ਸਿਓਲ: ਦੱਖਣੀ ਕੋਰੀਆ ਦੀ ਛੇ ਸਾਲ ਦੀ ਲੜਕੀ ਬੋਰਮ ਨੇ ਆਪਣੇ ਦੋ YouTube ਚੈਨਲਾਂ ਤੋਂ 55 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਸ ਪੈਸੇ ਨਾਲ ਉਸ ਨੇ ਰਾਜਧਾਨੀ ਸਿਓਲ ਵਿੱਚ ਪੰਜ ਮੰਜ਼ਲਾ ਇਮਾਰਤ ਖਰੀਦੀ। 1975 ਵਿੱਚ ਸ਼ਹਿਰ ਦੇ ਮੁੱਖ ਬਾਜ਼ਾਰ ਦੇ ਇਲਾਕੇ ਵਿੱਚ ਬਣੀ ਇਹ ਇਮਾਰਤ 258 ਵਰਗ ਮੀਟਰ ਦੇ ਖੇਤਰ ਵਿੱਚ ਬਣਾਈ ਗਈ ਹੈ। ਇਸ ਦਾ ਇਸਤੇਮਾਲ ਬੋਰਮ ਦੇ ਪਰਿਵਾਰ ਦੀ ਕੰਪਨੀ ਕਰ ਰਹੀ ਹੈ।
ਬੋਰਮ ਦੇ ਚੈਨਲਾਂ ਦੇ ਕਰੀਬ 3 ਕਰੋੜ ਤੋਂ ਵੱਧ ਸਬਸਕ੍ਰਾਈਬਰਸ ਹਨ। ਪਹਿਲਾ ਖਿਡੌਣਿਆਂ ਦੇ ਰਿਵਿਊ ਕਰਨ ਵਾਲਾ ਚੈਨਲ ਹੈ। ਇਸ ਦੇ 1.36 ਕਰੋੜ ਸਬਸਕ੍ਰਾਈਬਰਸ ਹਨ। ਦੂਜਾ ਚੈਨਲ ਵੀਡੀਓ ਬਲਾਗ ਦਾ ਹੈ। ਇਸ ਦੇ 1.76 ਕਰੋੜ ਸਬਸਕ੍ਰਾਈਬਰਸ ਹਨ। ਇਸ ਵਿੱਚ ਬੋਰਮ ਆਪਣੇ ਪਰਿਵਾਰ ਦੀ ਰੋਜ਼ਾਨਾ ਜ਼ਿੰਦਗੀ ਦੀਆਂ ਵੀਡੀਓ ਅਪਲੋਡ ਕਰਦੀ ਹੈ।
ਬੋਰਮ ਦੇ ਯੂਟਿਊਬ ਚੈਨਲ ਦੱਖਣੀ ਕੋਰੀਆ ਵਿੱਚ ਸਭ ਤੋਂ ਵੱਧ ਪਸੰਦ ਕੀਤਾ ਜਾ ਰਹੇ ਹਨ। ਇਕੱਠੇ ਮਿਲ ਕੇ ਦੋਵੇਂ ਚੈਨਲ ਦੇਸ਼ ਦੇ ਸਭ ਤੋਂ ਵੱਧ ਕਮਾਈ ਕਰਨ ਵਾਲੇ ਯੂਟਿਊਬ ਚੈਨਲ ਬਣ ਗਏ ਹਨ। ਬੋਰਮ ਦੀ ਇੱਕ ਵੀਡੀਓ ਨੂੰ 37.6 ਕਰੋੜ ਲੋਕਾਂ ਨੇ ਵੇਖਿਆ। ਇਸ ਵੀਡੀਓ ਵਿੱਚ ਬੋਰਮ ਪਲਾਸਟਿਕ ਦੇ ਖਿਡੌਣਾ ਰਸੋਈ ਵਿੱਚ ਤੇਜ਼ੀ ਨਾਲ ਨੂਡਲਜ਼ ਬਣਾਉਂਦੀ ਦਿੱਸ ਰਹੀ ਹੈ ਤੇ ਅਚਾਨਕ ਨੂਡਲਜ਼ ਕੈਮਰੇ ‘ਤੇ ਡੇਗ ਦਿੰਦੀ ਹੈ।
ਫੋਰਬਸ ਦੇ ਅਨੁਸਾਰ ਪਿਛਲੇ ਸਾਲ ਅਮਰੀਕਾ ਦੇ 7 ਸਾਲਾਂ ਦੇ ਰਿਆਨ ਕਾਜੀ ਨੇ ਯੂਟਿਊਬ ਤੋਂ 152 ਕਰੋੜ ਰੁਪਏ ਕਮਾਏ ਸੀ। ਯੂਟਿਊਬ ਜ਼ਰੀਏ ਕਿਸੇ ਵੀ ਬੱਚੇ ਦੀ ਇਹ ਸਭ ਤੋਂ ਵੱਧ ਕਮਾਈ ਹੈ। ਰਿਆਨ ਦੇ ਖਿਡੌਣਿਆਂ ਦੇ ਚੈਨਲ ਦੇ 2.08 ਕਰੋੜ ਸਬਸਕ੍ਰਾਈਬਰਸ ਹਨ।