ਭਾਰਤੀ ਅਥਲੈਟਿਕਸ ਸੰਘ ਨੇ ਨੀਰਜ ਚੋਪੜਾ ਸਮੇਤ ਉਨ੍ਹਾਂ ਸਾਰੇ ਖਿਡਾਰੀਆਂ ਦਾ ਸਨਮਾਨ ਕੀਤਾ, ਜਿਨ੍ਹਾਂ ਨੇ ਟੋਕਿਓ ਓਲੰਪਿਕ ’ਚ ਅਥਲੈਟਿਕਸ ’ਚ ਚੰਗਾ ਪ੍ਰਦਰਸ਼ਨ ਕੀਤਾ। ਦਿੱਲੀ ’ਚ ਕਰਵਾਏ ਹੋਏ ਅਥਲੈਟਿਕਸ ਸੰਘ ਦੇ ਇਸ ਪ੍ਰੋਗਰਾਮ ’ਚ ਕਮਲਪ੍ਰੀਤ ਕੌਰ, ਲਲਿਤ ਭਨੋਟ, ਨੀਰਜ ਚੋਪੜਾ ਅਤੇ ਸਾਬਕਾ ਅਥਲੀਟ ਅੰਜੂ ਬਾਬੀ ਜਾਰਜ ਵੀ ਸ਼ਾਮਿਲ ਸਨ। ਇਸ ਦੌਰਾਨ ਹਰ ਸਾਲ ਹੋਣ ਵਾਲੇ ਜੈਵਲਿਨ ਥ੍ਰੋ ਕੰਪੀਟੀਸ਼ਨ ਦਾ ਐਲਾਨ ਵੀ ਕੀਤਾ ਗਿਆ।

ਉਥੇ ਹੀ ਓਲੰਪਿਕ ਗੋਲਡ ਮੈਡਲਿਸਟ ਨੀਰਜ ਚੋਪੜਾ ਨੇ ਦੱਸਿਆ, ‘ਨੈਸ਼ਨਲ ਖੇਡਣ ਤੋਂ ਬਾਅਦ ਜਦੋਂ ਮੈਨੂੰ ਨੈਸ਼ਨਲ ਕੈਂਪ ’ਚ ਲਿਜਾਇਆ ਗਿਆ ਤਾਂ ਉਸਦਾ ਫਾਇਦਾ ਮੈਨੂੰ ਮਿਲਿਆ, ਕਿਉਂਕਿ ਪਹਿਲਾਂ ਅਸੀਂ ਖ਼ੁਦ ਖਾਣਾ ਬਣਾਉਂਦੇ ਸੀ ਅਤੇ ਕੈਂਪ ’ਚ ਸਭ ਕੁਝ ਬਿਹਤਰ ਮਿਲਣ ਲੱਗਾ। ਉਸਤੋਂ ਬਾਅਦ ਸਭ ਕੁਝ ਬਦਲਦਾ ਚਲਾ ਗਿਆ। ਚੰਗੀਆਂ ਸੁਵਿਧਾਵਾਂ ਮਿਲੀਆਂ ਅਤੇ ਉਸਤੋਂ ਬਾਅਦ ਸਭ ਬਦਲ ਗਿਆ।’

 

 

ਟੋਕੀਓ ਓਲੰਪਿਕ ’ਚ ਮਿਲੇ ਗੋਲਡ ਮੈਡਲ ਬਾਰੇ ਗੱਲ ਕਰਦੇ ਹੋਏ ਨੀਰਜ ਚੋਪੜਾ ਨੇ ਕਿਹਾ, ‘ਜਦੋਂ ਮੈਂ ਗੋਲਡ ਜਿੱਤਿਆ ਤਾਂ ਲੱਗਦਾ ਸੀ ਕਿ ਮੈਂ ਇਹ ਕਿਵੇਂ ਕਰ ਦਿੱਤਾ। ਵਿਸ਼ਵਾਸ ਨਹੀਂ ਹੁੰਦਾ ਸੀ। ਫਿਰ ਮੈਂ ਆਪਣਾ ਗੋਲਡ ਮੈਡਲ ਦੇਖਦਾ ਸੀ ਤਾਂ ਖ਼ੁਦ ਨੂੰ ਕਹਿੰਦਾ ਸੀ ਇਹ ਤਾਂ ਮੇਰੇ ਕੋਲ ਹੀ ਹੈ।’ ਉਨ੍ਹਾਂ ਨੇ ਅੱਗੇ ਕਿਹਾ, ‘ਹੁਣ ਸਾਡਾ ਉਦੇਸ਼ ਵਿਸ਼ਵ ਚੈਂਪੀਅਨਸ਼ਿਪ ਦਾ ਪਦਕ ਜਿੱਤਣ ਦਾ ਹੈ, ਜੋ ਸਾਡੇ ਲਈ ਅਥਲੈਟਿਕਸ ’ਚ ਅੰਜੂ ਬਾਬੀ ਜਾਰਜ ਨੇ ਜਿੱਤਿਆ ਹੈ। ਇਕ ਪਦਕ ਜਿੱਤਣ ਤੋਂ ਬਾਅਦ ਰੁਕਣਾ ਨਹੀਂ ਚਾਹੀਦਾ। ਮੈਂ ਹੁਣ ਹੋਰ ਪਦਕ ਜਿੱਤਣ ਦੀ ਕੋਸ਼ਿਸ਼ ਕਰਾਂਗਾ।’