-ਬੇਰੁਜ਼ਗਾਰ ਹੁੰਦੇ ਜਾ ਰਹੇ ਲੋਕ ਭੁਗਤ ਸਕਦੇ ਹਨ ਪੰਜਾਬੀਆਂ ਦੀ ਸੋਚ ਦੇ ਖ਼ਿਲਾਫ਼
-ਕੈਨੇਡਾ ਦੇ ਜੰਮਪਲ ਵਿਦਿਆਰਥੀਆਂ ਨੂੰ ਯੂਨੀਵਰਸਿਟੀਆਂ ‘ਚ ਦਾਖ਼ਲਿਆਂ ਦੀ ਸਮੱਸਿਆ ਵੀ ਹੈ ਇੱਕ ਕਾਰਨ
ਵੈਨਕੂਵਰ :-(ਸੁਖਮੰਦਰ ਬਰਾੜ-ਭਗਤਾ ਭਾਈ ਕਾ) 21 ਅਕਤੂਬਰ ਨੂੰ ਹੋਣ ਜਾ ਰਹੀਆਂ ਕੈਨੇਡਾ ਦੀਆਂ ਫ਼ੈਡਰਲ ਚੋਣਾਂ ‘ਚ ਇਸ ਵਾਰ ਕਈ ਤਰਾਂ ਦੇ ਉਤਰਾਅ ਚੜ੍ਹਾਅ ਵੇਖਣ ਨੂੰ ਮਿਲ ਰਹੇ ਹਨ ਜਿੰਨ੍ਹਾਂ ਵਿੱਚ ਇੱਕ ਮਸਲਾ ਭਾਰਤੀ ਪੰਜਾਬ ਨਾਲ ਪੂਰੀ ਤਰਾਂ ਜੁੜਿਆ ਹੋਇਆ ਹੈ। ਕੈਨੇਡਾ ਵਿੱਚ ਜਸਟਿਨ ਟਰੂਡੋ ਵਾਲੀ ਲਿਬਰਲ ਪਾਰਟੀ ਵੱਲੋਂ ਆਪਣੇ ਕਾਰਜ-ਕਾਲ ਦੌਰਾਨ ਜਿਵੇਂ ਖੁੱਲ੍ਹ ਦਿਲੀ ਨਾਲ ਥੋਕ ਵਿੱਚ ਯਾਤਰੀ ਵੀਜ਼ੇ, ਸੁਪਰ ਵੀਜ਼ੇ ਅਤੇ ਪੜਾਈ ਵੀਜ਼ੇ ਦਿੱਤੇ ਗਏ ਹਨ ਉਨ੍ਹਾਂ ਨੂੰ ਦੇਖਦਿਆਂ ਭਾਰਤੀ ਲੋਕ ਖ਼ਾਸ ਕਰਕੇ ਪੰਜਾਬ ਦੇ ਬਾਸ਼ਿੰਦੇ ਇੰਨ੍ਹਾਂ ਚੋਣਾਂ ਵਿੱਚ ਟਰੂਡੋ ਨੂੰ ਮੁੜ ਪ੍ਰਧਾਨ ਮੰਤਰੀ ਵੇਖਣਾ ਚਾਹੁੰਦੇ ਹਨ। ਉਨ੍ਹਾਂ ਲੋਕਾਂ ਦੀ ਸੋਚ ਹੈ ਕਿ ਜੇ ਕਰ ਲਿਬਰਲ ਪਾਰਟੀ ਦੀ ਸਰਕਾਰ ਮੁੜ ਸੱਤਾ ਵਿੱਚ ਆ ਜਾਂਦੀ ਹੈ ਤਾਂ ਕੈਨੇਡਾ ਤੋਂ ਬਾਹਰਲੇ ਲੋਕਾਂ ਨੂੰ ਫਿਰ ਮੌਜਾਂ ਲੱਗ ਜਾਣਗੀਆਂ। ਉਹ ਲੋਕ ਸੋਚਦੇ ਹਨ ਕਿ ਟਰੂਡੋ ਸਰਕਾਰ ਦੇ ਆਉਣ ਨਾਲ ਉਨ੍ਹਾਂ ਦੇ ਬੱਚੇ ਕੈਨੇਡਾ ਵਿੱਚ ਪੜ੍ਹਾਈ ਲਈ ਜਾ ਕੇ ਸੈੱਟ ਹੋ ਜਾਣਗੇ। ਨਾਲ ਹੀ ਇਹ ਵੀ ਸੋਚਦੇ ਹਨ ਕਿ ਯਾਤਰੀ ਵੀਜਿ਼ਆਂ ਦੀ ਮੁੜ ਖੁੱਲ੍ਹ ਹੋਵੇਗੀ ਅਤੇ ਅਸੀਂ ਯਾਤਰਾ ਦੇ ਬਹਾਨੇ 4 ਸਾਲ ਮੁੜ ਤੋਂ ਡਾਲਰ ਕਮਾਉਣ ਲਈ ਜਾਂਦੇ ਆਉਂਦੇ ਰਹਾਂਗੇ ਜਿਸ ਕਰਕੇ ਪੰਜਾਬ ਵਾਸੀ ਟਰੂਡੋ ਸਰਕਾਰ ਦੇ ਬਣਨ ਜਾਣ ਦੀਆਂ ਸੁੱਖਾਂ ਵੀ ਸੁੱਖੀ ਬੈਠੇ ਹਨ।
ਦੂਜੇ ਪਾਸੇ ਕੈਨੇਡਾ ਦੇ ਪੱਕੇ ਇੰਮੀਗਰਾਂਟ ਇਸ ਥਿਊਰੀ ਦੇ ਬਿੱਲਕੁਲ ਉੱਲਟ ਹਨ। ਕੈਨੇਡਾ ਵਾਸੀ ਲਿਬਰਲ ਪਾਰਟੀ ਦੀ ਸਰਕਾਰ ਬਦਲਣ ‘ਚ ਦਿਲਚਸਪੀ ਦਿਖਾ ਰਹੇ ਹਨ। ਇਹ ਲੋਕ ਸੋਚ ਰਹੇ ਹਨ ਕਿ ਜੇ ਕਰ ਟਰੂਡੋ ਫਿਰ ਪ੍ਰਧਾਨ ਮੰਤਰੀ ਬਣ ਜਾਂਦਾ ਹੈ ਤਾਂ ਪੱਕੇ ਕੈਨੇਡੀਅਨ ਲੋਕਾਂ ਦਾ ਆਮਦਨੀ ਸਾਧਨ ਹੋਰ ਵੀ ਨੀਵੇਂ ਪੱਧਰ ‘ਤੇ ਚਲਾ ਜਾਵੇਗਾ ਕਿਉਂਕਿ ਇਹ ਸੋਚ ਰਹੇ ਹਨ ਕਿ ਟਰੂਡੋ ਵੱਲੋਂ ਥੋਕ ਵਿੱਚ ਦਿੱਤੇ ਵੀਜ਼ਿਆਂ ਕਰਕੇ ਫ਼ਾਰਮੀਂ ਕੰਮਾਂ ਦੇ ਸੀਜ਼ਨ ਵਿੱਚ ਯਾਤਰੀ ਵੀਜ਼ੇ ‘ਤੇ ਲੋਕਾਂ ਦੀ ਭਰਮਾਰ ਇੰਨੀ ਵੱਧ ਜਾਂਦੀ ਹੈ ਕਿ ਠੇਕੇਦਾਰ ਅਤੇ ਪੰਜਾਬੀ ਵਪਾਰੀ ਵਰਗ ਪੱਕੇ ਬੰਦਿਆਂ ਦੀ ਬਜਾਏ ਯਾਤਰੀ ਵੀਜ਼ੇ ‘ਤੇ ਆਏ ਲੋਕਾਂ ਨੂੰ ਹੀ ਜ਼ਿਆਦਾ ਕੰਮਾਂ ‘ਤੇ ਲੈ ਕੇ ਜਾਂਦੇ ਹਨ ਕਿਉਂਕਿ ਯਾਤਰੀ ਵੀਜ਼ੇ ‘ਤੇ ਆਏ ਲੋਕ ਅੱਧੇ ਰੇਟ ‘ਤੇ ਕੰਮ ਕਰ ਜਾਂਦੇ ਹਨ ਜਿਸ ਕਰਕੇ ਪੱਕੇ ਕੈਨੇਡੀਅਨ ਲੋਕ ਚਾਹੁੰਦੇ ਹੀ ਨਹੀਂ ਕਿ ਲਿਬਰਲ ਸਰਕਾਰ ਮੁੜ ਸੱਤਾ ਵਿੱਚ ਆਵੇ। ਦੂਜਾ ਪੱਖ ਇਹ ਵੀ ਸਾਹਮਣੇ ਆਇਆ ਹੈ ਕਿ ਕੁਝ ਲੋਕ ਕਹਿ ਰਹੇ ਹਨ ਕਿ ਪੜ੍ਹਾਈ ਕਰਨ ਆਏ ਵਿਦਿਆਰਥੀਆਂ ਬਾਰੇ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ, ਪਰ ਜਦੋਂ ਉਨ੍ਹਾਂ ਦੇ ਮਾਪੇ ਆ ਕੇ ਕੰਮ ਕਰਦੇ ਹਨ ਅਤੇ ਪੱਕੇ ਲੋਕਾਂ ਦਾ ਹੱਕ ਮਾਰਦੇ ਹਨ ਉਸ ਸਮੇਂ ਉਨ੍ਹਾਂ ਨੂੰ ਤਕਲੀਫ਼ ਹੁੰਦੀ ਹੈ।
ਕੁਝ ਕੈਨੇਡੀਅਨ ਲੋਕਾਂ ਦੀ ਪੜ੍ਹਾਈ ਕਰਨ ਆਉਣ ਵਾਲੇ ਵਿਦਿਅਰਥੀਆਂ ‘ਤੇ ਵੀ ਇਸ ਕਰਕੇ ਉਂਗਲ ਉੱਠ ਰਹੀ ਹੈ ਕਿ ਉਨ੍ਹਾਂ ਦਾ ਇਹ ਇਤਰਾਜ਼ ਵੀ ਬਿਲਕੁਲ ਜਾਇਜ਼ ਹੈ ਕਿ ਕੈਨੇਡਾ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ‘ਚ ਕੈਨੇਡਾ ਦੇ ਜੰਮਪਲ ਬੱਚਿਆਂ ਨੂੰ ਦਾਖਲੇ ਘੱਟ ਮਿਲਦੇ ਹਨ ਜੇ ਮਿਲਦੇ ਵੀ ਹਨ ਤਾਂ ਬੜੀ ਮੁਸ਼ਕਲ ਨਾਲ ਮਿਲਦੇ ਹਨ ਜਦੋਂ ਕਿ ਪ੍ਰਵਾਸੀ ਵਿਦਿਅਰਥੀਆਂ ਨੂੰ ਥੋਕ ਦੇ ਵਿੱਚ ਦਾਖਲੇ ਦਿੱਤੇ ਜਾਂਦੇ ਹਨ ਕਿਉਂਕਿ ਕੈਨੇਡਾ ਸਰਕਾਰ ਨੂੰ ਉਨ੍ਹਾਂ ਤੋਂ ਮੋਟੀ ਆਮਦਨ ਹੈ ਅਤੇ ਕੈਨੇਡਾ ਦੇ ਜੰਮਪਲਾਂ ਤੋਂ ਓਨੀ ਆਮਦਨ ਨਹੀਂ ਹੁੰਦੀ, ਜਿਸ ਕਰਕੇ ਕੈਨੇਡਾ ਦਾ ਜੰਮਪਲ ਵਿਦਿਆਰਥੀ ਵਰਗ ਅਤੇ ਉਨ੍ਹਾਂ ਦੇ ਮਾਪੇ ਟਰੂਡੋ ਸਰਕਾਰ ਦੇ ਖ਼ਿਲਾਫ਼ ਭੁਗਤ ਸਕਦੇ ਹਨ।ਇਸ ਕਰਕੇ ਬਹੁਤੇ ਕੈਨੇਡੀਅਨ ਪੰਜਾਬੀ ਲੋਕ ਇਸ ਗੱਲ ਦੇ ਖ਼ਿਲਾਫ਼ ਹਨ ਕਿ ਜੇ ਪੰਜਾਬ ‘ਚ ਬੈਠੇ ਲੋਕ ਟਰੂਡੋ ਨੂੰ ਮੁੜ ਪ੍ਰਧਾਨ ਮੰਤਰੀ ਵੇਖਣਾ ਚਾਹੁੰਦੇ ਹਨ ਤਾਂ ਕੈਨੇਡਾ ਰਹਿੰਦੇ ਪੱਕੇ ਬੰਦੇ ਟਰੂਡੋ ਦੇ ਖ਼ਿਲਾਫ਼ ਵੀ ਹਨ। ਇਸ ਲਈ ਕੈਨੇਡਾ ‘ਚ ਬੇਰੁਜ਼ਗਾਰ ਹੁੰਦੇ ਜਾ ਰਹੇ ਲੋਕ ਇੰਨ੍ਹਾਂ ਫ਼ੈਡਰਲ ਚੋਣਾਂ ‘ਚ ਪੰਜਾਬ ਦੇ ਬਾਸ਼ਿੰਦਿਆਂ ਦੀ ਸੋਚ ਦੇ ਉੱਲਟ ਭੁਗਤ ਸਕਦੇ ਹਨ ਜਿਸ ਦਾ ਸਿੱਧੇ ਦਾ ਸਿੱਧਾ ਅਸਰ ਲਿਬਰਲ ਪਾਰਟੀ ਦੀਆਂ ਵੋਟਾਂ ‘ਤੇ ਪੈਂਦਾ ਨਜ਼ਰ ਆ ਰਿਹਾ ਹੈ ਜਿਸ ਕਾਰਨ ਲਿਬਰਲ ਪਾਰਟੀ ਨੂੰ ਵੱਡਾ ਖੋਰਾ ਲੱਗ ਸਕਦਾ ਹੈ।
next post