ਲੰਡਨ: ਐਤਵਾਰ ਦੇਰ ਰਾਤ ਨੂੰ ਬ੍ਰਿਟੇਨ ਦੀ 178 ਸਾਲ ਪੁਰਾਣੀ ਟ੍ਰੈਵਲ ਕੰਪਨੀ ਥਾਮਸ ਕੁੱਕ ਬੰਦ ਹੋ ਗਈ ਹੈ । ਕਾਫ਼ੀ ਸਮੇਂ ਤੋਂ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੀ ਇਸ ਕੰਪਨੀ ਨੇ ਨਿੱਜੀ ਨਿਵੇਸ਼ਕਾਂ ਅਤੇ ਸਰਕਾਰ ਕੋਲੋਂ ਬੇਲਆਊਟ ਪੈਕੇਜ ਹਾਸਿਲ ਕਰਨ ਵਿੱਚ ਅਸਫਲਤਾ ਮਿਲਣ ਤੋਂ ਬਾਅਦ ਕਿਹਾ ਕਿ ਉਨ੍ਹਾਂ ਨੇ ਆਪਣੇ ਕਾਰੋਬਾਰ ਨੂੰ ਬੰਦ ਕਰਨ ਦਾ ਫੈਸਲਾ ਲਿਆ ਹੈ । ਇਸ ਤੋਂ ਇਲਾਵਾ ਕੰਪਨੀ ਵੱਲੋਂ ਆਪਣੀਆਂ ਸਾਰੀਆਂ ਫਲਾਈਟ ਬੁਕਿੰਗ, ਹਾਲੀਡੇਜ਼ ਨੂੰ ਵੀ ਰੱਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ।ਜਿਸ ਤੋਂ ਬਾਅਦ ਕੰਪਨੀ ਵੱਲੋਂ ਦੁਨੀਆ ਭਰ ਵਿੱਚ ਆਪਣੇ ਗਾਹਕਾਂ ਦੀ ਸਹਾਇਤਾ ਲਈ +441753330330 ਨੰਬਰ ਜਾਰੀ ਕੀਤਾ ਗਿਆ ਹੈ । ਦਰਅਸਲ, ਇਸ ਕੰਪਨੀ ਦੇ ਬੰਦ ਹੋਣ ਨਾਲ ਨਾ ਸਿਰਫ ਕਰਮਚਾਰੀ ਸਗੋਂ ਗਾਹਕ, ਸਪਲਾਇਰ ਅਤੇ ਕੰਪਨੀ ਦੇ ਪਾਰਟਨਰ ਵੀ ਪ੍ਰਭਾਵਿਤ ਹੋਣਗੇ । ਦੱਸ ਦੇਈਏ ਕਿ ਇਸ ਕੰਪਨੀ ਦੇ ਅਚਾਨਕ ਬੰਦ ਹੋਣ ਕਾਰਨ ਛੁੱਟੀਆਂ ਮਨਾਉਣ ਲਈ ਆਪਣੇ ਘਰਾਂ ਵਿੱਚੋਂ ਨਿਕਲੇ ਕਰੀਬ 1.50 ਲੱਖ ਲੋਕ ਫਸ ਗਏ ਹਨ । ਇਸ ਤੋਂ ਇਲਾਵਾ ਦੁਨੀਆ ਭਰ ਵਿੱਚ ਕੰਪਨੀ ਦੇ 22 ਹਜ਼ਾਰ ਕਰਮਚਾਰੀ ਵੀ ਬੇਰੁਜ਼ਗਾਰ ਵੀ ਹੋ ਗਏ ਹਨ । ਜਿਨ੍ਹਾਂ ਵਿੱਚ 9,000 ਕਰਮਚਾਰੀ ਬ੍ਰਿਟੇਨ ਵਿੱਚ ਹਨ । ਇਸ ਮਾਮਲੇ ਵਿੱਚ ਪਹਿਲਾਂ ਸ਼ੁੱਕਰਵਾਰ ਨੂੰ ਕੰਪਨੀ ਨੇ ਕਿਹਾ ਸੀ ਕਿ ਕਾਰੋਬਾਰ ਜਾਰੀ ਰੱਖਣ ਲਈ ਉਸਨੂੰ 25 ਕਰੋੜ ਅਮਰੀਕੀ ਡਾਲਰ ਦੀ ਜ਼ਰੂਰਤ ਹੈ । ਨਿੱਜੀ ਨਿਵੇਸ਼ ਇਕੱਠਾ ਕਰਨ ਵਿੱਚ ਨਾਕਾਮਯਾਬ ਰਹੀ ਇਸ ਕੰਪਨੀ ਨੂੰ ਸਰਕਾਰ ਦੀ ਸਹਾਇਤਾ ਨਾਲ ਹੀ ਬਚਾਇਆ ਜਾ ਸਕਦਾ ਸੀ ।ਜ਼ਿਕਰਯੋਗ ਹੈ ਕਿ ਥਾਮਸ ਕੁੱਕ ਨੇ 1841 ਵਿੱਚ ਟ੍ਰੈਵਲ ਕਾਰੋਬਾਰ ਵਿੱਚ ਕਦਮ ਰੱਖਦੇ ਹੋਏ ਇਸ ਕੰਪਨੀ ਦੀ ਸਥਾਪਨਾ ਕੀਤੀ ਸੀ । ਜਿਸ ਤੋਂ ਬਾਅਦ ਜਲਦੀ ਹੀ ਕੰਪਨੀ ਨੇ ਵਿਦੇਸ਼ੀ ਟ੍ਰਿਪ ਵੀ ਕਰਵਾਉਣੇ ਸ਼ੁਰੂ ਕਰ ਦਿੱਤੇ । ਸਾਲ 1855 ਵਿੱਚ ਕੰਪਨੀ ਅਜਿਹੀ ਪਹਿਲੀ ਆਪਰੇਟਰ ਬਣੀ ਜਿਹੜੀ ਬ੍ਰਿਟਿਸ਼ ਯਾਤਰੀਆਂ ਨੂੰ ਐਸਕਾਰਟ ਟ੍ਰਿਪ ਤੇ ਯੂਰਪੀ ਦੇਸ਼ਾਂ ਵਿੱਚ ਲੈ ਕੇ ਜਾਂਦੀ ਸੀ ।ਇਸ ਤੋਂ ਬਾਅਦ ਥਾਮਸ ਕੁੱਕ ਇੰਡੀਆ ਨੇ ਸ਼ਨੀਵਾਰ ਨੂੰ ਕਿਹਾ ਸੀ ਕਿ ਉਹ ਬ੍ਰਿਟੇਨ ਬੇਸਡ ਥਾਮਸ ਕੁੱਕ ਪੀ.ਐਲ.ਸੀ. ਨਾਲ ਸੰਬੰਧਿਤ ਨਹੀਂ ਹੈ । ਇਸ ਮਾਮਲੇ ਵਿੱਚ ਕੰਪਨੀ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਥਾਮਸ ਕੁੱਕ ਇੰਡੀਆ ਪੂਰੀ ਤਰ੍ਹਾਂ ਨਾਲ ਵੱਖਰੀ ਏਂਟਿਟੀ ਹੈ । ਜਿਸਦੀ ਮਾਲਕੀ ਕੈਨੇਡਾ ਦੀ ਫੇਅਰਫੈਕਸ ਫਾਇਨਾਂਸ਼ਿਅਲ ਹੋਲਡਿੰਗਸ ਕੋਲ ਹੈ
previous post