ਬਈ: ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਉਰਮਿਲਾ ਮਾਤੋਂਡਕਰ ਨੇ ਕਾਂਗਰਸ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ। ਉਰਮਿਲਾ ਨੇ ਕਾਂਗਰਸ ਪਾਰਟੀ ‘ਤੇ ਧੜੇਬੰਦੀ ਦਾ ਇਲਜ਼ਾਮ ਲਾਉਂਦਿਆਂ ਅਸਤੀਫ਼ਾ ਦਿੱਤਾ। ਅਦਾਕਾਰਾ ਨੇ ਆਪਣੇ ਅਸਤੀਫੇ ਦੇ ਨਾਲ ਹੀ ਮੁੰਬਈ ਕਾਂਗਰਸ ‘ਤੇ ਕਈ ਗੰਭੀਰ ਇਲਜ਼ਾਮ ਵੀ ਲਾਏ ਹਨ। ਉਨ੍ਹਾਂ ਕਿਹਾ ਹੈ ਕਿ ਮੁੰਬਈ ਕਾਂਗਰਸ ਬਿਹਤਰੀ ਲਈ ਕੰਮ ਨਹੀਂ ਕਰਨਾ ਚਾਹੁੰਦੀ।
ਉਰਮਿਲਾ ਨੇ ਅੱਜ ਜਾਰੀ ਬਿਆਨ ਵਿੱਚ ਲਿਖਿਆ, ’16 ਮਈ ਨੂੰ ਮੇਰੇ ਪੱਤਰ ਦੇ ਬਾਅਦ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਤੋਂ ਬਾਅਦ ਹੀ ਅਸਤੀਫੇ ਦਾ ਮਾਮਲਾ ਮੇਰੇ ਦਿਮਾਗ ਵਿੱਚ ਆਇਆ। ਮੈਂ ਉਹ ਪੱਤਰ ਤਤਕਾਲੀ ਕਾਂਗਰਸ ਪ੍ਰਧਾਨ ਮਿਲਿੰਦ ਦਿਓੜਾ ਨੂੰ ਲਿਖਿਆ ਸੀ। ਇਸ ਤੋਂ ਬਾਅਦ ਮੇਰਾ ਗੁਪਤ ਪੱਤਰ ਲੀਕ ਹੋ ਗਿਆ ਜੋ ਮੇਰੇ ਨਾਲ ਧੋਖਾ ਕਰਨ ਵਰਗਾ ਸੀ।’ ਉਨ੍ਹਾਂ ਕਿਹਾ ਕਿ ਵਾਰ-ਵਾਰ ਵਿਰੋਧ ਕਰਨ ਦੇ ਬਾਵਜੂਦ ਕਿਸੇ ਵੀ ਮੈਂਬਰ ਨੇ ਉਸ ਤੋਂ ਮੁਆਫੀ ਨਹੀਂ ਮੰਗੀ।
ਅਦਾਕਾਰਾ ਨੇ ਇਹ ਵੀ ਕਿਹਾ, ‘ਮੁੰਬਈ ਉੱਤਰ ਵਿੱਚ ਮਾੜੇ ਪ੍ਰਦਰਸ਼ਨ ਲਈ ਜਿਨ੍ਹਾਂ ਲੋਕਾਂ ਨੂੰ ਜਵਾਬ ਮੰਗਣਾ ਚਾਹੀਦਾ ਸੀ, ਉਨ੍ਹਾਂ ਕੋਲੋਂ ਜਵਾਲ ਕਰਨ ਦੀ ਬਜਾਏ ਉਨ੍ਹਾਂ ਨੂੰ ਨਵੇਂ ਅਹੁਦੇ ਦੇ ਕੇ ਸਨਮਾਨਿਤ ਕੀਤਾ ਗਿਆ।’ ਅੱਗੇ ਲਿਖਿਆ, ‘ਇਹ ਸਪੱਸ਼ਟ ਹੈ ਕਿ ਮੁੰਬਈ ਕਾਂਗਰਸ ਦੇ ਮੁੱਖ ਅਹੁਦੇਦਾਰ ਪਾਰਟੀ ਦੀ ਬਿਹਤਰੀ ਲਈ ਸੰਗਠਨ ਵਿੱਚ ਬਦਲਾਅ ਤੇ ਪਰਿਵਰਤਨ ਲਿਆਉਣ ਵਿੱਚ ਅਸਮਰੱਥ ਹਨ।’
ਉਰਮਿਲਾ ਨੇ ਇਲਜ਼ਾਮ ਲਾਇਆ ਕਿ ਮੁੰਬਈ ਕਾਂਗਰਸ ਉਨ੍ਹਾਂ ਨੂੰ ਵੱਡੇ ਲਕਸ਼ ‘ਤੇ ਕੰਮ ਕਰਨ ਦੀ ਬਜਾਏ ਪਾਰਟੀ ਦੇ ਅੰਦਰ ਦੀ ਸਿਆਸਤ ਵਿੱਚ ਰੱਖਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਮੈਂ ਆਪਣੇ ਵਿਚਾਰਾਂ ਤੇ ਵਿਚਾਰਧਾਰਾ ਨਾਲ ਖੜੀ ਹਾਂ ਤੇ ਇਮਾਨਦਾਰੀ ਨਾਲ ਲੋਕਾਂ ਲਈ ਕੰਮ ਕਰਨਾ ਜਾਰੀ ਰੱਖਾਂਗੀ। ਉਨ੍ਹਾਂ ਮਦਦ ਕਰਨ ਲਈ ਲੋਕਾਂ ਦਾ ਧੰਨਵਾਦ ਕੀਤਾ।