Ajmal Kasab Sikh Raw Spy: ਇਸਲਾਮਾਬਾਦ: ਸਾਲ 2008 ਵਿੱਚ ਮੁੰਬਈ ‘ਤੇ ਹਮਲਾ ਕਰਨ ਵਾਲੇ ਅੱਤਵਾਦੀਆਂ ਵਲੋਂ ਆਮਿਰ ਅਜਮਲ ਕਸਾਬ ਬਾਰੇ ਪਾਕਿਸਤਾਨੀ ਸੋਸ਼ਲ ਮੀਡੀਆ ‘ਤੇ ਇਨੀਂ ਦਿਨੀਂ ਇੱਕ ਝੂਠੀ ਅਫ਼ਵਾਹ ਫੈਲਾਈ ਜਾ ਰਹੀ ਹੈ । ਜਿਸ ਵਿੱਚ ਅੱਤਵਾਦੀ ਕਸਾਬ ਨੂੰ ਸਿੱਖ ਭਾਈਚਾਰੇ ਤੇ ਭਾਰਤੀ ਖੂਫੀਆ ਏਜੰਸੀ ਰਾਅ ਦਾ ਜਾਸੂਸ ਦੱਸਿਆ ਗਿਆ ਹੈ, ਜਦਕਿ ਕਸਾਬ ਪਾਕਿਸਤਾਨ ਦਾ ਰਹਿਣ ਵਾਲਾ ਸੀ । ਪਾਕਿਸਤਾਨ ਵੱਲੋਂ ਕਸਾਬ ਬਾਰੇ ਇਹ ਗਲਤ ਅਫਵਾਹ ਫੈਲਾ ਕੇ ਪਾਕਿਸਤਾਨ ਵਿੱਚ ਰਹਿੰਦੇ ਸਿੱਖਾਂ ਬਾਰੇ ਗਲਤ ਦਿੱਖ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ।
ਦਰਅਸਲ ,ਪਾਕਿਸਤਾਨ ਵਿੱਚ ਇਕ ਪੁਰਾਣੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿਚ ਜੈਦ ਹਾਮਿਦ ਨਾਂ ਦੇ ਇਕ ਕੱਟੜਪੰਥੀ ਨੂੰ ਇਹ ਦਾਅਵਾ ਕਰਦੇ ਹੋਏ ਦਿਖਾਇਆ ਗਿਆ ਹੈ ਕਿ ਕਸਾਬ ਸਿੱਖ ਭਾਈਚਾਰੇ ਦਾ ਲੜਕਾ ਸੀ ਤੇ ਉਸ ਦਾ ਨਾਂ ਅਮਰ ਸਿੰਘ ਸੀ, ਜੋ ਕਿ ਰਾਅ ਵਲੋਂ ਕਥਿਤ ਤੌਰ ਤੇ ਜਾਸੂਸੀ ਕਰ ਰਿਹਾ ਸੀ । ਇਸ ਵੀਡੀਓ ਤੋਂ ਅਜਿਹਾ ਲੱਗ ਰਿਹਾ ਹੈ ਕਿ ਜੈਦ ਵੱਲੋਂ ਸਿੱਖ ਭਾਈਚਾਰੇ ਨੂੰ ਜਾਣਬੁੱਝ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ ।
ਹਾਮਿਦ ਵੱਲੋਂ ਇਸ ਵੀਡੀਓ ਵਿਚ ਦਾਅਵਾ ਕੀਤਾ ਗਿਆ ਹੈ ਕਿ ਭਾਰਤੀ ਖੂਫੀਆ ਏਜੰਸੀ ਵੱਲੋਂ ਕਸਾਬ ਨੂੰ ਆਪਣੇ ਏਜੰਟ ਦੇ ਤੌਰ ‘ਤੇ ਪਹਿਚਾਣ ਲਿਆ ਗਿਆ ਸੀ ਤੇ ਉਸ ਨੂੰ ਗ੍ਰਿਫਤਾਰ ਕਰਨ ਦੀ ਯੋਜਨਾ ਵੀ ਬਣਾ ਲਈ ਗਈ ਸੀ । ਜ਼ਿਕਰਯੋਗ ਹੈ ਕਿ 26 ਨਵੰਬਰ ਨੂੰ ਸਮੁੰਦਰੀ ਰਸਤੇ ਤੋਂ ਹੋ ਕੇ ਲਸ਼ਕਰ-ਏ-ਤੋਇਬਾ ਦੇ 10 ਅੱਤਵਾਦੀਆਂ ਵਲੋਂ ਕੀਤੇ ਗਏ ਮੁੰਬਈ ਹਮਲੇ ਵਿੱਚ 166 ਲੋਕਾਂ ਦੀ ਮੌਤ ਹੋ ਗਈ ਸੀ ਤੇ 300 ਤੋਂ ਵਧੇਰੇ ਲੋਕ ਇਸ ਦੌਰਾਨ ਜ਼ਖਮੀ ਹੋਏ ਸਨ ।
ਹਾਮਿਦ ਨੇ ਆਪਣੇ ਵੀਡੀਓ ਵਿੱਚ ਕਸਾਬ ਦੇ ਨਾਲ ਅੱਤਵਾਦੀ ਇਸਮਾਈਲ ਖਾਨ ਦਾ ਨਾਂ ਹੀਰਾ ਲਾਲ ਦੱਸਦੇ ਹੋਏ ਉਸ ਨੂੰ ਵੀ ਰਾਅ ਦਾ ਏਜੰਟ ਦੱਸਿਆ ਸੀ । ਜਦਕਿ ਪੂਰੀ ਦੁਨੀਆ ਨੂੰ ਪਤਾ ਹੈ ਕਿ ਕਸਾਬ ਨੇ ਸਾਥੀ ਇਸਮਾਈਲ ਖਾਨ ਦੇ ਨਾਲ ਮੁੰਬਈ ਵਿਚ ਅੰਨ੍ਹੇਵਾਹ ਗੋਲੀਬਾਰੀ ਕਰਕੇ 58 ਲੋਕਾਂ ਦਾ ਕਤਲ ਕਰ ਦਿੱਤਾ ਸੀ । ਪਾਕਿਸਤਾਨ ਅੱਤਵਾਦੀਆਂ ਅਤੇ ਵੱਖਵਾਦੀਆਂ ਨੂੰ ਪਨਾਹ ਦੇਣ ਲਈ ਬਦਨਾਮ ਹੋ ਚੁੱਕਿਆ ਹੈ । ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਆਪਣੇ ਦੇਸ਼ ਵਿੱਚ ਭਾਈਚਾਰਿਆਂ ਦੀ ਰੱਖਿਆ ਕਰਨ ਦੀ ਸਹੁੰ ਖਾਣ ਦੇ ਬਾਵਜੂਦ ਅਤੀਤ ਵਿਚ ਸਿੱਖਾਂ ਸਮੇਤ ਘੱਟ ਗਿਣਤੀਆਂ ‘ਤੇ ਜ਼ੁਲਮ ਦੀਆਂ ਕਈ ਵਾਰਦਾਤਾਂ ਹੋਈਆਂ ਹਨ ।