ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਵਿਸ਼ਵ ਜੇਤੂ ਕਪਤਾਨ ਕਪਿਲ ਦੇਵ ਨੇ ਕ੍ਰਿਕਟ ਐਡਵਾਈਜ਼ਰੀ ਕਮੇਟੀ (ਸੀਏਸੀ) ਦੇ ਮੈਂਬਰ ਵਜੋਂ ਅਸਤੀਫਾ ਦੇ ਦਿੱਤਾ ਹੈ। ਖ਼ਬਰਾਂ ਦੀ ਮੰਨੀਏ ਤਾਂ ਉਨ੍ਹਾਂ ਨੇ ਇਹ ਅਸਤੀਫਾ ਬੀਸੀਸੀਆਈ ਦੇ ਐਥਿਕਸ ਅਫਸਰ ਡੀਕੇ ਜੈਨ ਨਾਲ ਹਿੱਤਾਂ ਦੇ ਟਕਰਾਅ ਦੇ ਸਬੰਧ ‘ਚ ਇੱਕ ਨੋਟਿਸ ਭੇਜੇ ਜਾਣ ਤੋਂ ਬਾਅਦ ਦਿੱਤਾ ਹੈ।
ਕਪਿਲ ਦੇ ਨਾਲ ਕਮੇਟੀ ਦੇ ਦੋ ਹੋਰ ਮੈਂਬਰਾਂ ਅੰਸ਼ੂਮਾਨ ਗਾਇਕਵਾਡ ਤੇ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸਾਬਕਾ ਕਪਤਾਨ ਸ਼ਾਂਤਾ ਰੰਗਾਸਵਾਮੀ ਨੂੰ ਵੀ ਹਿੱਤਾਂ ਦੇ ਟਕਰਾਅ ‘ਚ ਇਹ ਨੋਟਿਸ ਭੇਜਿਆ ਗਿਆ ਸੀ। ਇਨ੍ਹਾਂ ਤਿੰਨਾਂ ਤੋਂ 10 ਅਕਤੂਬਰ ਤਕ ਜਵਾਬ ਮੰਗਿਆ ਗਿਆ ਸੀ। ਇਸ ‘ਚ ਸ਼ਾਂਤਾ ਨੇ ਪਹਿਲਾਂ ਹੀ ਅਸਤੀਫਾ ਦੇ ਦਿੱਤਾ ਸੀ।
ਦੱਸ ਦਈਏ ਕਿ ਮੱਧ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ (ਐਮਪੀਸੀਏ) ਦੇ ਲਾਈਫ ਮੈਂਬਰ ਸੰਜੀਵ ਗੁਪਤਾ ਨੇ ਸੀਏਸੀ ਦੇ ਤਿੰਨਾਂ ਮੈਂਬਰਾਂ ਖਿਲਾਫ ਸ਼ਿਕਾਇਤ ਕੀਤੀ ਸੀ। ਸੰਜੀਵ ਦੀ ਸ਼ਿਕਾਇਤ ਮੁਤਾਬਕ ਕਪਿਲ ਦੇਵ ਇੱਕ ਫਲੱਡ ਲਾਈਟ ਕੰਪਨੀ ਦੇ ਮਾਲਕ, ਇੰਡੀਅਨ ਕ੍ਰਿਕਟ ਐਸੋਸੀਏਸ਼ਨ ਦੇ ਮੈਂਬਰ ਤੇ ਸੀਏਸੀ ਦੇ ਮੈਂਬਰ ਹਨ।
ਉਧਰ ਅੰਸ਼ੂਮਾਨ ਗਾਇਕਵਾੜ ਆਈਸੀਏ ਦੇ ਮੈਂਬਰ ਹਨ ਤੇ ਇੱਕ ਅਕਾਦਮੀ ਦੇ ਮਾਲਕ ਹਨ। ਸ਼ਾਂਤਾ ਰੰਗਾਸਵਾਮੀ ਆਈਸੀਏ ਤੇ ਸੀਏਸੀ ਦੋਵਾਂ ਦੀ ਮੈਂਬਰ ਹੈ। ਜਦਕਿ ਬੀਸੀਸੀਆਈ ਦੇ ਨਿਯਮਾਂ ਮੁਤਾਬਕ ਕੋਈ ਵਿਅਕਤੀ ਇੱਕ ਤੋਂ ਜ਼ਿਆਦਾ ਅਹੁਦੇ ਨਹੀਂ ਰੱਖ ਸਕਦਾ।