ਜੈਪੁਰ: ਰਾਜਸਥਾਨ ਵਿੱਚ ਅੱਤਵਾਦੀਆਂ ਦੀ ਘੁਸਪੈਠ ਦੇ ਸ਼ੱਕ ਤੋਂ ਬਾਅਦ ਸੂਬੇ ‘ਚ ਹਾਈ ਅਲਰਟ ਹੈ। ਗੁਜਰਾਤ ਦੀਆਂ ਸੀਮਾਵਾਂ ਸੀਲ ਕਰਨ ਤੋਂ ਬਾਅਦ ਮੰਗਲਵਾਰ ਨੂੰ ਜੈਪੁਰ ਏਅਰਪੋਰਟ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਅੱਤਵਾਦੀ ਅਲਰਟ ਨੂੰ ਲੈ ਕੇ ਅਹਿਤੀਆਤ ਵਰਤਣ ਲਈ ਸੁੱਰਖਿਆ ਵਧਾਉਣ ਦੇ ਨਾਲ ਸਾਰੀਆਂ ਗੱਡੀਆਂ ਤੇ ਯਾਤਰੀਆਂ ਦੀ ਜਾਂਚ ਕੀਤੀ ਜਾ ਰਹੀ ਹੈ। ਏਅਰਪੋਰਟ ਪ੍ਰਸਾਸ਼ਨ ਸੀਸੀਟੀਵੀ ਰਾਹੀਂ ਹਰ ਕੋਨੇ ‘ਚ ਨਜ਼ਰ ਰੱਖ ਰਹੇ ਹਨ।
ਇਸ ਦੇ ਨਾਲ ਹੀ ਸੂਬੇ ਦੇ ਚੂਰੂ ਜ਼ਿਲ੍ਹੇ ‘ਚ ਐਸਪੀ ਨੇ ਚੈਕਿੰਗ ਦੌਰਾਨ ਉਨ੍ਹਾਂ ਦੀ ਗੱਡੀ ਦੀ ਤਲਾਸ਼ ਨਾਂ ਲਏ ਜਾਣ ਨੂੰ ਲਾਪ੍ਰਵਾਹੀ ਮੰਨਦੇ ਹੋਏ ਥਾਣੇ ਦੇ ਏਐਸਆਈ ਸਣੇ ਤਿੰਨ ਪੁਲਿਸ ਕਰਮੀਆਂ ਨੂੰ ਸਸਪੈਂਡ ਕਰ ਦਿੱਤਾ। ਨਾਕੇਬੰਦੀ ‘ਤੇ ਐਸਪੀ ਤੇਜਸਵਿਨੀ ਗੌਤਮ ਨੇ ਨਿੱਜੀ ਗੱਡੀ ਨਾਲ ਸਿਵਲ ਵਰਦੀ ‘ਚ ਅਚਾਨਕ ਨਿਰੀਖਣ ਕੀਤਾ।
ਕੇਂਦਰੀ ਖੁਫੀਆ ਏਜੰਸੀ ਆਈਬੀ ਵੱਲੋਂ ਅੱਤਵਾਦੀ ਘੁਸਪੈਠ ਦੇ ਅਲਰਟ ਤੋਂ ਬਾਅਦ ਰਾਜਸਥਾਨ ਦੇ ਤਿੰਨ ਜ਼ਿਲ੍ਹਿਆਂ ‘ਚ ਸੁਰੱਖਿਆ ਵਧਾਈ ਗਈ ਹੈ। ਆਈਜੀ ਇੰਟੈਜੀਲੇਂਸ ਦੇ ਹੁਕਮਾਂ ਤੋਂ ਬਾਅਦ ਉਦੇਪੁਰ, ਸਿਰੋਹੀ ਤੇ ਜਾਲੌਰ ‘ਚ ਸੁਰੱਖਿਆ ਵਧਾਈ ਗਈ। ਆਈਬੀ ਨੇ ਦੇਸ਼ ‘ਚ ਪਿਛਲੇ ਇੱਕ ਮਹੀਨੇ ‘ਚ ਦੋ ਵਾਰ ਅਲਰਟ ਜਾਰੀ ਕੀਤਾ ਹੈ।
ਆਈਬੀ ਨੇ ਗੁਜਰਾਤ ਤੇ ਰਾਜਸਥਾਨ ਪੁਲਿਸ ਨਾਲ ਇਸ ਜਾਣਕਾਰੀ ਨੂੰ ਸਾਂਝਾ ਕੀਤਾ ਸੀ ਜਿਸ ਤੋਂ ਬਾਅਦ ਗੁਜਰਾਤ ਤੇ ਰਾਜਸਥਾਨ ਦੇ ਨਾਲ ਲੱਗਦੇ ਬਾਰਡਰ ਏਰੀਆ ‘ਚ ਚੌਕਸੀ ਵਧਾ ਦਿੱਤੀ ਗਈ। ਗੁਜਰਾਤ ਏਟੀਐਸ ਹੱਥ ਲੱਗੇ ਸਕੈਚ ਦੇ ਆਧਾਰ ‘ਤੇ ਰਾਜਸਥਾਨ ਦੇ ਸਿਰੋਹੀ ਉਦੇਪੁਰ ਟੀਮਾਂ ਐਕਟੀਵੇਟ ਹੋ ਗਈਆਂ ਹਨ।