Telangana government forms SIT: ਤੇਲੰਗਾਨਾ ਸਰਕਾਰ ਵੱਲੋਂ ਹੈਦਰਾਬਾਦ ਐਨਕਾਊਂਟਰ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ (SIT) ਗਠਿਤ ਕਰ ਦਿੱਤੀ ਗਈ ਹੈ । ਇਸ ਟੀਮ ਦੀ ਅਗਵਾਈ ਰਾਚਕੋਂਡਾ ਦੇ ਪੁਲਿਸ ਕਮਿਸ਼ਨਰ ਮਹੇਸ਼ ਐਮ. ਭਾਗਵਤ ਵੱਲੋਂ ਕੀਤੀ ਜਾਵੇਗੀ । ਜ਼ਿਕਰਯੋਗ ਹੈ ਕਿ ਮਹਿਲਾ ਡਾਕਟਰ ਨਾਲ ਸਮੂਹਿਕ ਬਲਾਤਕਾਰ ਅਤੇ ਹੱਤਿਆ ਦੇ ਦੋਸ਼ ਵਿੱਚ ਪੁਲਿਸ ਨੇ 4 ਮੁਲਜ਼ਮਾਂ ਨੂੰ ਐਨਕਾਊਂਟਰ ਵਿੱਚ ਮਾਰ ਦਿੱਤਾ ਸੀ । ਜਿਸ ਤੋਂ ਬਾਅਦ ਐਨਕਾਊਂਟਰ ‘ਤੇ ਸਵਾਲ ਕੀਤੇ ਉੱਠਣ ਲੱਗ ਗਏ ਸਨ ।
ਦੱਸ ਦੇਈਏ ਕਿ ਹੈਦਰਾਬਾਦ ਦੀ ਲੇਡੀ ਵੈਟਰਨਰੀ ਡਾਕਟਰ ਦੇ ਚਾਰ ਬਲਾਤਕਾਰੀਆਂ ਤੇ ਕਾਤਲਾਂ ਨੂੰ ਬੀਤੀ 6 ਦਸੰਬਰ ਨੂੰ ਮੁਹੰਮਦ ਆਰਿਫ਼, ਨਵੀਨ, ਸ਼ਿਵਾ ਤੇ ਚੇਨਾਕੇਸ਼ਾਵੁਲੂ ਸ਼ਾਦਨਗਰ ਜ਼ਿਲ੍ਹੇ ਦੇ ਚਟਨਪੱਲੀ ਵਿਖੇ ਪੁਲਿਸ ਮੁਕਾਬਲੇ ਦੌਰਾਨ ਮਾਰੇ ਗਏ ਸਨ । ਜਿਸ ਤੋਂ ਬਾਅਦ ਇਨ੍ਹਾਂ ਮੁਲਜ਼ਮਾਂ ਦੇ ਐਨਕਾਊਂਟਰ ਵਿੱਚ ਮਾਰੇ ਜਾਣ ਦੀ ਘਟਨਾ ਦਾ ਦੇਸ਼ ਭਰ ਵਿੱਚ ਸਵਾਗਤ ਕੀਤਾ ਗਿਆ ਤੇ ਕੁਝ ਲੋਕਾਂ ਵੱਲੋਂ ਇਸਦਾ ਵਿਰੋਧ ਕੀਤਾ ਗਿਆ ।
ਉਥੇ ਹੀ ਇਸ ਸਬੰਧੀ ਪ੍ਰੈੱਸ ਕਾਨਫਰੰਸ ਦੌਰਾਨ ਸਾਈਬਰਾਬਾਦ ਪੁਲਿਸ ਕਮਿਸ਼ਨਰ ਵੀਸੀ ਸੱਜਨਾਰ ਨੇ ਦੱਸਿਆ ਸੀ ਕਿ 6 ਦਸੰਬਰ ਦੀ ਸਵੇਰੇ 10 ਪੁਲਿਸ ਮੁਲਾਜ਼ਮਾਂ ਦੀ ਟੀਮ ਚਾਰੇ ਮੁਲਜ਼ਮਾਂ ਨੂੰ ਉਸੇ ਫਲਾਈਓਵਰ ਦੇ ਥੱਲੇ ਲੈ ਗਈ ਸੀ, ਜਿੱਥੇ ਉਨ੍ਹਾਂ ਨੇ ਪੀੜਤਾ ਨੂੰ ਅੱਗ ਦੇ ਹਵਾਲੇ ਕੀਤਾ ਸੀ । ਉਨ੍ਹਾਂ ਦੱਸਿਆ ਕਿ ਉਸ ਸਮੇਂ ਉੱਥੇ ਕ੍ਰਾਈਮ ਸੀਨ ਨੂੰ ਰੀਕ੍ਰੀਏਟ ਕੀਤਾ ਜਾ ਰਿਹਾ ਸੀ । ਉਨ੍ਹਾਂ ਦੱਸਿਆ ਕਿ ਇਸ ਦੌਰਾਨ ਮੁਹੰਮਦ ਆਰਿਫ਼ ਅਤੇ ਚੇਨਾਕੇਸ਼ਾਵੁਲੂ ਵੱਲੋਂ ਦੋ ਪੁਲਿਸ ਮੁਲਾਜ਼ਮਾਂ ਦੀਆਂ ਬੰਦੂਕਾਂ ਖੋਹ ਲਈਆਂ ਅਤੇ ਉਨ੍ਹਾਂ ‘ਤੇ ਗੋਲੀਆਂ ਚਲਾ ਦਿੱਤੀਆਂ । ਜਿਸ ਤੋਂ ਬਾਅਦ ਪੁਲਿਸ ਵੱਲੋਂ ਜਵਾਬੀ ਕਾਰਵਾਈ ਵਿੱਚ ਚਾਰੇ ਮੁਲਜ਼ਮ ਮਾਰੇ ਗਏ ਸਨ ।