ਚੰਡੀਗੜ੍ਹ: ਡੋਗਰਾ ਸਕਾਊਟਸ ਤੇ ਏਅਰ ਫੋਰਸ ਦੀ ਸਾਂਝੀ ਟੀਮ ਨੇ 51 ਸਾਲ ਪਹਿਲਾਂ ਹਿਮਾਚਲ ਪ੍ਰਦੇਸ਼ ਦੇ ਰੋਹਤਾਂਗ ਦਰ੍ਹੇ ਕੋਲ ਲਾਪਤਾ ਹੋਏ ਐਨ-12 ਬੀਐਲ-534 ਜਹਾਜ਼ ਦੇ ਕੁਝ ਹਿੱਸੇ ਬਰਾਮਦ ਕੀਤੇ ਹਨ। ਰੱਖਿਆ ਵਿਭਾਗ ਨੇ ਦੱਸਿਆ ਕਿ ਡੋਗਰਾ ਸਕਾਉਟਸ ਨੇ ਪੱਛਮੀ ਕਮਾਨ ਹੈੱਡਕੁਆਰਟਰ ਦੀ ਸਹਾਇਤਾ ਨਾਲ ਢਾਕਾ ਗਲੇਸ਼ੀਅਰ ਵਿੱਚ 5240 ਮੀਟਰ ਦੀ ਉਚਾਈ ਤੋਂ ਜਹਾਜ਼ ਦੀ ਭਾਲ ਸ਼ੁਰੂ ਕੀਤੀ ਸੀ।
ਹਾਲਾਂਕਿ, ਸਰਚ ਅਭਿਆਨ ਦੌਰਾਨ ਹਵਾਈ ਜਹਾਜ਼ ਵਿੱਚ ਸਵਾਰ 96 ਜਵਾਨਾਂ ਦੀਆਂ ਲਾਸ਼ਾਂ ਨਹੀਂ ਮਿਲੀਆਂ। ਟੀਮ ਨੂੰ ਏਅਰ ਫੋਰਸ ਦੇ ਜਹਾਜ਼ਾਂ ਲਈ ਏਅਰੋ ਇੰਜਣ, ਢਾਂਚਾ, ਇਲੈਕਟ੍ਰਿਕ ਸਰਕਟਾਂ, ਏਅਰ ਬ੍ਰੇਕਸ, ਕਾਕਪਿਟ ਦਾ ਦਰਵਾਜ਼ਾ ਤੇ ਯਾਤਰੀਆਂ ਦਾ ਕੁਝ ਸਾਮਾਨ ਮਿਲਿਆ ਹੈ। ਡੋਗਰਾ ਸਕਾਊਟਸ ਨੇ 26 ਜੁਲਾਈ ਨੂੰ ਖੋਜ ਸ਼ੁਰੂ ਕੀਤੀ ਸੀ। ਇਹ ਜਹਾਜ਼ 7 ਫਰਵਰੀ, 1968 ਨੂੰ ਲਾਪਤਾ ਹੋਇਆ ਸੀ।
ਸਰਚ ਅਭਿਆਨ ਦਾ ਪਹਿਲਾ ਪੜਾਅ 3 ਅਗਸਤ ਨੂੰ ਸ਼ੁਰੂ ਕੀਤਾ ਗਿਆ ਸੀ, ਜੋ 18 ਅਗਸਤ ਨੂੰ ਖ਼ਤਮ ਹੋਇਆ। ਇਹ ਸਰਚ ਆਪ੍ਰੇਸ਼ਨ ਏਅਰ ਕਰੈਸ਼ ਸਾਈਟ (17,292 ਫੁੱਟ) ਤਕ ਚਲਾਇਆ ਗਿਆ ਸੀ। ਟੀਮ ਨੇ ਇਸ ਗਲੇਸ਼ੀਅਰ ਵਿੱਚ 80 ਡਿਗਰੀ ਤਕ ਢਲਾਣ ਵਾਲੀਆਂ ਚੋਟੀਆਂ ‘ਤੇ ਜਵਾਨਾਂ ਦੀਆਂ ਲਾਸ਼ਾਂ ਤੇ ਕਰੈਸ਼ ਜਹਾਜ਼ ਦੇ ਮਲਬੇ ਦੀ ਭਾਲ ਕੀਤੀ।
ਏਅਰ ਫੋਰਸ ਨੇ 6 ਅਗਸਤ ਨੂੰ ਫੌਜ ਦੇ ਇਸ ਸਰਚ ਆਪ੍ਰੇਸ਼ਨ ਵਿੱਚ ਸ਼ਾਮਲ ਹੋ ਕੇ ਵਿਸ਼ੇਸ਼ ਟੀਮ ਦੇ ਮੈਂਬਰਾਂ ਨੂੰ ਬਰਫ਼ ਦੇ ਹੇਠਾਂ ਦੱਬੇ ਹੋਏ ਜਹਾਜ਼ ਦੇ ਮਲਬੇ ਦੀ ਪਛਾਣ ਕਰਨ ਵਿੱਚ ਸਹਾਇਤਾ ਕੀਤੀ। ਦੱਸ ਦੇਈਏ 7 ਫਰਵਰੀ 1968 ਨੂੰ ਏਅਰ ਫੋਰਸ ਦੇ ਐਨ-12 (ਬੀਐਲ-534) ਨੂੰ 96 ਜਵਾਨਾਂ ਨੂੰ ਚੰਡੀਗੜ੍ਹ ਤੋਂ ਲੇਹ ਛੱਡ ਕੇ ਆਉਣ ਦਾ ਕੰਮ ਮਿਲਿਆ ਸੀ।