45 day old Covid 19: ਹੈਦਰਾਬਾਦ : ਕੋਰੋਨਾ ਵਾਇਰਸ ਨਾਲ ਸੰਕਰਮਿਤ ਮਿਲਿਆ 45 ਦਿਨਾਂ ਦਾ ਬੱਚਾ ਇਲਾਜ ਤੋਂ ਬਾਅਦ ਪੂਰੀ ਤਰ੍ਹਾਂ ਠੀਕ ਹੋ ਗਿਆ ਹੈ। ਉਸ ਨੂੰ ਬੁੱਧਵਾਰ ਨੂੰ ਸਰਕਾਰੀ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। 4 ਅਪ੍ਰੈਲ ਨੂੰ ਬੱਚੇ ਨੂੰ ਮਹਿਬੂਬਨਗਰ ਖੇਤਰ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਉਸ ਸਮੇਂ ਉਹ ਸਿਰਫ 20 ਦਿਨਾਂ ਦਾ ਸੀ। ਬੱਚੇ ਨੂੰ ਆਪਣੇ ਪਿਤਾ ਤੋਂ ਲਾਗ ਲੱਗ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਬੱਚਾ ਦੇਸ਼ ਵਿੱਚ ਸੰਕਰਮਿਤ ਪਾਏ ਗਏ ਬੱਚਿਆਂ ਵਿੱਚੋਂ ਸਭ ਤੋਂ ਛੋਟਾ ਹੈ। ਬੱਚੇ ਦਾ ਸ਼ਹਿਰ ਦੇ ਗਾਂਧੀ ਹਸਪਤਾਲ ਵਿਖੇ ਇਲਾਜ ਕੀਤਾ ਗਿਆ ਹੈ। ਬੱਚੇ ਦੇ ਠੀਕ ਹੋਣ ਕਾਰਨ ਪਰਿਵਾਰਕ ਮੈਂਬਰ ਵੀ ਖੁਸ਼ ਹਨ। ਉਨ੍ਹਾਂ ਨੇ ਡਾਕਟਰਾਂ ਦਾ ਧੰਨਵਾਦ ਕੀਤਾ ਹੈ।
ਦੱਸ ਦੇਈਏ ਕਿ ਬੁੱਧਵਾਰ ਨੂੰ ਦੇਸ਼ ਵਿੱਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 1,074 ਹੋ ਗਈ ਹੈ, ਜਦੋਂ ਕਿ ਸੰਕਰਮਿਤ ਮਾਮਲਿਆਂ ਦੀ ਗਿਣਤੀ 33,050 ਹੋ ਗਈ ਹੈ। ਸਿਹਤ ਮੰਤਰਾਲੇ ਦੇ ਅੰਕੜਿਆਂ ਦੇ ਅਨੁਸਾਰ, ਪਿੱਛਲੇ 24 ਘੰਟਿਆਂ ਵਿੱਚ ਇੱਕ ਰਿਕਾਰਡ 71 ਲੋਕਾਂ ਦੀ ਮੌਤ ਕੋਰੋਨਾ ਦੀ ਲਾਗ ਕਾਰਨ ਹੋਈ। ਜਦੋਂ ਕਿ ਮਰੀਜ਼ਾਂ ਦੀ ਗਿਣਤੀ ਵਿੱਚ 1,813 ਦਾ ਵਾਧਾ ਹੋਇਆ ਹੈ। ਸਿਹਤ ਮੰਤਰਾਲੇ ਨੇ ਕਿਹਾ ਕਿ 7,796 ਮਰੀਜ਼ ਇਲਾਜ਼ ਤੋਂ ਬਾਅਦ ਠੀਕ ਹੋਏ ਹਨ।