PreetNama
ਸਮਾਜ/Social

9 ਮਾਰਚ ਤੋਂ ਸ਼ੁਰੂ ਹੋਵੇਗੀ ਜੈਪੁਰ ਇੰਟਰਸਿਟੀ ਰੇਲਗੱਡੀ

Jaipur Intercity Train will start: ਹੁਣ ਸ਼ਹਿਰ ਵਾਸੀਆਂ ਨੂੰ ਰਾਜਸਥਾਨ-ਜੈਪੁਰ ਨਾਲ ਜੋੜਣ ਵਾਲੀ ਨਵੀਂ ਇੰਟਰਸਿਟੀ ਐਕਸਪ੍ਰੈੱਸ ਰੇਲਗੱਡੀ ਦੀ ਸ਼ੁਰੂਆਤ ਰੂਪਨਗਰ ਤੋਂ 9 ਮਾਰਚ ਨੂੰ ਹੋ ਜਾਏਗੀ। ਜਾਣਕਾਰੀ ਮੁਤਾਬਕ ਰੇਲਵੇ ਮੰਤਰਾਲੇ ਨੇ ਰੂਪਨਗਰ ਵਾਸੀਆਂ ਨੂੰ ਇੰਟਰਸਿਟੀ ਰੇਲਗੱਡੀ ਦਾ ਨਵਾਂ ਤੋਹਫਾ ਦਿੱਤਾ ਹੈ ਜੋ ਹਿਮਾਚਲ ‘ਚ ਸਥਿਤ ਦੌਲਤਪੁਰ ਚੌਕ ਤੋਂ ਰੋਜ਼ਾਨਾ ਜੈਪੁਰ ਲਈ ਰਵਾਨਾ ਹੋਵੇਗੀ। ਇਹ ਟ੍ਰੇਨ ਸਵੇਰੇ 9.18 ਵਜੇ ਰੂਪਨਗਰ ਸਟੇਸ਼ਨ ‘ਤੇ ਪਹੁੰਚ ਕੇ 9.20 ਵਜੇ ਰਵਾਨਾ ਹੋ ਜਾਏਗੀ। ਦੌਲਤਪੁਰ ਤੋਂ ਜੈਪੁਰ ਰੇਲਗੱਡੀ ਲਗਭਗ 730 ਕਿਲੋਮੀਟਰ ਦਾ ਰਸਤਾ ਤੈਅ ਕਰੇਗੀ, ਜਦਕਿ ਰੂਪਨਗਰ ਤੋਂ ਜੈਪੁਰ ਦਾ ਰਸਤਾ ਲਗਭਗ 640 ਕਿਲੋਮੀਟਰ ਹੈ।

ਜ਼ਿਕਰਯੋਗ ਹੈ ਕਿ ਪਹਿਲਾਂ ਰੇਲ ਗੱਡੀਆਂ ਊਨਾ ਅਤੇ ਅੰਬ ਤਕ ਜਾਂਦੀਆਂ ਸਨ ਪਰ ਹੁਣ ਰੇਲ ਲਾਈਨ ਦਾ ਦੌਲਤਪੁਰ ਚੌਕ ਤਕ ਵਿਸਥਾਰ ਹੋ ਜਾਣ ਤੋਂ ਬਾਅਦ ਇਹ ਪਹਿਲੀ ਰੇਲਗੱਡੀ ਹੈ, ਜਿਸ ਨੂੰ ਦੌਲਤਪੁਰ ਤੱਕ ਚਲਾਇਆ ਜਾਏਗਾ। ਇਸ ਤੋਂ ਪਹਿਲਾਂ ਹਿਮਾਚਲ, ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਲੋਕਾਂ ਨੂੰ ਭਾਰੀ ਸਹੂਲਤ ਮਿਲੇਗੀ। ਇਹ ਰੇਲ ਗੱਡੀ 8 ਮਾਰਚ ਨੂੰ ਜੈਪੁਰ ਤੋਂ ਚੱਲ ਕੇ ਦੌਲਤਪੁਰ ਚੌਕ ਪਹੁੰਚੇਗੀ। ਸੂਤਰਾਂ ਮੁਤਾਬਕ ਉਕਤ ਇੰਟਰਸਿਟੀ ਐਕਸਪ੍ਰੈੱਸ ਦੌਲਤਪੁਰ ਚੌਕ ਤੋਂ ਸ਼ੁਰੂ ਹੋ ਕੇ ਅੰਬ, ਅਨਦੌਰਾ, ਊਨਾ, ਨੰਗਲ ਡੈਮ, ਸ਼੍ਰੀ ਆਨੰਦਪੁਰ ਸਾਹਿਬ, ਮੋਰਿੰਡਾ, ਮੋਹਾਲੀ, ਚੰਡੀਗੜ੍ਹ, ਅੰਬਾਲਾ, ਕੁਰੂਕਸ਼ੇਤਰ, ਕੈਥਲ, ਨਿਰਵਾਨਾ, ਜੀਂਦ, ਰੋਹਤਕ, ਰੇਵਾੜੀ, ਅਲਪਰ, ਬਾਂਦੀਕੁਈ, ਦੋਸਾ ਤੇ ਗਾਂਧੀਨਗਰ ਤੋਂ ਹੁੰਦੇ ਹੋਏ ਜੈਪੁਰ ਪਹੁੰਚੇਗੀ।

ਜਾਣਕਾਰੀ ਅਨੁਸਾਰ ਇੰਟਰਸਿਟੀ ਐਕਸਪ੍ਰੈੱਸ ‘ਚ ਕੁਲ 14 ਕੋਚ ਰਹਿਣਗੇ। ਇਨ੍ਹਾਂ ਵਿਚ ਟੂ ਟਾਇਰ ਏਸੀ ਦਾ 1, ਥ੍ਰੀ ਟਾਇਰ ਏਸੀ ਦੇ 3, 4 ਸਲੀਪਰ ਕੋਚ ਅਤੇ ਬਿਨਾਂ ਰਿਜ਼ਰਵੇਸ਼ਨ ਵਾਲੇ 4 ਜਨਰਲ ਕੋਚ ਸ਼ਾਮਲ ਰਹਿਣਗੇ। ਟ੍ਰੇਨ ਦਾ ਕਿਰਾਇਆ ਵੀ ਇੰਟਰਸਿਟੀ ਐਕਸਪ੍ਰੈੱਸ ਦੀ ਤਰਜ ‘ਤੇ ਰੱਖਿਆ ਜਾਵੇਗਾ ਅਤੇ ਇਸ ਵਿਚ ਰੇਲਵੇ ਪੁਲਸ ਫੋਰਸ ਤਾਇਨਾਤ ਰਹੇਗੀ। ਜ਼ਿਕਰਯੋਗ ਹੈ ਕਿ ਰੂਪਨਗਰ ਸ਼ਹਿਰ ਦੇ ਵੱਖ-ਵੱਖ ਸਮਾਜਿਕ ਤੇ ਧਾਰਮਿਕ ਸੰਗਠਨਾਂ ਨੇ ਰੇਲ ਮੰਤਰਾਲਾ ਵਲੋਂ ਸ਼ੁਰੂ ਕੀਤੀ ਗਈ ਉਕਤ ਇੰਟਰਸਿਟੀ ਰੇਲਗੱਡੀ ਐਕਸਪ੍ਰੈੱਸ ਨੂੰ ਲੈ ਕੇ ਉਨ੍ਹਾਂ ਦਾ ਧੰਨਵਾਦ ਕੀਤਾ ਹੈ। ਉਥੇ ਮੰਗ ਕੀਤੀ ਕਿ ਊਨਾ-ਨੰਗਲ-ਹਰਿਦੁਆਰ ਇੰਟਰਸਿਟੀ ਰੇਲਗੱਡੀ ਨੂੰ ਵੀ ਤੁਰੰਤ ਸ਼ੁਰੂ ਕੀਤਾ ਜਾਵੇ। ਸ਼ਹਿਰਵਾਸੀਆਂ ਦਾ ਕਹਿਣਾ ਹੈ ਕਿ ਲੋਕਾਂ ਨੂੰ ਹਰਿਦੁਆਰ ਜਾਣ ਲਈ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਰੂਟ ਲਈ ਜੋ ਰੇਲਵੇ ਵਿਚ ਵਿਭਾਗ ਵਲੋਂ 2 ਰੇਲ ਕੋਚ ਜਨ ਸ਼ਤਾਬਦੀ ਦੇ ਨਾਲ ਜੋੜੇ ਗਏ ਹਨ ਉਨ੍ਹਾਂ ਨੂੰ ਅੰਬਾਲਾ ‘ਚ ਲਗਭਗ 2-3 ਘੰਟੇ ਲਈ ਰੋਕਿਆ ਜਾਂਦਾ ਹੈ, ਜੋ ਮੁਸਾਫਰਾਂ ਲਈ ਪ੍ਰੇਸ਼ਾਨੀ ਹੈ। ਇਸ ਸਬੰਧੀ ਲੋਕਾਂ ਨੇ ਹਰਿਦੁਆਰ ਇੰਟਰਸਿਟੀ ਰੇਲਗੱਡੀ ਚਲਾਉਣ ਦੀ ਮੰਗ ਕੀਤੀ ਅਤੇ ਕਿਹਾ ਕਿ ਇਸ ਇਸ ਨਾਲ ਰੇਲਵੇ ਮੰਤਰਾਲਾ ਨੂੰ ਵੀ ਆਰਥਿਕ ਲਾਭ ਪਹੁੰਚੇਗਾ।

Related posts

SBI ਗਾਹਕ ਸਾਵਧਾਨ! ਪਹਿਲੀ ਅਕਤੂਬਰ ਤੋਂ ATM ‘ਤੇ ਲੱਗਣਗੇ ਨਵੇਂ ਨਿਯਮ

On Punjab

ਐੱਫਏਟੀਐੱਫ ਦੇ ਡਰੋਂ ਪਾਕਿ ਨੇ ਹਾਫਿਜ਼ ਸਈਦ ‘ਤੇ ਕੱਸਿਆ ਸ਼ਿਕੰਜਾ, ਮੁੰਬਈ ਹਮਲੇ ਦੇ ਮਾਸਟਰ ਮਾਈਂਡ ਦੇ ਪੰਜ ਗੁਰਗਿਆਂ ਨੂੰ 9 ਸਾਲ ਦੀ ਕੈਦ

On Punjab

ਤੋਸ਼ਾਖਾਨਾ ਮਾਮਲੇ ‘ਚ ਇਮਰਾਨ ਖ਼ਾਨ ਨੂੰ ਮਿਲੇਗੀ ਰਾਹਤ ! ਸਜ਼ਾ ਖ਼ਿਲਾਫ਼ ਪਾਈ ਪਟੀਸ਼ਨ ’ਤੇ ਅੱਜ ਫ਼ੈਸਲਾ ਸੁਣਾ ਸਕਦੀ ਹੈ ਅਦਾਲਤ

On Punjab