ਨਵੀਂ ਦਿੱਲੀ: ਜੰਮੂ ਤੇ ਕਸ਼ਮੀਰ ਨੂੰ ਲੈ ਕੇ ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ਵਧਦਾ ਜਾ ਰਿਹਾ ਹੈ। ਬੇਸ਼ੱਕ ਪਾਕਿਸਤਾਨ ਨੂੰ ਕੌਮਾਂਤਰੀ ਭਾਈਚਾਰੇ ਤੋਂ ਕੋਈ ਹਮਾਇਤ ਨਹੀਂ ਮਿਲੀ ਪਰ ਉਹ ਕੋਈ ਵੀ ਮੌਕਾ ਹੱਥੋਂ ਨਹੀਂ ਜਾਣ ਦੇ ਰਿਹਾ ਹੈ। ਐਤਵਾਰ ਨੂੰ ਦੱਖਣ ਏਸ਼ਿਆਈ ਸਪੀਕਰਾਂ ਦੀ ਸਿਖਰ ਵਾਰਤਾ ਦੌਰਾਨ ਵੀ ਪਾਕਿਸਤਾਨ ਨੇ ਜੰਮੂ-ਕਸ਼ਮੀਰ ਵਿੱਚ ਧਾਰਾ 370 ਨੂੰ ਮਨਸੂਖ਼ ਕਰਨ ਦਾ ਮੁੱਦਾ ਚੁੱਕਿਆ। ਇਸ ਦੌਰਾਨ ਭਾਰਤ ਤੇ ਪਾਕਿਸਤਾਨ ਦੇ ਨੁਮਾਇੰਦਿਆਂ ਦੌਰਾਨ ਤਿੱਖੀ ਨੋਕ-ਝੋਕ ਵੀ ਹੋਈ।
ਪਾਕਿਸਤਾਨ ਦੀ ਕੌਮੀ ਅਸੈਂਬਲੀ ਵਿੱਚ ਡਿਪਟੀ ਸਪੀਕਰ ਕਾਸਿਮ ਖ਼ਾਨ ਸੂਰੀ ਨੇ ਦੱਖਣ ਏਸ਼ਿਆਈ ਸਪੀਕਰਾਂ ਦੀ ਸਿਖਰ ਵਾਰਤਾ ਵਿੱਚ ਕਸ਼ਮੀਰ ਮੁੱਦਾ ਉਠਾਇਆ। ਦੂਜੇ ਪਾਸੇ ਭਾਰਤ ਦੇ ਰਾਜ ਸਭਾ ਵਿੱਚ ਡਿਪਟੀ ਚੇਅਰਮੈਨ ਹਰੀਵੰਸ਼ ਨੇ ਇਸ ਜ਼ੋਰਦਾਰ ਤਰੀਕੇ ਨਾਲ ਵਿਰੋਧ ਕੀਤਾ। ਹਰੀਵੰਸ਼ ਨੇ ਕਿਹਾ, ‘ਅਸੀਂ ਭਾਰਤ ਦੇ ਅੰਦਰੂਨੀ ਮਾਮਲੇ ਨੂੰ ਚੁੱਕੇ ਜਾਣ ਦਾ ਜਿੱਥੇ ਜ਼ੋਰਦਾਰ ਵਿਰੋਧ ਕਰਦੇ ਹਾਂ, ਉਥੇ ਅਜਿਹੇ ਮੁੱਦੇ ਜਿਨ੍ਹਾਂ ਦਾ ਇਸ ਵਾਰਤਾ ਨਾਲ ਕੋਈ ਲਾਗਾ-ਦੇਗਾ ਨਹੀਂ, ਚੁੱਕ ਕੇ ਇਸ ਮੰਚ ਦਾ ਸਿਆਸੀਕਰਨ ਕੀਤੇ ਜਾਣ ਨੂੰ ਵੀ ਖਾਰਜ ਕਰਦੇ ਹਾਂ।’
ਯਾਦ ਰਹੇ ਜੰਮੂ ਤੇ ਕਸ਼ਮੀਰ ’ਚੋਂ ਧਾਰਾ 370 ਮਨਸੂਖ ਕਰਨ ਮਗਰੋਂ ਪਾਕਿਸਤਾਨ ਇਸ ਮੁੱਦੇ ਨੂੰ ਵੱਖ ਵੱਖ ਮੰਚਾਂ ’ਤੇ ਉਭਾਰਨ ਲਈ ਯਤਨਸ਼ੀਲ ਹੈ, ਹਾਲਾਂਕਿ ਭਾਰਤ ਨੇ ਹਮੇਸ਼ਾ ਇਸ ਨੂੰ ਆਪਣਾ ਅੰਦਰੂਨੀ ਮਸਲਾ ਦੱਸਿਆ ਹੈ। ਉਧਰ ਪਾਕਿਸਤਾਨ ਨੇ ਸਪਸ਼ਟ ਕਰ ਦਿੱਤਾ ਹੈ ਕਿ ਭਾਰਤ ਵੱਲੋਂ ਆਪਣਾ ਫੈਸਲਾ ਵਾਪਸ ਲੈਣ ਮਗਰੋਂ ਹੀ ਕੋਈ ਗੱਲ਼ਬਾਤ ਹੋਏਗੀ। ਇਸ ਦੇ ਨਾਲ ਹੀ ਪਾਕਿਸਤਾਨ ਲਗਾਤਾਰ ਜੰਗ ਦੀਆਂ ਵੀ ਧਮਕੀਆਂ ਦੇ ਰਿਹਾ ਹੈ।