ਨਵੀਂ ਦਿੱਲੀ: ਜੰਮੂ-ਕਸ਼ਮੀਰ ਵਿੱਚੋਂ ਧਾਰਾ 370 ਬੇਅਸਰ ਕਰਨ ਤੋਂ ਬਾਅਦ ਭਾਰਤ-ਪਾਕਿਸਤਾਨ ਦੇ ਰਿਸ਼ਤਿਆਂ ਵਿੱਚ ਤਲਖ਼ੀ ਆ ਗਈ ਹੈ। ਇੱਕ ਪਾਸੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਪੂਰੀ ਦੁਨੀਆ ਤੋਂ ਕਸ਼ਮੀਰ ਮਸਲੇ ਦੇ ਹੱਲ ਲਈ ਕੂਟਨੀਤਕ ਮਦਦ ਮੰਗ ਰਹੇ ਹਨ, ਦੂਜੇ ਪਾਸੇ ਪਾਕਿਸਤਾਨੀ ਫ਼ੌਜ ਮਕਬੂਜ਼ਾ ਕਸ਼ਮੀਰ ਵਿੱਚ ਪਿਛਲੇ 20 ਦਿਨਾਂ ਤੋਂ ਆਪਣੀ ਫ਼ੌਜ ਇਕੱਠੀ ਕਰ ਰਿਹਾ ਹੈ।
ਪਾਕਿਸਤਾਨ ਫ਼ੌਜ ਦੇ ਸੂਤਰਾਂ ਮੁਤਾਬਕ ਫ਼ੌਜ ਭਾਰਤ ਨਾਲ ਛੋਟੀ ਜੰਗ ਦੀ ਤਿਆਰੀ ਵਿੱਚ ਜੁਟੀ ਹੈ। ਫ਼ੌਜ ਦੇ ਅਫ਼ਸਰ ਕਸ਼ਮੀਰ ਵਿੱਚ ‘ਸਟੇਟਸ ਕੋ’ ਬਦਲਣ ਤੋਂ ਬਾਅਦ ਫ਼ੌਜੀ ਤਾਕਤ ਨਾਲ ਜਵਾਬ ਦੇਣ ਲਈ ਰਣਨੀਤੀ ਘੜ ਰਹੇ ਹਨ। ਪਾਕਿਸਤਾਨ ਫ਼ੌਜ ਦੇ ਇੱਕ ਕਮਾਂਡਿੰਗ ਅਫ਼ਸਰ ਨੇ ਦੱਸਿਆ ਕਿ ਮੌਜੂਦਾ ਹਾਲਾਤ ਦੀ ਤਿਆਰੀ ਕਿਸੇ ਜੰਗ ਤੋਂ ਘੱਟ ਨਹੀਂ। ਐਲਓਸੀ ‘ਤੇ ਜਿਸ ਹਿਸਾਬ ਨਾਲ ਗੋਲ਼ੀ-ਸਿੱਕਾ ਤੇ ਹੋਰ ਸਾਮਾਨ ਇਕੱਠਾ ਕੀਤਾ ਜਾ ਰਿਹਾ ਹੈ, ਉਹ ਆਮ ਨਹੀਂ।
ਪਾਕਿਸਤਾਨ ਫ਼ੌਜ ਦੇ ਹੀ ਉੱਚ ਸੂਤਰ ਨੇ ਦੱਸਿਆ ਐਲਓਸੀ ਦੇ ਹਰ ਖੇਤਰ ਵਿੱਚ ਫ਼ੌਜ ਦੀਆਂ ਛੇ ਬ੍ਰਿਗੇਡ ਜਮ੍ਹਾਂ ਕੀਤੀਆਂ ਜਾ ਰਹੀਆਂ ਹਨ। ਫ਼ੌਜ ਦਾ ਮੁੱਖ ਨਿਸ਼ਾਨਾ ਦਾਨਾ ਤੇ ਬਾਘ ਸੈਕਟਰ ਵਿੱਚ ਹੈ, ਕਿਉਂਕਿ ਢੋਆ-ਢੁਆਈ ਤੇ ਰਣਨੀਤਕ ਤੌਰ ‘ਤੇ ਬੇਹੱਦ ਅਹਿਮ ਹੈ। ਇਨ੍ਹਾਂ ਬ੍ਰਿਗੇਡਸ ਨਾਲ ਭਾਰੀ ਗੋਲ਼ਾ-ਬਾਰੂਦ ਨੂੰ ਬਾਘ, ਲੀਪਾ ਤੇ ਚੰਬ ਸੈਕਟਰ ਵਿੱਚ ਬੀੜਿਆ ਜਾ ਰਿਹਾ ਹੈ।
ਐਲਓਸੀ ‘ਤੇ ਤਾਇਨਾਤ ਫ਼ੌਜ ਦੇ ਅਫ਼ਸਰ ਨੇ ਦੱਸਿਆ ਕਿ ਫ਼ੌਜ ਦਾ ਮੁੱਖ ਮਕਸਦ ਇਸ ਗੱਲ ‘ਤੇ ਹੈ ਕਿ ਉਕਸਾਉਣ ‘ਤੇ ਇੱਕ ਵਾਰ ਭਾਰਤੀ ਫ਼ੌਜ ਨੀਲਮ ਪਾਰ ਕਰ ਲਵੇ ਤੇ ਫਿਰ ਨਿੱਕਲਣ ਦੀ ਹਾਲਤ ਵਿੱਚ ਨਾ ਰਹੇ। ਜੇਕਰ ਅਜਿਹਾ ਹੁੰਦਾ ਹੈ ਤਾਂ ਬਰਫਬਾਰੀ ਕਾਰਨ ਉਸੇ ਪੁਜ਼ੀਸ਼ਨ ‘ਤੇ ਰੁਕੇ ਰਹਿਣਾ ਮਹਿੰਗਾ ਹੋ ਸਕਦਾ ਹੈ। ਜੇਕਰ ਭਾਰਤੀ ਫ਼ੌਜੀ ਪਿੱਛੇ ਹਟਦੇ ਹਨ ਜਾਂ ਨਹੀਂ, ਦੋਵੇਂ ਹਾਲਤ ਵਿੱਚ ਨੁਕਸਾਨ ਭਾਰਤ ਦਾ ਹੀ ਹੋਣਾ ਹੈ। ਪਹਿਲਾਂ ਇੱਕ ਪੋਸਟ ‘ਤੇ ਇੱਕ ਟਰੱਕ ਭਰ ਕੇ ਗੋਲ਼ੀ-ਸਿੱਕਾ ਜਾਂਦਾ ਸੀ, ਪਰ ਦੋ ਪਹਿਲਾਂ ਹੀ ਪਹੁੰਚ ਚੁੱਕੇ ਹਨ।