ਨਵੀਂ ਦਿੱਲੀ: ਟੀਮ ਇੰਡੀਆ ਦੇ ਸਾਬਕਾ ਕ੍ਰਿਕੇਟਰ ਅੰਬਾਤੀ ਰਾਇਡੂ ਨੇ ਆਪਣੀ ਰਿਟਾਇਰਮੈਂਟ ‘ਤੇ ਇੱਕ ਹੋਰ ਯੂ-ਟਰਨ ਲੈ ਲਿਆ ਹੈ। ਵਰਲਡ ਕੱਪ ਟੀਮ ਵਿੱਚ ਜਗ੍ਹਾ ਨਾ ਮਿਲਣ ਤੋਂ ਬਾਅਦ ਕ੍ਰਿਕੇਟ ਨੂੰ ਅਲਵਿਦਾ ਕਹਿਣ ਵਾਲੇ ਰਾਇਡੂ ਹੁਣ ਘਰੇਲੂ ਕ੍ਰਿਕੇਟ ਖੇਡਣਾ ਚਾਹੁੰਦੇ ਹਨ। ਰਾਇਡੂ ਨੇ ਹੈਦਰਾਬਾਦ ਕ੍ਰਿਕੇਟ ਐਸੋਸੀਏਸ਼ਨ ਨੂੰ ਚੋਣ ਲਈ ਉਪਲੱਬਧ ਹੋਣ ਬਾਰੇ ਜਾਣਕਾਰੀ ਦਿੱਤੀ ਹੈ।
ਰਿਟਾਇਰਮੈਂਟ ਦਾ ਫੈਸਲਾ ਬਦਲਦਿਆਂ ਹੋਏ ਰਾਇਡੂ ਨੇ ਕਿਹਾ, ‘ਮੈਂ ਤੁਹਾਡੇ ਧਿਆਨ ਵਿੱਚ ਲਿਆਉਣਾ ਚਾਹੁੰਦਾ ਹਾਂ ਕਿ ਮੈਂ ਹਰ ਤਰ੍ਹਾਂ ਦੀ ਕ੍ਰਿਕੇਟ ਖੇਡਣ ਲਈ ਸੰਨਿਆਸ ਵਾਪਸ ਲੈ ਲਿਆ ਹੈ।’ ਹੈਦਰਾਬਾਦ ਕ੍ਰਿਕੇਟ ਐਸੋਸੀਏਸ਼ਨ ਵੱਲੋਂ ਦੱਸਿਆ ਗਿਆ ਹੈ ਕਿ ਰਾਇਡੂ ਨੇ 2019-2020 ਦੇ ਸੀਜ਼ਨ ਲਈ ਖ਼ੁਦ ਨੂੰ ਉਪਲੱਬਧ ਦੱਸਿਆ ਹੈ।
ਅਜਿਹਾ ਮੰਨਿਆ ਜਾ ਰਿਹਾ ਹੈ ਕਿ ਰਾਇਡੂ ਨੇ ਕੁਝ ਸੀਨੀਅਰ ਖਿਡਾਰੀਆਂ ਦੇ ਇਸ਼ਾਰੇ ‘ਤੇ ਆਪਣਾ ਫੈਸਲਾ ਬਦਲਿਆ ਹੈ। ਰਾਇਡੂ ਨੇ ਇੱਕ ਬਿਆਨ ਵਿੱਚ ਕਿਹਾ, ‘ਮੁਸ਼ਕਲ ਸਮਿਆਂ ਵਿੱਚ ਲਕਸ਼ਮਣ ਅਤੇ ਦ੍ਰਵਿੜ ਨੇ ਮੇਰਾ ਸਾਥ ਦਿੱਤਾ। ਇਸੇ ਦੌਰਾਨ ਮੈਨੂੰ ਅਹਿਸਾਸ ਹੋਇਆ ਕਿ ਹਾਲੇ ਮੇਰੇ ਅੰਦਰ ਕਾਫੀ ਕ੍ਰਿਕੇਟ ਬਚਿਆ ਹੋਇਆ ਹੈ। ਮੈਂ ਹੈਦਰਾਬਾਦ ਟੀਮ ਲਈ ਵਧੀਆ ਪ੍ਰਦਰਸ਼ਨ ਕਰਨਾ ਚਾਹੁੰਦਾ ਹਾਂ। 10 ਸਤੰਬਰ ਤੋਂ ਮੈਂ ਹੈਦਰਾਬਾਦ ਦੀ ਟੀਮ ਵਿੱਚ ਸ਼ਾਮਲ ਹੋਣ ਲਈ ਉਪਲੱਬਧ ਹੋਵਾਂਗਾ।’ ਦ੍ਰਵਿੜ ਨੇ ਵੀ ਰਾਇਡੂ ਦੇ ਫੈਸਲੇ ਦਾ ਸਵਾਗਤ ਕੀਤਾ ਹੈ।