ਵਾਸ਼ਿੰਗਟਨ: ਅਮਰੀਕਾ ਵਿੱਚ ਕਰੀਬ 67 ਸਾਲਾਂ ਬਾਅਦ ਅਦਾਲਤ ਨੇ ਇੱਕ ਔਰਤ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਅੱਠ ਦਸੰਬਰ ਨੂੰ ਇਸ ਔਰਤ ਨੂੰ ਜ਼ਹਿਰੀਲਾ ਟੀਕਾ ਦੇ ਕੇ ਮੌਤ ਦੀ ਸਜ਼ਾ ਸੁਣਾਈ ਜਾਵੇਗੀ। ਦੱਸ ਦੇਈਏ ਕਿ ਆਖਰੀ ਵਾਰ 1953 ਵਿੱਚ ਇੱਕ ਔਰਤ ਨੂੰ ਅਮਰੀਕਾ ਵਿੱਚ ਮੌਤ ਦੀ ਸਜ਼ਾ ਸੁਣਾਈ ਗਈ ਸੀ।
ਔਰਤ ਨਾਲ ਸੰਬਧਤ ਮਾਮਲਾ 2004 ਦਾ:
ਮੀਡੀਆ ਰਿਪੋਰਟਾਂ ਮੁਤਾਬਕ, 2004 ਵਿੱਚ ਲਿਸਾ ਮੌਂਟਗਮਰੀ ਨੇ ਇੱਕ ਦਰਦਨਾਕ ਕਤਲ ਨੂੰ ਅੰਜਾਮ ਦਿੱਤਾ ਸੀ। ਲਿਸਾ ਪਾਲਤੂ ਕੁੱਤੇ ਨੂੰ ਖਰੀਦਣ ਦੇ ਬਹਾਨੇ 23 ਸਾਲਾ ਬੌਬੀ ਸਟੇਨੇਟ ਦੇ ਮਿਜ਼ੂਰੀ ਵਿਖੇ ਘਰ ਪਹੁੰਚੀ ਸੀ।ਮੌਂਟਗਮਰੀ ਨੇ ਪਹਿਲਾਂ 8 ਮਹੀਨੇ ਦੀ ਗਰਭਵਤੀ ਔਰਤ ਦਾ ਰੱਸੀ ਨਾਲ ਗਲਾ ਘੁੱਟ ਕੇ ਮਾਰਿਆ। ਇਸ ਤੋਂ ਬਾਅਦ ਸਟੀਨੇਟ ਦਾ ਢਿੱਡ ਪਾੜ ਬੱਚਾ ਲੈ ਕੇ ਫਰਾਰ ਹੋ ਗਈ। ਫੜੇ ਜਾਣ ਤੋਂ ਬਾਅਦ ਮੌਂਟਗਮਰੀ ਨੇ ਮਿਸੂਰੀ ਅਦਾਲਤ ਵਿੱਚ ਅਪਰਾਧ ਦੀ ਇਕਬਾਲ ਕੀਤਾ ਤੇ ਫਿਰ 2008 ਵਿੱਚ ਜੱਜ ਨੇ ਉਸ ਨੂੰ ਅਗਵਾ ਤੇ ਕਤਲ ਦੇ ਦੋਸ਼ੀ ਠਹਿਰਾਇਆ। ਹਾਲਾਂਕਿ, ਕੇਸ ਦੀ ਸੁਣਵਾਈ ਦੌਰਾਨ ਦੋਸ਼ੀ ਦੇ ਵਕੀਲਾਂ ਨੇ ਅਦਾਲਤ ਵਿੱਚ ਦਲੀਲ ਦਿੱਤੀ ਕਿ ਉਹ ਬਿਮਾਰ ਹੈ ਪਰ ਜੱਜ ਨੇ ਇਸ ਨੂੰ ਰੱਦ ਕਰ ਦਿੱਤਾ।
ਇਸ ਤੋਂ ਬਾਅਦ ਮੌਂਟਗਮਰੀ ਨੇ ਕਈ ਸੰਘੀ ਅਦਾਲਤਾਂ ਤਕ ਪਹੁੰਚ ਕੀਤੀ, ਪਰ ਉਸ ਦੀ ਸਜ਼ਾ ਹਰ ਥਾਂ ਕਾਇਮ ਰਹੀ। ਮੌਂਟਗੋਮਰੀ ਹੁਣ 52 ਸਾਲਾਂ ਦੀ ਹੈ ਤੇ ਜਦੋਂ ਉਸ ਨੇ ਇਹ ਜੁਰਮ ਕੀਤਾ ਸੀ ਤਾਂ ਉਹ 36 ਸਾਲਾਂ ਦੀ ਸੀ।ਦੱਸ ਦੇਈਏ ਕਿ 20 ਸਾਲ ਦੀ ਰੋਕ ਤੋਂ ਬਾਅਦ 3 ਮਹੀਨੇ ਪਹਿਲਾਂ ਯੂਐਸ ਵਿੱਚ ਮੌਤ ਦੀ ਸਜ਼ਾ ਬਹਾਲ ਕਰ ਦਿੱਤੀ ਗਈ। ਮੌਤ ਦੀ ਸਜ਼ਾ ਮੁੜ ਬਹਾਲ ਹੋਣ ਤੋਂ ਬਾਅਦ ਇਹ ਸਜ਼ਾ ਮਿਲਣ ਵਾਲੀ ਲਿਸਾ ਮੌਂਟਗਮਰੀ 9ਵੀਂ ਸੰਘੀ ਕੈਦੀ ਹੈ।