੌਜਵਾਨ ਪੀੜ੍ਹੀ ਨੇ ਬਹੁਤ ਜ਼ਿਆਦਾ ਪਸੰਦ ਕੀਤਾ ਹੈ।

 

 

ਹਮੇਸ਼ਾ ਮਿਆਰੀ ਗਾਉਣ ਨੂੰ ਦਿੱਤੀ ਪਹਿਲ

 

 

ਸਤਵਿੰਦਰ ਬੁੱਗਾ ਦੀ ਹਮੇਸ਼ਾ ਖ਼ਾਸੀਅਤ ਰਹੀ ਹੈ ਕਿ ‘ਦੋ ਪੈਰ ਘੱਟ ਤੁਰਨਾ ਪਰ ਤੁਰਨਾ ਮੜਕ ਦੇ ਨਾਲ’ ਮੁਹਾਵਰੇ ਅਨੁਸਾਰ ਰੂਹ ਦੀ ਖ਼ੁਰਾਕ ਗਾਇਕੀ ਨੂੰ ਹਿੱਕ ਦੇ ਜ਼ੋਰ ਨਾਲ ਗਾ ਕੇ ਹਿੱਟ ਕਰ ਦਿਖਾਇਆ ਹੈ। ਉਸ ਨੇ ਸੱਭਿਆਚਾਰ ਤੇ ਮਿਆਰੀ ਗਾਇਕੀ ਨਾਲ ਆਪਣਾ ਵੱਖਰਾ ਮੁਕਾਮ ਹਾਸਲ ਕੀਤਾ ਹੈ। ਦਰਜਨ ਦੇ ਕਰੀਬ ਐਲਬਮਾਂ ਜਿਨ੍ਹਾਂ ਵਿਚ ‘ਲਾਈਆਂ ਯਾਰਾਂ ਨੇ ਮਹਿਫ਼ਲਾਂ’, ‘ਉਡੀਕਾਂ ਤੇਰੀਆਂ’, ‘ਤਵੀਤਾਂ ਵਾਲਾ ਜੱਟ ਮੋਹ ਲਿਆ’, ‘ਵਿਆਹ ਤੋਂ ਪਹਿਲਾਂ’, ‘ਤੇਰਾ ਨੱਚਣਾ ਬੜਾ ਕਮਾਲ’, ‘ਹਾਏ ਸੋਹਣੀਏ’, ‘ਕੁੜੀ ਪੰਜਾਬਣ ਲੱਗਦੀ ਐ’, ‘ਯਾਰ ਨਾ ਵਿੱਛੜੇ’, ‘ਬੇਦਰਦੇ ਨੀਂ’, ‘ਏਨੇ ਖ਼ਤ ਲਿਖਦੀ ਨਾ’, ਮਲਟੀ ਐਲਬਮਾਂ ਆਦਿ ਵਿਚਲੇ ਗੀਤ ‘ਵਿੱਛੜਣ-ਵਿੱਛੜਣ ਕਰਦੀ ਏਂ ਜਦੋਂ ਵਿੱਛੜੇਗੀ’, ‘ਅੱਖ ਮਸਤਾਨੀ’,‘ਯਾਰ ਨਾ ਵਿੱਛੜੇ, ਸੱਜਣ ਨਾ ਵਿੱਛੜੇ’, ‘ਰੱਬ ਦੇ ਸਮਾਨ ਸਾਨੂੰ ਕਹਿਣ ਵਾਲੀਏ’, ‘ਬੇਦਰਦੇ ਨੀ’, ‘ਇਸ਼ਕ-ਇਸ਼ਕ’, ‘ਛੱਲੇ ਨਾਲ ਜੁਗਨੀ ਅਟੈਚ ਹੋ ਗਈ’, ‘ਤੂਤਾਂ ਵਾਲੀ ਠੰਢੀ-ਠੰਢੀ ਛਾਂ ਦੋਸਤੋ’, ‘ਜਿੰਨੇ ਦੁੱਖ ਸਾਨੂੰ ਤੂੰ ਦਿੱਤੇ ਨੀ ਕੋਈ ਹੋਰ ਹੁੰਦਾ ਤਾਂ ਮਰ ਜਾਂਦਾ’, ‘ਕੁੜੀ ਪੰਜਾਬਣ ਲੱਗਦੀ ਏ’ ਆਦਿ ਆਪਣੇ ਹਰੇਕ ਗੀਤ ਨਾਲ ਸਫਲਤਾ ਦੀਆਂ ਨਵੀਆਂ ਬੁਲੰਦੀਆਂ ਨੂੰ ਛੂਹਿਆ ਹੈ। ਪੰਜਾਬੀਆਂ ਦੇ ਹਰਮਨ ਪਿਆਰੇ ਇਸ ਗਾਇਕ ਦੇ ਗੀਤਾਂ ਵਿਚਲੀ ਬਾਕਮਾਲ ਸ਼ਾਇਰੀ ਵੀ ਦਿਲਾਂ ਦੀ ਗੱਲ ਕਰਦੀ ਪ੍ਰਤੀਤ ਹੁੰਦੀ ਹੈ। ਉਸ ਨੇ ਪੰਜਾਬੀ ਗੀਤਾਂ ਦੇ ਨਾਲ – ਨਾਲ ਧਾਰਮਿਕ ਐਲਬਮਾਂ ਵਿਚਲੀਆਂ ਮਾਤਾ ਦੀਆਂ ਭੇਟਾਂ ‘ਸਿਫ਼ਤ ਕਰੀ ਨਾ ਜਾਵੇ ਮੇਰੀ ਦਾਤੀ ਦੇ ਦਰਬਾਰ ਦੀ’ ਤੋਂ ਇਲਾਵਾ ਧਾਰਮਿਕ ਗੀਤ ‘ਰੱਬਾ ਮੈਨੂੰ ਨੇਕੀਆਂ ਕਮਾਉਣ ਜੋਗਾ ਕਰ ਦੇ’ ਆਦਿ ਵੀ ਸ਼ਰਧਾ ਨਾਲ ਰਿਕਾਰਡ ਕਰਵਾਏ ਹਨ।

 

 

ਚਾਹੁਣ ਵਾਲਿਆਂ ਦੀ ਕਤਾਰ ਬੜੀ ਲੰਬੀ

 

 

ਗਾਇਕੀ ਦੇ ਖੇਤਰ ’ਚ ਸੁਰੀਲੇ ਗਾਇਕ ਸਤਵਿੰਦਰ ਬੁੱਗਾ ਨੂੰ ਚਾਹੁਣ ਵਾਲਿਆਂ ਦਾ ਘੇਰਾ ਵਿਸ਼ਾਲ ਹੈ। ਸਟੇਜਾਂ ’ਤੇ ਹਮੇਸ਼ਾ ਹੀ ਉਸ ਦੇ ਗੀਤਾਂ ਨੂੰ ਸੁਣਨ ਲਈ ਫਰਮਾਇਸ਼ ਵਾਲਿਆਂ ਦੀ ਲੰਬੀ ਸੂਚੀ ਹੁੰਦੀ ਹੈ। ਉਹ ਪਿੱਠਵਰਤੀ ਗਾਇਕ ਵਜੋਂ ਸੁਨਹਿਰੀ ਪਰਦੇ ’ਤੇ ਵੀ ਆਪਣੀ ਆਵਾਜ਼ ਨਾਲ ਪੰਜਾਬੀ ਫਿਲਮਾਂ ‘ਵਿਦਰੋਹ’ ਅਤੇ ‘ਦੇਹ ਸ਼ਿਵਾ ਵਰ ਮੋਹਿ ਇਹੈ’ ਲਈ ਗਾ ਚੁੱਕਿਆ ਹੈ। ਉਸ ਦੀ ਆਪਣੀ ‘ਬੁੱਗਾ ਰਿਕਾਰਡਜ਼ ਸੰਗੀਤਕ ਕੰਪਨੀ’ ਸੰਗੀਤ ਦੇ ਖੇਤਰ ’ਚ ਖ਼ੂਬ ਚਰਚਾ ’ਚ ਹੈ। ਉਸ ਦਾ ਪੁੱਤਰ ਅਮਨਿੰਦਰ ਬੁੱਗਾ ਵੀ ਗਾਇਕੀ ਦੇ ਖੇਤਰ ’ਚ ਅਮਿੱਟ ਪੈੜਾਂ ਪਾ ਰਿਹਾ ਹੈ।

 

 

ਸਰਪੰਚ ਵਜੋਂ ਨਿਭਾਈ ਜ਼ਿੰਮੇਵਾਰੀ

 

 

ਨਿੱਗਰ ਤੇ ਮਿਆਰੀ ਸੋਚ ਵਾਲੇ ਗਾਇਕ ਸਤਵਿੰਦਰ ਬੁੱਗਾ ਨੇ ਲੱਚਰਤਾ ਤੋਂ ਕੋਹਾਂ ਦੂਰ ਰਹਿ ਕੇ, ਕਿਰਚਾਂ, ਕਿਰਪਾਨਾਂ, ਰਫ਼ਲਾਂ ਅਤੇ ਬੰਦੂਕਾਂ ਵਾਲੇ ਵਿਸ਼ਿਆਂ ਤੋਂ ਹਟ ਕੇ ਸੰਗੀਤ ਜਗਤ ਨੂੰ ਸਾਫ਼-ਸੁਥਰੇ ਗੀਤ ਦਿੱਤੇ ਹਨ। ਆਪਣੇ ਗੀਤਾਂ ਨਾਲ ਸਮਾਜ ਪ੍ਰਤੀ ਜ਼ਿੰਮੇਵਾਰੀਆਂ ਨਿਭਾਉਣ ਦੇ ਨਾਲ-ਨਾਲ ਉਸ ਨੇ ਆਪਣੇ ਪਿੰਡ ਮੁਕਾਰੋਂਪੁਰ ਦੀ ਪੰਜ ਸਾਲ ਸਰਪੰਚੀ ਵੀ ਕੀਤੀ ਹੈ। ਪਿੰਡ ਦੇ ਸਰਪੰਚ ਵਜੋਂ ਉਸ ਨੇ ਆਪਣੀ ਜ਼ਿੰਮੇਵਾਰੀ ਨੂੰ ਬਾਖ਼ੂਬੀ ਨਿਭਾਇਆ ਹੈ। ਉਸ ਦਾ ਗਾਇਆ ਗੀਤ ‘ਜ਼ੀਰੋ ਸਾਈਜ਼’ ਸਿਹਤ ਦਾ ਖ਼ਿਆਲ ਰੱਖਣ ਸਬੰਧੀ ਜਾਗਰੂਕ ਕਰਦਾ ਹੈ। ਰੱਬ ਉਸ ਨੂੰ ਲੰਬੀਆਂ ਉਮਰਾਂ ਬਖ਼ਸ਼ੇ।

Related posts

‘ਐਮਰਜੈਂਸੀ’ ਵਿਰੁੱਧ ਵਿਰੋਧ ਪ੍ਰਦਰਸ਼ਨ’ ਫਿਲਮ ‘ਐਮਰਜੈਂਸੀ’ ਦੇ ਪ੍ਰਦਰਸ਼ਨ ’ਤੇ ਰੋਕ ਲਾਉਣ ਦੀ ਮੰਗ ਨੂੰ ਲੈ ਕੇ ਐੱਸਜੀਪੀਸੀ ਵੱਲੋਂ ਮੁਜ਼ਾਹਰੇ

On Punjab

ਗਡਕਰੀ ਤੇ ਵਿਵੇਕ ਓਬਰਾਏ ਨੇ ਲਾਂਚ ਕੀਤਾ PM Narendra Modi ਦਾ ਪੋਸਟਰ

On Punjab

ਸਾਲ ਬਾਅਦ ਹੋ ਰਹੀ ਰਿਸ਼ੀ ਕਪੂਰ ਦੀ ਵਾਪਸੀ, ਅਨੁਪਮ ਖੇਰ ਨੇ ਦਿੱਤੀ ਜਾਣਕਾਰੀ

On Punjab