Nicholas Pooran Suspended: ਗੇਂਦ ਨਾਲ ਛੇੜਛਾੜ ਯਾਨੀ ਕਿ ਬਾਲ ਟੈਂਪਰਿੰਗ ਅਜਿਹਾ ਸ਼ਬਦ ਹੈ ਜਿਸ ਨੇ ਪਿਛਲੇ ਸਾਲ ਪੂਰੀ ਦੁਨੀਆ ਨੂੰ ਹਿਲਾ ਦਿੱਤਾ ਸੀ । ਹੁਣ ਇਸ ਮਾਮਲੇ ਵਿੱਚ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਵੈਸਟਇੰਡੀਜ਼ ਦੇ ਖਿਡਾਰੀ ਨਿਕੋਲਸ ਪੂਰਨ ਵੱਲੋਂ ਗੇਂਦ ਨਾਲ ਛੇੜਛਾੜ ਕੀਤੀ ਜਾ ਰਹੀ ਹੈ । ।
ਦਰਅਸਲ, ਵੈਸਟਇੰਡੀਜ਼ ਦੇ ਬੱਲੇਬਾਜ਼ ਨਿਕੋਲਸ ਪੂਰਨ ਦਾ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਫੈਲ ਰਿਹਾ ਹੈ, ਜਿਸ ਨੂੰ ਲੋਕਾਂ ਵੱਲੋਂ ਸ਼ੱਕ ਦੀ ਨਿਗਾਹ ਨਾਲ ਦੇਖਿਆ ਜਾ ਰਿਹਾ ਹੈ । ਇਸ ਵੀਡੀਓ ਵਿੱਚ ਨਿਕੋਲਸ ਪੂਰਨ ਗੇਂਦ ਨੂੰ ਆਪਣੇ ਲੋਅਰ ‘ਤੇ ਰਗੜਨ ਦੇ ਨਾਲ-ਨਾਲ ਉਸ ਨੂੰ ਨਹੂੰ ਨਾਲ ਸਕ੍ਰੈਚ ਕਰਦੇ ਹੋਏ ਵੀ ਦਿਖਾਈ ਦੇ ਰਹੇ ਹਨ ।
ਦੱਸ ਦੇਈਏ ਕਿ ਇਹ ਘਟਨਾ ਲਖਨਊ ਦੇ ਇਕਾਨਾ ਸਟੇਡੀਅਮ ਦੀ ਹੈ, ਜਿੱਥੇ ਅਫਗਾਨਿਸਤਾਨ ਅਤੇ ਵੈਸਟਇੰਡੀਜ਼ ਦੇ ਵਿਚਾਲੇ ਤੀਜਾ ਵਨਡੇ ਮੈਚ ਖੇਡਿਆ ਜਾ ਰਿਹਾ ਸੀ । ਇਸ ਮਾਮਲੇ ਵਿੱਚ ਨਿਕੋਲਸ ਪੂਰਨ ਵੱਲੋਂ ਗੇਂਦ ਨਾਲ ਛੇੜਛਾੜ ਕਰਨ ਦੀ ਪੁਸ਼ਟੀ ਕਰ ਦਿੜ ਗਈ ਹੈ । ਜਿਸ ਤੋਂ ਬਾਅਦ ਉਨ੍ਹਾਂ ਨੂੰ ICC ਵੱਲੋਂ 4 ਮੈਚਾਂ ਲਈ ਬੈਨ ਕਰ ਦਿੱਤਾ ਗਿਆ ਹੈ ।
ਨਿਕੋਲਸ ਦੇ ਦੋਸ਼ੀ ਪਾਏ ਜਾਣ ‘ਤੇ ਵੈਸਟਇੰਡੀਜ਼ ਦੀ ਟੀਮ ਨੂੰ ਇੱਕ ਵੱਡਾ ਝਟਕਾ ਲੱਗਿਆ ਹੈ । ਜ਼ਿਕਰਯੋਗ ਹੈ ਕਿ ਨਿਕੋਲਸ ਵਿੰਡੀਜ਼ ਟੀਮ ਦੇ ਹੁਨਰਮੰਦ ਬੱਲੇਬਾਜ਼ਾਂ ਵਿਚੋਂ ਇਕ ਹਨ । ਦੱਸ ਦੇਈਏ ਕਿ ਪਿਛਲੇ ਸਾਲ ਗੇਂਦ ਨਾਲ ਛੇੜਛਾੜ ਦੇ ਮਾਮਲੇ ਵਿੱਚ ਆਸਟ੍ਰੇਲੀਆ ਦੇ ਦੋ ਸਭ ਤੋਂ ਵੱਡੇ ਖਿਡਾਰੀ ਸਟੀਵ ਸਮਿਥ ਅਤੇ ਡੇਵਿਡ ਵਾਰਨਰ ਨੂੰ ਇਕ ਸਾਲ ਦਾ ਬੈਨ ਝੱਲਣਾ ਪਿਆ ਸੀ, ਜਦਕਿ ਆਸਟਰੇਲੀਆ ਦੇ ਇਕ ਹੋਰ ਨੌਜਵਾਨ ਖਿਡਾਰੀ ਕੈਮਰੂਨ ਬੇਨਕ੍ਰਾਫਟ ਨੂੰ ਵੀ ਇਸ ਮਾਮਲੇ ਵਿੱਚ 6 ਮਹੀਨੇ ਦੇ ਬੈਨ ਦੀ ਸਜ਼ਾ ਹੋਈ ਸੀ ।