Rakhi sawant statement case: ਰਾਖੀ ਸਾਵੰਤ ਜਿਸ ਨੂੰ ਬਾਲੀਵੁੱਡ ਵਿੱਚ ਵਿਵਾਦਾਂ ਦੀ ਰਾਣੀ ਵੀ ਕਿਹਾ ਜਾਂਦਾ ਹੈ ਕਿਉਂਕਿ ਰਾਖੀ ਸਾਵੰਤ ਉਹ ਅਦਾਕਾਰਾ ਹੈ ਜਿਹੜੀ ਹਰ ਮੁੱਦੇ ਤੇ ਕੁਝ ਨਾ ਕੁਝ ਬਿਆਨ ਦਿੰਦੀ ਹੈ, ਤੇ ਉਸ ਦੇ ਇਹ ਬਿਆਨ ਸੁਰਖੀਆਂ ਬਣਦੇ ਹਨ। ਸਭ ਜਾਣਦੇ ਹਨ ਕਿ ਰਾਖੀ ਸਾਵੰਤ ਨੂੰ ਸੁਰਖੀਆਂ ਵਿੱਚ ਰਹਿਣ ਦੀ ਆਦਤ ਹੈ । ਹੈਦਰਾਬਾਦ ਰੇਪ ਕਾਂਡ ’ਤੇ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਸ਼ੇਅਰ ਕਰਕੇ ਸਮੂਹ ਟਰੱਕ ਚਾਲਕਾਂ ਬਾਰੇ ਵਿਚ ਗਲਤ ਸ਼ਬਦਾਵਲੀ ਦਾ ਇਸਤੇਮਾਲ ਕਰਨ ਦੇ ਦੋਸ਼ਾਂ ਵਿਚ ਅਦਾਕਾਰਾ ਰਾਖੀ ਸਾਵੰਤ ਖਿਲਾਫ ਟਰੱਕ ਆਪ੍ਰੇਟਰਾਂ ਨੇ ਬਠਿੰਡਾ ਦੀ ਅਦਾਲਤ ਵਿਚ ਇਕ ਮਾਮਲਾ ਦਰਜ ਕੀਤਾ ਹੈ।
ਟਰੱਕ ਆਪ੍ਰੇਟਰ ਅਮਨਦੀਪ ਸਿੰਘ ਨਿਵਾਸੀ ਬਠਿੰਡਾ ਨੇ ਦੱਸਿਆ ਕਿ ਅਦਾਕਾਰਾ ਰਾਖੀ ਸਾਵੰਤ ਨੇ ਵੀਡੀਓ ਸ਼ੇਅਰ ਕਰਕੇ ਸਾਰੇ ਟਰੱਕ ਚਾਲਕਾਂ ਖਿਲਾਫ ਗਲਤ ਸ਼ਬਦਾਵਲੀ ਦਾ ਇਸਤੇਮਾਲ ਕੀਤਾ।ਤੁਹਾਨੂੰ ਦੱਸ ਦਈਏ ਕਿ ਉਨ੍ਹਾਂ ਵੀਡੀਓ ਨੂੰ ਪੋਸਟ ਕਰਦਾ ਹੋਏ ਲਿਖਿਆ ਸੀ ਕਿ ਦੋਸਤੋਂ ਅੱਜ ਮੈਂ ਬਹੁਤ ਦੁਖੀ ਹਾਂ..’ ਵੀਡੀਓ ‘ਚ ਰਾਖੀ ਇਹ ਕਹਿੰਦੀ ਹੋਈ ਨਜ਼ਰ ਆ ਰਹੀ ਹੈ ਕਿ ਲੜਕੀ ਦੀ ਮਦਦ ਮੰਗਣ ਦੇ ਬਦਲੇ ‘ਚ ਉਸ ਨਾਲ ਬਲਾਤਕਾਰ ਤੇ ਫਿਰ ਉਸ ਨੂੰ ਮਾਰ ਦਿੱਤਾ ਗਿਆ.. ਮੈਂ ਦੇਸ਼ ਦੀਆਂ ਲੜਕੀਆਂ ਨੂੰ ਕਹਿਣਾ ਚਾਹੁੰਦੀ ਹਾਂ ਕਿ ਅਜਿਹੇ ਦਰਿੰਦੇ ਭਰੋਸੇ ਦੇ ਕਾਬਿਲ ਨਹੀਂ ਹੁੰਦੇ।ਜਿਸ ਕਾਰਨ ਟਰੱਕ ਚਾਲਕਾਂ ਅਤੇ ਆਪ੍ਰੇਟਰਾਂ ਵਿਚਕਾਰ ਕਾਫੀ ਗੁੱਸਾ ਹੈ।
ਉਨ੍ਹਾਂ ਨੇ ਦੱਸਿਆ ਕਿ ਅਦਾਕਾਰਾ ਖਿਲਾਫ ਬਠਿੰਡੇ ਦੇ ਮਾਣਯੋਗ ਸੀ.ਜੇ.ਐੱਮ. ਦੀ ਅਦਾਲਤ ਵਿਚ ਵੱਖ-ਵੱਖ ਧਾਰਾਵਾਂ ਦੇ ਤਹਿਤ ਕੇਸ ਦਰਜ ਕਰਵਾਇਆ ਗਿਆ ਹੈ, ਜਿਸ ’ਤੇ ਅੱਜ ਸੁਣਵਾਈ ਹੋਣ ਦਾ ਅੰਦਾਜ਼ਾ ਹੈ। ਉਨ੍ਹਾਂ ਕਿਹਾ ਕਿ ਰਾਖੀ ਸਾਵੰਤ ਹਰ ਵਾਰ ਜਾਣ-ਬੁੱਝ ਕੇ ਸਸਤੀ ਸ਼ੌਹਰਤ ਹਾਸਲ ਕਰਨ ਲਈ ਕਿਸੇ ਨਾ ਕਿਸੇ ਨੂੰ ਨਿਸ਼ਾਨਾ ਬਣਾਉਂਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਰਾਖੀ ਸਾਵੰਤ ਖਿਲਾਫ ਕਾਰਵਾਈ ਨਹੀਂ ਹੁੰਦੀ ਉਦੋਂ ਤੱਕ ਸੰਘਰਸ਼ ਨੂੰ ਜਾਰੀ ਰੱਖਿਆ ਜਾਵੇਗਾ। ਇਸ ਦੌਰਾਨ ਫਾਇਰ ਬ੍ਰਿਗੇਡ ਚੌਕ ’ਚ ਡਰਾਈਵਰ ਐਸੋਸੀਏਸ਼ਨ ਦੀ ਅਗਵਾਈ ’ਚ ਟਰੱਕ ਚਾਲਕਾਂ ਨੇ ਅਦਾਕਾਰਾ ਰਾਖੀ ਸਾਵੰਤ ਦਾ ਪੁਤਲਾ ਸਾਡ਼ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਟਰੱਕ ਚਾਲਕਾਂ ਨੇ ਡਿਪਟੀ ਕਮਿਸ਼ਨਰ ਨੂੰ ਇਕ ਮੰਗ-ਪੱਤਰ ਵੀ ਸੌਂਪਿਆ ਜਿਸ ਦੀ ਰਿਪੋਰਟ ਆਉਣ ‘ਤੇ ਮਾਮਲੇ ਦੀ ਕਾਰਵਾਈ ਕੀਤੀ ਜਾਵੇਗੀ।