ਰੂਸ: ਐਤਵਾਰ ਨੂੰ ਭਾਰਤ ਦੀ ਮੰਜੂ ਰਾਣੀ ਨੂੰ ਵਿਸ਼ਵ ਮਹਿਲਾ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ । ਇਸ ਮੁਕਾਬਲੇ ਵਿੱਚ ਰੂਸ ਦੀ ਏਕਾਤੇਰਿਨਾ ਪਾਲਟਸੇਵਾ ਨੇ ਪਹਿਲੀ ਵਾਰ ਵਿਸ਼ਵ ਚੈਂਪੀਅਨਸ਼ਿਪ ਵਿੱਚ ਹਿੱਸਾ ਲੈ ਰਹੀ ਛੇਵੀਂ ਦਰਜਾ ਪ੍ਰਾਪਤ ਮੰਜੂ ਨੂੰ 48 ਕਿੱਲੋ ਵਰਗ ਦੇ ਫਾਈਨਲ ਵਿੱਚ 4-1 ਨਾਲ ਹਰਾ ਦਿੱਤਾ । ਜਿਸ ਕਾਰਨ ਮੰਜੂ ਨੂੰ ਚਾਂਦੀ ਦੇ ਤਮਗੇ ਨਾਲ ਹੀ ਸਬਰ ਕਰਨਾ ਪਿਆ ।ਇਸ ਮੁਕਾਬਲੇ ਵਿੱਚ ਪੰਜ ਜੱਜਾਂ ਨੇ ਮੇਜ਼ਬਾਨ ਰੂਸ ਦੀ ਖਿਡਾਰੀ ਦੇ ਹੱਕ ਵਿੱਚ 29-28, 29-28, 30-27, 30-27, 28-29 ਨਾਲ ਆਪਣਾ ਫੈਸਲਾ ਸੁਣਾਇਆ । ਦਰਅਸਲ, 18 ਸਾਲਾਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਕਿਸੇ ਭਾਰਤੀ ਮਹਿਲਾ ਮੁੱਕੇਬਾਜ਼ ਨੇ ਵਿਸ਼ਵ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਚਾਂਦੀ ਦਾ ਤਮਗ਼ਾ ਜਿੱਤਿਆ ਹੈ । ਸਟ੍ਰਾਂਜ਼ਾ ਕੱਪ ਦੀ ਚਾਂਦੀ ਤਮਗ਼ਾ ਜੇਤੂ ਮੰਜੂ ਤੋਂ ਪਹਿਲਾਂ ਐਮ ਸੀ ਮੈਰੀ ਕਾਮ ਸਾਲ 2001 ਵਿੱਚ ਆਪਣੇ ਡੈਬਿਊ ਵਰਲਡ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਪਹੁੰਚੀ ਸੀ ।
ਮੰਜੂ ਦੇ ਇਸ ਮੁਕਾਬਲੇ ਨਾਲ ਵਿਸ਼ਵ ਚੈਂਪੀਅਨਸ਼ਿਪ ਵਿੱਚ ਭਾਰਤੀ ਮੁਹਿੰਮ ਸਮਾਪਤ ਹੋ ਗਈ ਹੈ । ਜਿਸ ਵਿੱਚ ਭਾਰਤ ਨੇ ਇੱਕ ਚਾਂਦੀ ਅਤੇ ਤਿੰਨ ਕਾਂਸੀ ਦੇ ਤਮਗ਼ੇ ਜਿੱਤੇ ਹਨ । ਵਾਰ ਦੀ ਵਿਸ਼ਵ ਚੈਂਪੀਅਨ ਐਮ ਸੀ ਮੈਰੀਕਾਮ, ਜਮੁਨਾ ਬੋਰੋ ਅਤੇ ਲਵਲੀਨਾ ਬੋਗੋਰਹਨ ਨੇ ਕਾਂਸੀ ਦਾ ਤਮਗਾ ਜਿੱਤਿਆ ਹੈ । ਸ਼ਨੀਵਾਰ ਨੂੰ ਭਾਰਤ ਦੀ ਚੈਂਪੀਅਨ ਮਹਿਲਾ ਮੁੱਕੇਬਾਜ਼ ਐੱਮਸੀ ਮੈਰੀਕੌਮ ਨੂੰ ਵਿਸ਼ਵ ਮਹਿਲਾ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ 51 ਕਿਲੋਗ੍ਰਾਮ ਭਾਰ-ਵਰਗ ਦੇ ਸੈਮੀਫ਼ਾਈਨਲ ਵਿੱਚ ਤੁਰਕੀ ਦੀ ਬੁਸੇਨਾਂਜ ਕਾਰਿਕੋਗਲੂ ਵਿਰੁੱਧ ਹਾਰ ਦਾ ਸਾਹਮਣਾ ਕਰਨਾ ਪਿਆ ਸੀ ।